ਮੀਟਿੰਗ

-ਵੈਸਟਇੰਡੀਜ਼ ਖ਼ਿਲਾਫ਼ ਵਨ ਡੇ ਸੀਰੀਜ਼ ਲਈ ਟੀਮ ਦੀ ਚੋਣ ਅੱਜ

-ਧੋਨੀ ਦੇ ਕਵਰ ਤੇ ਵਿਰਾਟ ਨੂੰ ਆਰਾਮ ਦੇਣ 'ਤੇ ਹੋਵੇਗੀ ਗੱਲਬਾਤ

ਹੈਦਰਾਬਾਦ (ਪੀਟੀਆਈ) : ਵੈਸਟਇੰਡੀਜ਼ ਖ਼ਿਲਾਫ਼ ਅਗਲੀ ਘਰੇਲੂ ਵਨ ਡੇ ਸੀਰੀਜ਼ ਲਈ ਜਦ ਚੋਣਕਾਰ ਵੀਰਵਾਰ ਨੂੰ ਇੱਥੇ ਟੀਮ ਦੀ ਚੋਣ ਕਰਨਗੇ ਤਾਂ ਮਹਿੰਦਰ ਸਿੰਘ ਧੋਨੀ ਦੀ ਖ਼ਰਾਬ ਬੱਲੇਬਾਜ਼ੀ ਉਨ੍ਹਾਂ ਨੂੰ ਨੌਜਵਾਨ ਰਿਸ਼ਭ ਪੰਤ ਨੂੰ ਸ਼ਾਮਿਲ ਕਰਨ ਲਈ ਮਜਬੂਰ ਕਰ ਸਕਦੀ ਹੈ।

ਇਹ ਅਜੇ ਤਕ ਸਪੱਸ਼ਟ ਨਹੀਂ ਹੈ ਕਿ ਟੀਮ ਦਾ ਐਲਾਨ ਪਹਿਲਾਂ ਤਿੰਨ ਮੈਚਾਂ ਲਈ ਕੀਤਾ ਜਾਵੇਗਾ ਜਾਂ ਪੂਰੀ ਸੀਰੀਜ਼ ਲਈ, ਜੋ 21 ਅਕਤੂਬਰ ਤੋਂ ਸ਼ੁਰੂ ਹੋਵੇਗੀ ਤੇ ਜਿਸ ਵਿਚ ਪੰਜ ਵਨ ਡੇ ਤੇ ਤਿੰਨ ਟੀ-20 ਮੈਚ ਹੋਣਗੇ। ਕਪਤਾਨ ਵਿਰਾਟ ਕੋਹਲੀ 'ਤੇ ਵਧਦੇ ਭਾਰ ਨੂੰ ਦੇਖਦੇ ਹੋਏ ਉਨ੍ਹਾਂ ਦੀ ਟੀਮ ਵਿਚ ਮੌਜੂਦਗੀ ਵੀ ਇਕ ਹੋਰ ਅਹਿਮ ਮੁੱਦਾ ਹੋ ਸਕਦੀ ਹੈ। ਵਿਰਾਟ ਨੂੰ ਆਰਾਮ ਦੇਣ ਦੀ ਗੱਲ ਹੋ ਰਹੀ ਹੈ ਪਰ ਹੁਣ ਇਹ ਦੇਖਣਾ ਹੈ ਕਿ ਉਹ ਪੂਰੀ ਸੀਰੀਜ਼ ਵਿਚ ਆਰਾਮ ਕਰਨਗੇ ਜਾਂ ਆਖ਼ਰੀ ਦੇ ਕੁਝ ਮੈਚਾਂ ਵਿਚ। ਇਸ ਤੋਂ ਇਲਾਵਾ ਧੋਨੀ ਦੇ ਕਵਰ ਬੱਲੇਬਾਜ਼ ਨੂੰ ਲੈ ਕੇ ਚੋਣਕਾਰਾਂ ਤੇ ਟੀਮ ਮੈਨੇਜਮੈਂਟ ਵਿਚਾਲੇ ਗੱਲਬਾਤ ਹੋ ਸਕਦੀ ਹੈ। ਹਾਲਾਂਕਿ ਧੋਨੀ ਦੀ ਵਿਕਟਕੀਪਿੰਗ ਬਿਹਤਰੀਨ ਹੈ ਪਰ ਉਨ੍ਹਾਂ ਦੀ ਬੱਲੇਬਾਜ਼ੀ ਵਿਚ ਗਿਰਾਵਟ ਆਈ ਹੈ।

ਟੀਮ ਚੋਣ ਨਾਲ ਜੁੜੇ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਧੋਨੀ ਵਿਸ਼ਵ ਕੱਪ ਤਕ ਖੇਡਣਗੇ ਪਰ ਪੰਤ ਨੂੰ ਤਿਆਰ ਕਰਨ ਵਿਚ ਕੋਈ ਨੁਕਸਾਨ ਨਹੀਂ ਹੈ, ਜੋ ਛੇਵੇਂ ਜਾ ਸੱਤਵੇਂ ਨੰਬਰ 'ਤੇ ਸ਼ਾਨਦਾਰ ਬੱਲੇਬਾਜ਼ ਹੋ ਸਕਦੇ ਹਨ। ਉਨ੍ਹਾਂ ਵਿਚ ਮੈਚ ਨੂੰ ਸਮਾਪਤ ਕਰਨ ਦੀ ਯੋਗਤਾ ਹੈ। ਓਵਲ ਵਿਚ ਪੰਤ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਲਾਉਣ ਤੋਂ ਬਾਅਦ ਰਾਜਕੋਟ ਵਿਚ 92 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ, ਜਿਸ ਤੋਂ ਬਾਅਦ 20 ਸਾਲਾ ਇਸ ਵਿਕਟਕੀਪਰ ਨੂੰ ਟੀਮ ਵਿਚ ਸ਼ਾਮਿਲ ਕਰਨ ਦੀ ਮੰਗ ਤੇਜ਼ ਹੋ ਗਈ ਸੀ ਹਾਲਾਂਕਿ ਦਿਨੇਸ਼ ਕਾਰਤਿਕ ਪਹਿਲਾਂ ਤੋਂ ਹੀ ਟੀਮ ਦਾ ਹਿੱਸਾ ਰਹੇ ਹਨ ਪਰ ਉਨ੍ਹਾਂ ਦੀ ਨਿਰੰਤਰਤਾ ਵਿਚ ਕਮੀ ਹੈ ਤੇ ਉਹ ਅਹਿਮ ਮੌਕਿਆਂ 'ਤੇ ਮੈਚ ਨੂੰ ਸਮਾਪਤ ਕਰਨ ਵਿਚ ਨਾਕਾਮ ਰਹੇ ਹਨ ਜੋ ਟੀਮ ਮੈਨੇਜਮੈਂਟ ਲਈ ਚਿੰਤਾ ਦਾ ਵਿਸ਼ਾ ਹੈ।

ਰਾਇਡੂ ਕਾਇਮ ਰੱਖਣਗੇ ਆਪਣੀ ਥਾਂ :

ਚੋਣਕਾਰ ਕੁਝ ਹੋਰ ਬਦਲਾਂ 'ਤੇ ਵੀ ਵਿਚਾਰ ਕਰ ਸਕਦੇ ਹਨ। ਕੇਦਾਰ ਜਾਧਵ ਮਾਸਪੇਸ਼ੀਆਂ ਦੀ ਸੱਟ ਕਾਰਨ ਸੀਮਿਤ ਓਵਰਾਂ ਦੀ ਸੀਰੀਜ਼ 'ਚੋਂ ਬਾਹਰ ਹੋ ਗਏ ਹਨ ਜਿਸ ਨਾਲ ਮੱਧ ਯਮ ਵਿਚ ਇਕ ਬੱਲੇਬਾਜ਼ ਦੀ ਥਾਂ ਬਣੀ ਹੈ। ਏਸ਼ੀਆ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅੰਬਾਤੀ ਰਾਇਡੂ ਆਪਣੀ ਥਾਂ ਕਾਇਮ ਰੱਖਣਗੇ, ਚਾਹੇ ਕੋਹਲੀ ਖੇਡਣ ਦਾ ਫ਼ੈਸਲਾ ਕਰਨ ਜਾਂ ਨਾ।

ਵਾਪਸੀ ਲਈ ਤਿਆਰ ਭੁਵੀ ਤੇ ਬੁਮਰਾਹ :

ਮੌਜੂਦਾ ਸਮੇਂ ਵਿਚ ਜਾਰੀ ਟੈਸਟ ਲੜੀ ਦੌਰਾਨ ਜ਼ਰੂਰੀ ਬਰੇਕ ਤੋਂ ਬਾਅਦ ਭੁਵਨੇਸ਼ਵਰ ਤੇ ਜਸਪ੍ਰੀਤ ਬੁਮਰਾਹ ਵਾਪਸੀ ਲਈ ਤਿਆਰ ਹਨ। ਰਵਿੰਦਰ ਜਡੇਜਾ ਨੇ ਜਿਸ ਤਰ੍ਹਾਂ ਸ਼ੇਰ ਦਿਲ ਪ੍ਰਦਰਸ਼ਨ ਕੀਤਾ ਹੈ ਉਸ ਨਾਲ ਉਨ੍ਹਾਂ ਦੀ ਅਕਸ਼ਰ ਪਟੇਲ ਦੀ ਥਾਂ ਚੁਣੇ ਜਾਣ ਦੀ ਉਮੀਦ ਹੈ। ਮਨੀਸ਼ ਪਾਂਡੇ ਨੂੰ ਬਾਹਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਅਫ਼ਗਾਨਿਸਤਾਨ ਖ਼ਿਲਾਫ਼ ਦੇਰ ਨਾਲ ਮੌਕਾ ਮਿਲਣ 'ਤੇ ਖ਼ਰਾਬ ਪ੍ਰਦਰਸ਼ਨ ਕੀਤਾ ਸੀ।