ਟੇਬਲ ਟੈਨਿਸ

-ਸੌਖੇ ਮੁਕਾਬਲੇ 'ਚ ਜਾਪਾਨ ਦੇ ਵਿਰੋਧੀ ਨੂੰ ਹਰਾਇਆ

-ਮਹਿਲਾ ਡਬਲਜ਼ 'ਚ ਮਨਿਕਾ-ਮੌਮਾ ਦਾਸ ਦੀ ਜੋੜੀ ਹਾਰੀ

ਨਵੀਂ ਦਿੱਲੀ (ਪੀਟੀਆਈ) : ਭਾਰਤੀ ਟੇਬਲ ਟੈਨਿਸ ਖਿਡਾਰੀ ਜੀ ਸਾਥੀਆਨ ਨੇ ਸਪੇਨ ਦੇ ਆਲਮੇਰੀਆ 'ਚ ਜਾਪਾਨ ਦੇ ਕਾਜੂਹੀਰੋ ਯੋਸ਼ੀਮੁਰਾ ਨੂੰ 4-2 ਨਾਲ ਹਰਾ ਕੇ ਸਪੈਨਿਸ਼ ਓਪਨ ਟੇਬਲ ਟੈਨਿਸ 'ਚ ਮਰਦਾਂ ਦੇ ਸਿੰਗਲਜ਼ 'ਚ ਗੋਲਡ ਮੈਡਲ ਜਿੱਤਿਆ।

ਟੂਰਨਾਮੈਂਟ ਦੇ ਨੌਵਾਂ ਦਰਜਾ ਸਾਥੀਆਨ ਨੂੰ 11ਵਾਂ ਦਰਜਾ ਯੋਸ਼ੀਮੁਰਾ ਨੂੰ ਮਾਤ ਦੇਣ ਲਈ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ। ਉਨ੍ਹਾਂ ਨੇ ਯੋਸ਼ੀਮੁਰਾ ਨੂੰ 11-7, 3-11, 11-6, 6-11, 13-11, 11-7 ਨਾਲ ਹਰਾਇਆ। ਸਾਥੀਆਨ ਦਾ ਇਹ ਕਰੀਅਰ ਦਾ ਦੂਜਾ ਸਭ ਤੋਂ ਵੱਡਾ ਖ਼ਿਤਾਬ ਹੈ। ਦੋ ਸਾਲ ਪਹਿਲਾਂ ਉਨ੍ਹਾਂ ਨੇ ਆਈਟੀਟੀਐੱਫ ਵਿਸ਼ਵ ਟੂਰ ਬੈਲਜੀਅਮ ਓਪਨ 'ਚ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। ਕੁਝ ਮਹੀਨੇ ਪਹਿਲਾਂ ਭਾਰਤ ਲਈ ਇਕ ਹੋਰ ਟੇਬਲ ਟੈਨਿਸ ਖਿਡਾਰੀ ਸੌਮਿਆਜੀਤ ਘੋਸ਼ ਨੇ ਹਮਵਤਨ ਏਂਥੋਨੀ ਅਮਲਰਾਜ ਨੂੰ ਮਾਤ ਦੇ ਕੇ ਚਿਲੀ ਓਪਨ ਦਾ ਖ਼ਿਤਾਬ ਆਪਣੇ ਨਾਂ ਕੀਤਾ ਸੀ। ਮਹਿਲਾਵਾਂ ਦੇ ਡਬਲਜ਼ ਦੇ ਫਾਈਨਲ 'ਚ ਮਨਿਕਾ ਬੱਤਰਾ ਤੇ ਮੌਮਾ ਦਾਸ ਦੀ ਦੂਜਾ ਦਰਜਾ ਜੋੜੀ ਨੂੰ ਕੋਰੀਆ ਦੀ ਸਿਖਰਲਾ ਦਰਜਾ ਜੋੜੀ ਜਿਹੀ ਜੇਓਨ ਤੇ ਹਾਯੂਨ ਯਾਂਗ ਦੀ ਜੋੜੀ ਹੱਥੋਂ ਰੋਮਾਂਚਕ ਮੁਕਾਬਲੇ 'ਚ 11-9, 6-11, 11-9, 9-11, 9-11 ਨਾਲ ਹਾਰ ਤੋਂ ਬਾਅਦ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ।

ਭਾਰਤੀ ਟੀਮ ਦੂਜੇ ਗੇੜ 'ਚ

ਨਵੀਂ ਦਿੱਲੀ : ਭਾਰਤੀ ਮੁੰਡਿਆਂ ਦੀ ਟੀਮ ਇਟਲੀ ਦੇ ਰੀਵਾ ਡੇਲ ਗਾਰਡਾ 'ਚ ਚੱਲ ਰਹੀ ਵਿਸ਼ਵ ਜੂਨੀਅਰ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਗਰੁੱਪ-ਡੀ 'ਚ ਲਗਾਤਾਰ ਦੂਜੀ ਜਿੱਤ ਦਰਜ ਕਰ ਕੇ ਦੂਜੇ ਗੇੜ 'ਚ ਪੁੱਜ ਗਈ। ਇਕ ਦਿਨ ਪਹਿਲਾਂ ਨਿਊਜ਼ੀਲੈਂਡ ਨੂੰ ਹਰਾਉਣ ਵਾਲੀ ਮਾਨਵ ਠੱਕਰ, ਮਾਨੁਸ਼ ਸ਼ਾਹ, ਸਨੇਹਿਤ ਸੁਰਵੱਜੁਲ ਤੇ ਜੀਤ ਚੰਦਰਾ ਦੀ ਟੀਮ ਨੇ ਅਰਜਨਟੀਨਾ ਨੂੰ 3-0 ਨਾਲ ਮਾਤ ਦਿੱਤੀ। ਭਾਰਤ ਵੱਲੋਂ ਸਭ ਤੋਂ ਪਹਿਲਾਂ ਮਾਨੁਸ਼ ਨੇ ਫਰਾਂਸਿਸਕੋ ਸਾਂਚੀ ਨੂੰ 11-9, 11-5, 11-9 ਨਾਲ ਹਰਾਇਆ। ਇਸ ਤੋਂ ਬਾਅਦ ਮਾਨਵ ਨੇ ਮਾਰਟਿਨ ਬੇਂਟਨਕਾਰ ਨੂੰ 11-8, 11-8, 3-11, 11-7 ਨਾਲ ਮਾਤ ਦਿੱਤੀ। ਆਖ਼ਰੀ ਮੁਕਾਬਲੇ 'ਚ ਸਨੇਹਿਤ ਨੇ ਸੈਂਟੀਆਗੋ ਟੋਲੋਸਾ ਨੂੰ 11-2, 11-5, 11-4 ਨਾਲ ਪਛਾੜਿਆ। ਦੂਜੇ ਗੇੜ 'ਚ ਭਾਰਤੀ ਟੀਮ ਨੂੰ ਗਰੁੱਪ-ਐੱਫ 'ਚ ਚੀਨ ਤੇ ਫਰਾਂਸ ਨਾਲ ਰੱਖਿਆ ਗਿਆ ਹੈ।