-ਲਕਮਲ ਤੋਂ ਬਾਅਦ ਸ਼ਨਾਕਾ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

-ਸਿਰਫ਼ 74 ਦੌੜਾਂ 'ਤੇ ਭਾਰਤ ਦੇ ਅੱਧੇ ਬੱਲੇਬਾਜ਼ ਆਊਟ

ਜੇਐੱਨਐੱਨ, ਕੋਲਕਾਤਾ : ਇਨ੍ਹੀਂ ਦਿਨੀਂ ਕੋਲਕਾਤਾ ਦਾ ਮੌਸਮ ਬੜਾ ਬੇਈਮਾਨ ਹੈ। ਬਿਨ ਮੌਸਮ ਬਾਰਿਸ਼ ਨਾਲ ਸਾਰੇ ਪਰੇਸ਼ਾਨ ਹਨ, ਸਿਵਾਏ ਸ੍ਰੀਲੰਕਾਈ ਟੀਮ ਦੇ। ਸਿਟੀ ਆਫ ਜੁਆਏ 'ਚ ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਮਹਿਮਾਨ ਗੇਂਦਬਾਜ਼ਾਂ ਦੀ ਚਾਂਦੀ ਕਰ ਦਿੱਤੀ ਹੈ। ਬਾਰਿਸ਼ ਕਾਰਨ ਈਡਨ ਦੀ ਨਮ ਪੈ ਚੁੱਕੀ ਪਿੱਚ ਬੱਲੇਬਾਜ਼ਾਂ ਲਈ ਕਬਰਗਾਹ ਬਣ ਚੁੱਕੀ ਹੈ ਜਿਸ ਦਾ ਸ੍ਰੀਲੰਕਾਈ ਗੇਂਦਬਾਜ਼ਾਂ ਨੇ ਕੋਲਕਾਤਾ ਟੈਸਟ ਦੇ ਦੂਜੇ ਦਿਨ ਵੀ ਚੰਗਾ ਫ਼ਾਇਦਾ ਉਠਾਇਆ। ਪਿੱਚ 'ਤੇ ਹਲਕਾ ਘਾਹ ਵੀ ਹੈ ਜਿਸ ਕਾਰਨ ਤੇਜ਼ ਗੇਂਦਬਾਜ਼ਾਂ ਨੂੰ ਹੋਰ ਮਦਦ ਮਿਲ ਰਹੀ ਹੈ। ਪਹਿਲੇ ਦਿਨ ਜਿੱਥੇ ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਨੇ ਭਾਰਤ ਦੇ ਸਿਖਰਲੇ ਬੱਲੇਬਾਜ਼ਾਂ ਨੂੰ ਆਊਟ ਕੀਤਾ ਉਥੇ ਦੂਜੇ ਦਿਨ ਹਰਫ਼ਨਮੌਲਾ ਖਿਡਾਰੀ ਦਾਸੁਨ ਸ਼ਨਾਕਾ ਨੇ ਮੱਧਯਮ ਨੂੰ ਆਊਟ ਕੀਤਾ। ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਬਾਅਦ ਟੈਸਟ 'ਚ ਵਾਪਸੀ ਕਰਨ ਵਾਲੇ ਸ਼ਨਾਕਾ ਨੇ ਅੱਠ ਓਵਰਾਂ 'ਚ 23 ਦੌੜਾਂ ਦੇ ਕੇ ਦੋ ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ। ਇਸ ਵਿਚ ਦੋ ਮੇਡਨ ਵੀ ਸ਼ਾਮਿਲ ਰਹੇ। 26 ਸਾਲ ਦੇ ਸ਼ਨਾਕਾ ਦਾ ਇਹ ਸਿਰਫ ਦੂਜਾ ਟੈਸਟ ਹੈ। ਉਨ੍ਹਾਂ ਨੇ ਪਿਛਲੇ ਸਾਲ ਮਾਰਚ 'ਚ ਇੰਗਲੈਂਡ ਖ਼ਿਲਾਫ਼ ਲੀਡਸ 'ਚ ਸ਼ੁਰੂਆਤੀ ਟੈਸਟ ਖੇਡਿਆ ਸੀ ਜਿਸ ਦੀਆਂ ਦੋਵਾਂ ਪਾਰੀਆਂ ਨੂੰ ਮਿਲਾ ਕੇ ਉਨ੍ਹਾਂ ਨੇ ਕੁੱਲ ਚਾਰ ਦੌੜਾਂ ਬਣਾਈਆਂ ਸਨ ਤੇ ਤਿੰਨ ਵਿਕਟਾਂ ਲਈਆਂ ਸਨ। ਉਸ ਅੌਸਤ ਪ੍ਰਦਰਸਨ ਤੋਂ ਬਾਅਦ ਉਨ੍ਹਾਂ ਨੂੰ ਟੈਸਟ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ ਹਾਲਾਂਕਿ ਵਨ ਡੇ ਟੀਮ 'ਚ ਉਹ ਥਾਂ ਬਣਾਈ ਰੱਖਣ ਵਿਚ ਸਫਲ ਰਹੇ। ਈਡਨ 'ਚ ਪਹਿਲੇ ਦਿਨ ਜਿੱਥੇ 11.5 ਓਵਰ ਸੁੱਟੇ ਜਾ ਸਕੇ, ਉਥੇ ਦੂਜੇ ਦਿਨ ਵੀ ਸਿਰਫ 21 ਓਵਰਾਂ ਦੀ ਖੇਡ ਸੰਭਵ ਹੋ ਸਕੀ। ਇਸ ਦਿਨ ਦੁਪਹਿਰ ਢਾਈ ਵਜੇ ਖੇਡ ਮੁਲਤਵੀ ਹੋਣ ਤਕ ਮੇਜ਼ਬਾਨ ਟੀਮ ਦੇ ਪੰਜ ਬੱਲੇਬਾਜ਼ 74 ਦੌੜਾਂ ਦੇ ਟੀਮ ਸਕੋਰ 'ਤੇ ਪਵੇਲੀਅਨ ਮੁੜ ਚੁੱਕੇ ਸਨ।

ਕੰਧ ਬਣ ਕੇ ਖੜ੍ਹੇ ਹਨ ਪੁਜਾਰਾ :

ਸ੍ਰੀਲੰਕਾਈ ਗੇਂਦਬਾਜ਼ਾਂ ਦੇ ਨਾਂ ਰਹੇ ਪਹਿਲੇ ਦੋ ਦਿਨ ਦੌਰਾਨ ਟੀਮ ਇੰਡੀਆ ਦੀ ਨਵੀਂ ਕੰਧ ਚੇਤੇਸ਼ਵਰ ਪੁਜਾਰਾ ਨੇ ਭਾਰਤੀ ਬੱਲੇਬਾਜ਼ੀ ਦੇ ਵੱਕਾਰ ਨੂੰ ਬਣਾਈ ਰੱਖਿਆ। ਪਹਿਲੇ ਦਿਨ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਵੀ ਉਹ ਡਿੱਗਦੀਆਂ ਵਿਕਟਾਂ ਵਿਚਾਲੇ ਪੂਰੇ ਧੀਰਜ ਨਾਲ 102 ਗੇਂਦਾਂ 'ਤੇ 47 ਦੌੜਾਂ ਬਣਾ ਕੇ ਯੀਜ਼ ਤੇ ਡਟੇ ਰਹੇ। ਉਨ੍ਹਾਂ ਦਾ ਸਾਥ ਦੇਣ ਵਿਕਟਕੀਪਰ ਬੱਲੇਬਾਜ਼ ਤੇ ਲੋਕਲ ਬੁਆਏ ਰਿੱਧੀਮਾਨ ਸਾਹਾ (ਅਜੇਤੂ ਛੇ) ਆਏ ਹਨ। ਦੂਜੇ ਦਿਨ ਦੀ ਖੇਡ ਸਵੇਰੇ 9.15 ਵਜੇ ਸ਼ੁਰੂ ਹੋਈ। 11 ਵੱਜਦੇ ਹੀ ਬਾਰਿਸ਼ ਸ਼ੁਰੂ ਹੋ ਗਈ। ਉਸ ਸਮੇਂ ਤਕ 32.5 ਓਵਰਾਂ ਦੀ ਹੀ ਖੇਡ ਹੋ ਸਕੀ ਸੀ।

ਨਾਕਾਮ ਰਹੇ ਰਹਾਣੇ-ਅਸ਼ਵਿਨ :

ਉੱਪ ਕਪਤਾਨ ਰਹਾਣੇ (4) ਤੇ ਪੰਜਵੇਂ ਸਥਾਨ 'ਤੇ ਬੱਲੇਬਾਜ਼ੀ ਕਰਨ ਭੇਜੇ ਗਏ ਰਵੀਚੰਦਰਨ ਅਸ਼ਵਿਨ (4) ਵੀ ਭਾਰਤ ਦੀ ਪਾਰੀ ਨੂੰ ਸੰਭਾਲਣ 'ਚ ਨਾਕਾਮ ਰਹੇ। ਰਹਾਣੇ ਨੇ ਟਿਕ ਕੇ ਖੇਡਣ ਦੀ ਕੋਸ਼ਿਸ਼ ਕੀਤੀ ਪਰ ਸ਼ਨਾਕਾ ਦੀ ਸ਼ਾਨਦਾਰ ਗੇਂਦ ਆਖ਼ਰਕਾਰ ਉਨ੍ਹਾਂ ਦੇ ਬੱਲੇ ਨੂੰ ਚੁੰਮਦੀ ਹੋਈ ਹੋਈ ਵਿਕਟਕੀਪਰ ਨਿਰੋਸ਼ਨ ਡਿਕਵੇਲਾ ਦੇ ਦਸਤਾਨਿਆਂ 'ਚ ਚਲੀ ਗਈ। ਇਸ ਤੋਂ ਬਾਅਦ ਸ਼ਨਾਕਾ ਨੇ ਅਸ਼ਵਿਨ ਨੂੰ ਦਿਮੁਥ ਕਰੁਨਾਰਤਨੇ ਹੱਥੋਂ ਕੈਚ ਕਰਵਾਇਆ। ਦੂਜੇ ਦਿਨ ਕੋਈ ਵਿਕਟ ਨਾ ਲੈ ਸਕਣ 'ਤੇ ਵੀ ਲਕਮਲ ਦੀ ਸ਼ਾਨਦਾਰ ਗੇਂਦਬਾਜ਼ੀ ਜਾਰੀ ਰਹੀ। ਪਹਿਲੇ ਦਿਨ ਛੇ ਦੇ ਛੇ ਮੇਡਨ ਓਵਰ ਸੁੱਟਣ ਵਾਲੇ ਲਕਮਲ ਨੇ ਦੂਜੇ ਦਿਨ ਪੰਜ ਓਵਰ ਕੀਤੇ ਜਿਸ ਵਿਚ ਤਿੰਨ ਮੈਡਨ ਰਹੇ। 11 ਓਵਰਾਂ ਵਿਚ ਉਨ੍ਹਾਂ ਨੇ ਸਿਰਫ ਪੰਜ ਦੌੜਾਂ ਦਿੱਤੀਆਂ। 46 ਗੇਂਦਾਂ ਸੁੱਟਣ ਤੋਂ ਬਾਅਦ ਹੀ ਲਕਮਲ ਦੀ ਗੇਂਦ 'ਤੇ ਦੌੜ ਬਣੀ।