ਡੇਵਿਸ ਕੱਪ

-ਕਿਹਾ, 2015 ਦੀ ਚੈੱਕ ਗਣਰਾਜ ਦੀ ਟੀਮ ਤੋਂ ਜ਼ਿਆਦਾ ਬਿਹਤਰ

-ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ ਭਾਰਤ ਤੇ ਕੈਨੇਡਾ ਵਿਚਾਲੇ ਮੁਕਾਬਲਾ

ਨਵੀਂ ਦਿੱਲੀ (ਪੀਟੀਆਈ) : ਭਾਰਤੀ ਡੇਵਿਸ ਕੱਪ ਕਪਤਾਨ ਮਹੇਸ਼ ਭੂਪਤੀ ਦਾ ਮੰਨਣਾ ਹੈ ਕਿ ਡੇਨਿਸ ਸ਼ਾਪੋਵਾਲੋਵ ਵਰਗੇ ਉੱਭਰਦੇ ਖਿਡਾਰੀਆਂ ਨਾਲ ਸਜੀ ਕੈਨੇਡਾ ਦੀ ਟੀਮ ਚੈੱਕ ਗਣਰਾਜ ਦੀ ਟੀਮ ਤੋਂ ਵੀ ਜ਼ਿਆਦਾ ਮਜ਼ਬੂਤ ਹੈ ਜਿਸ ਹੱਥੋਂ ਭਾਰਤ 2015 'ਚ ਪਲੇਆਫ ਗੇੜ 'ਚ ਹਾਰ ਗਿਆ ਸੀ।

ਭਾਰਤੀ ਟੀਮ ਨੇ ਏਡਮੰਟਨ ਪੁੱਜਣ ਤੋਂ ਪਹਿਲਾਂ ਨਿਊਯਾਰਕ 'ਚ ਇਕ ਹਫਤੇ ਲਈ ਕੈਂਪ 'ਚ ਹਿੱਸਾ ਲਿਆ। ਉਹ ਏਲੀਟ ਵਿਸ਼ਵ ਗਰੁੱਪ 'ਚ ਥਾਂ ਬਣਾਉਣ ਲਈ ਚੌਥੀ ਵਾਰ ਕੋਸ਼ਿਸ਼ ਕਰੇਗੀ। ਏਸ਼ੀਆ ਓਸੀਆਨਾ ਖੇਤਰ 'ਚ ਦਬਦਬਾ ਬਣਾਉਣ ਤੋਂ ਬਾਅਦ ਭਾਰਤ ਵਿਸ਼ਵ ਗਰੁੱਪ ਪਲੇਆਫ 'ਚ 2014 'ਚ ਸਰਬੀਆ, 2015 'ਚ ਚੈੱਕ ਗਣਰਾਜ ਤੇ 2016 'ਚ ਰਾਫੇਲ ਨਡਾਲ ਦੀ ਅਗਵਾਈ ਵਾਲੇ ਸਪੇਨ ਹੱਥੋਂ ਹਾਰ ਗਿਆ ਸੀ। ਕੈਨੇਡਾ ਨੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਮੁਕਾਬਲੇ ਲਈ ਯੂਐੱਸ ਓਪਨ ਦੇ ਚੌਥੇ ਗੇੜ 'ਚ ਪੁੱਜਣ ਵਾਲੇ ਵਿਸ਼ਵ ਦੇ 51ਵੇਂ ਨੰਬਰ ਦੇ ਖਿਡਾਰੀ ਸ਼ਾਪੋਵਾਲੋਵ, ਵਾਸੇਕ ਪੋਸਪੀਸਿਲੀ (82) ਤੋਂ ਇਲਾਵਾ ਡਬਲਜ਼ ਦੇ ਖਿਡਾਰੀ ਡੇਨੀਅਲ ਨੈਸਟਰ ਤੇ ਬਰਾਇਨ ਇਸਨਰ ਨੂੰ ਟੀਮ 'ਚ ਰੱਖਿਆ ਹੈ।

ਭੂਪਤੀ ਨੇ ਕਿਹਾ ਕਿ ਕੈਨੇਡਾ ਦੀ ਟੀਮ ਬਹੁਤ ਚੰਗੀ ਹੈ ਪਰ ਯਕੀਨੀ ਤੌਰ 'ਤੇ ਅਸੀਂ ਇਸ ਲਈ ਇੱਥੇ ਹਾਂ ਕਿਉਂਕਿ ਸਾਨੂੰ ਉਨ੍ਹਾਂ ਖ਼ਿਲਾਫ਼ ਖੇਡਣ ਦਾ ਹੱਕ ਹਾਸਿਲ ਹੈ। ਕੈਨੇਡਾ ਦੀ ਟੀਮ ਭਾਰਤ ਦਾ ਦੌਰਾ ਕਰਨ ਵਾਲੀ ਚੈੱਕ ਗਣਰਾਜ ਦੀ ਟੀਮ ਤੋਂ ਜ਼ਿਆਦਾ ਦਮਦਾਰ ਹੈ।

43 ਸਾਲਾ ਭੂਪਤੀ ਨੇ ਕਿਹਾ ਕਿ ਜਿੱਤ ਤੁਹਾਡਾ ਆਤਮਵਿਸ਼ਵਾਸ ਵਧਾਉਂਦੀ ਹੈ। ਯੁਕੀ ਤੇ ਰਾਮ ਦੋਵੇਂ ਚੰਗੀ ਲੈਅ 'ਚ ਹਨ। ਉਨ੍ਹਾਂ ਨੇ ਕਈ ਮੈਚ ਖੇਡੇ ਹਨ। ਰੋਹਨ ਬੋਪੰਨਾ ਇਸ ਟੀਮ ਦੇ ਲੀਡਰ ਹਨ। ਸਾਕੇਤ ਹਰ ਹਫ਼ਤੇ ਚੰਗੇ ਹੁੰਦੇ ਜਾ ਰਹੇ ਹਨ। ਉਨ੍ਹਾਂ ਨੇ ਸੱਟ ਤੋਂ ਬਾਅਦ ਵਾਪਸੀ ਕੀਤੀ ਹੈ। ਖਿਡਾਰੀ ਸਖ਼ਤ ਮਿਹਨਤ ਕਰ ਰਹੇ ਹਨ। ਉਹ ਸਹੀ ਦਿਸ਼ਾ 'ਚ ਹਨ। ਜਦ ਜਾਪਾਨ ਤੇ ਥਾਈਲੈਂਡ ਸਿਖ਼ਰਲੇ-10 'ਚ ਸ਼ਾਮਿਲ ਹੋਣ ਵਾਲੇ ਖਿਡਾਰੀ ਦੇ ਸਕਦਾ ਹੈ ਤਾਂ ਮੈਨੂੰ ਯਕੀਨ ਹੈ ਕਿ ਭਾਰਤ ਵੀ ਅਜਿਹਾ ਕਰ ਸਕਦਾ ਹੈ।

ਚੰਗੀ ਲੈਅ 'ਚ ਹਨ ਸ਼ਾਪੋਵਾਲੋਵ

ਸ਼ਾਪੋਵਾਲੋਵ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਆਪਣੇ ਪ੍ਰਦਰਸ਼ਨ ਨਾਲ ਚੰਗੀ ਛਾਪ ਛੱਡੀ ਹੈ। ਉਹ ਕੁਆਲੀਫਾਇਰ ਦੇ ਰੂਪ 'ਚ ਯੂਐੱਸ ਓਪਨ ਦੇ ਚੌਥੇ ਗੇੜ 'ਚ ਪੁੱਜੇ। ਇਸ 18 ਸਾਲਾ ਖਿਡਾਰੀ ਨੇ ਮਾਂਟਰੀਅਲ ਮਾਸਟਰਜ਼ ਦੇ ਸੈਮੀਫਾਈਨਲ 'ਚ ਥਾਂ ਬਣਾਈ ਸੀ ਤੇ ਇਸ ਵਿਚਾਲੇ ਨਡਾਲ ਨੂੰ ਵੀ ਹਰਾਇਆ ਸੀ।