ਅਨਾਹੀਮ :ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਕਲੇਰੇਂਸ ਕਮਿੰਗਸ ਦੇ ਨਾਕਾਮ ਰਹਿਣ ਨਾਲ ਅਮਰੀਕੀ ਉਮੀਦਾਂ ਨੂੰ ਝਟਕਾ ਲੱਗਾ। ਨੌਜਵਾਨ ਤੇ ਜੂਨੀਅਰ ਪੱਧਰ 'ਤੇ ਚਾਰ ਵਾਰ ਦੇ ਵਿਸ਼ਵ ਜੇਤੂ 17 ਸਾਲਾ ਕਮਿੰਗਸ, ਕਲੀਨ ਐਂਡ ਜਰਕ ਮੁਕਾਬਲੇ ਦੇ 69 ਕਿਲੋਗ੍ਰਾਮ ਵਰਗ ਵਿਚ ਤਿੰਨ ਕੋਸ਼ਿਸ਼ਾਂ 'ਚ ਨਾਕਾਮ ਰਹੇ। ਮੁਕਾਬਲੇ ਦਾ ਗੋਲਡ ਦੱਖਣੀ ਕੋਰੀਆ ਦੇ ਵਾਨ ਜੇਓਂਗ ਸਿਕ ਨੇ ਜਿੱਤਿਆ, ਉਨ੍ਹਾਂ ਨੇ ਕੁੱਲ 326 ਕਿਲੋਗ੍ਰਾਮ ਭਾਰ ਚੁੱਕਿਆ। ਥਾਈਲੈਂਡ ਦੇ ਤੈਰਾਤ ਬੁੰਸੁਕ (321 ਕਿਲੋਗ੍ਰਾਮ) ਦੂਜੇ ਤੇ ਫਰਾਂਸ ਦੇ ਬਰਨਾਰਡਿਨ ਮੇਟਮ (318 ਕਿਲੋਗ੍ਰਾਮ) ਤੀਜੇ ਨੰਬਰ 'ਤੇ ਰਹੇ। ਰੈਂਕਿੰਗ ਵਿਚ ਸਿਖ਼ਰ 'ਤੇ ਕਾਬਜ ਟਿਊਨੀਸ਼ੀਆ ਦੇ ਕਾਰੇਮ ਬਿਨ ਹਨੀਆ ਵੀ ਪੋਡੀਅਮ 'ਤੇ ਥਾਂ ਬਣਾਉਣ ਵਿਚ ਨਾਕਾਮ ਰਹੇ। ਉਨ੍ਹਾਂ ਤੋਂ ਗੋਲਡ ਦੀ ਉਮੀਦ ਲਾਈ ਜਾ ਰਹੀ ਸੀ।

ਮਲਾਗਾ ਨੇ ਲੇਵਾਂਤੇ ਨੂੰ ਡਰਾਅ 'ਤੇ ਰੋਕਿਆ

ਮਲਾਗਾ : ਲੇਵਾਂਤੇ ਤੇ ਮਲਾਗਾ ਵਿਚਾਲੇ ਸਪੈਨਿਸ਼ ਲੀਗ 'ਚ ਖੇਡਿਆ ਗਿਆ ਮੈਚ ਗੋਲ ਰਹਿਤ ਡਰਾਅ ਰਿਹਾ। ਹਾਲਾਂਕਿ ਲੇਵਾਂਤੇ ਨੂੰ ਮੈਚ ਦੀ ਸਮਾਪਤੀ ਦੇ ਆਖ਼ਰੀ ਮਿੰਟ 'ਚ ਗੋਲ ਕਰਨ ਦਾ ਮੌਕਾ ਮਿਲਿਆ ਸੀ ਪਰ ਮਲਾਗਾ ਦੇ ਗੋਲਕੀਪਰ ਰਾਬਰਟੋ ਜਿਮੇਨੇਗਜ ਗਾਗੋ ਨੇ ਸਫਲਤਾ ਨਾਲ ਫੁੱਟਬਾਲ ਨੂੰ ਗੋਲਪੋਸਟ ਤਕ ਪਹੁੰਚਣ ਤੋਂ ਰੋਕਿਆ ਤੇ ਮੈਚ 0-0 ਨਾਲ ਡਰਾਅ ਹੋ ਗਿਆ। ਮੇਜ਼ਬਾਨ ਮਲਾਗਾ ਨੂੰ ਪਹਿਲੇ ਅੱਧ ਵਿਚ ਗੋਲ ਕਰਨ ਦੇ ਮੌਕੇ ਮਿਲੇ ਪਰ ਉਹ ਇਨ੍ਹਾਂ ਦਾ ਫਾਇਦਾ ਨਾ ਉਠਾ ਸਕਿਆ। ਇਸ ਮੈਚ ਦੇ ਨਤੀਜੇ ਨਾਲ ਲੇਵਾਂਤੇ ਨੇ ਪਿਛਲੇ 14 ਮੈਚਾਂ 'ਚ 16 ਅੰਕ ਹਾਸਿਲ ਕੀਤੇ ਹਨ। ਉਹ ਸਪੈਨਿਸ ਲੀਗ ਸੂਚੀ 'ਚ 14ਵੇਂ ਸਥਾਨ 'ਤੇ ਹੈ। ਮਲਾਗਾ ਸਿਰਫ਼ ਅੱਠ ਅੰਕਾਂ ਨਾਲ 18ਵੇਂ ਸਥਾਨ 'ਤੇ ਹੈ।

ਸਾਂਝੇ ਤੌਰ 'ਤੇ ਪੰਜਵੇਂ ਸਥਾਨ 'ਤੇ ਰਹੇ ਵੁਡਸ

ਬਹਾਮਾਸ : ਦੂਜੇ ਗੇੜ 'ਚ ਤੇਜ਼ ਸ਼ੁਰੂਆਤ ਤੇ ਬੜ੍ਹਤ ਲੈਣ ਕਾਰਨ ਟਾਈਗਰ ਵੁਡਸ ਹੀਰੋ ਵਿਸ਼ਵ ਚੈਲੰਜ ਟੂਰਨਾਮੈਂਟ 'ਚ ਚਾਰ ਅੰਡਰ ਪਾਰ 68 ਦੇ ਸਕੋਰ ਨਾਲ ਸਾਂਝੇ ਤੌਰ 'ਤੇ ਪੰਜਵੇਂ ਸਥਾਨ 'ਤੇ ਰਹੇ। ਉਨ੍ਹਾਂ ਨੇ ਕਿਹਾ ਕਿ ਮੈਂ ਸਾਬਿਤ ਕੀਤਾ ਕਿ ਮੇਰੀ ਸਰਜਰੀ ਕਾਮਯਾਬ ਰਹੀ ਤੇ ਇਸ ਵਿਚ ਜ਼ਬਰਦਸਤ ਸੁਧਾਰ ਹੋਇਆ ਹੈ।

ਜੁਵੈਂਟਸ ਨੇ ਨਾਪੋਲੀ ਨੂੰ ਹਰਾਇਆ

ਮਿਲਾਨ : ਗੋਂਜਾਲੋ ਹਿਗੁਏਨ ਦੇ ਸ਼ੁਰੂਆਤੀ ਗੋਲ ਦੀ ਬਦੌਲਤ ਜੁਵੈਂਟਸ ਨੇ ਨਾਪੋਲੀ ਨੂੰ 1-0 ਨਾਲ ਮਾਤ ਦਿੱਤੀ। ਸੇਰੀ ਏ 'ਚ ਹੁਣ ਤਕ ਅਜੇਤੂ ਰਹੇ ਨਾਪੋਲੀ ਦੀ ਇਹ ਪਹਿਲੀ ਹਾਰ ਹੈ। ਅਰਜਨਟੀਨਾ ਦੇ ਹਿਗੁਏਨ ਪਿਛਲੇ ਸਾਲ ਜੁਲਾਈ ਤਕ ਨਾਪੋਲੀ ਨਾਲ ਹੀ ਜੁੜੇ ਸਨ। ਕਲੱਬ ਛੱਡਣ ਤੋਂ ਬਾਅਦ ਨਾਪੋਲੀ ਖ਼ਿਲਾਫ਼ ਇਹ ਉਨ੍ਹਾਂ ਦਾ ਪੰਜਵਾਂ ਗੋਲ ਸੀ। ਹਾਰ ਤੋਂ ਬਾਅਦ ਨਾਪੋਲੀ ਦੇ 38 ਅੰਕ ਹਨ। ਜੁਵੈਂਟਸ 37 ਅੰਕਾਂ ਨਾਲ ਦੂਜੇ ਨੰਬਰ 'ਤੇ ਹੈ।