ਯੂਜੀਨ (ਏਜੰਸੀ) : ਚੀਨ ਦੇ ਦੌੜਾਕ ਸੂ ਬਿੰਗਟਿਆਨ 100 ਮੀ. ਦੌੜ 'ਚ 10 ਸਕਿੰਟਾਂ ਤੋਂ ਵੀ ਘੱਟ ਸਮਾਂ ਕੱਢਣ ਵਾਲੇ ਅਧਿਕਾਰਕ ਤੌਰ 'ਤੇ ਪਹਿਲੇ ਏਸ਼ੀਆਈ ਐਥਲੀਟ ਬਣ ਗਏ। ਯੂਜੀਨ ਗ੍ਰਾਂ. ਪ੍ਰੀ. 'ਚ ਸ਼ਨਿਚਰਵਾਰ ਨੂੰ ਸੂ ਨੇ 9.99 ਸਕਿੰਟਾਂ ਦਾ ਸਮੇਂ ਕੱਿਢਆ ਤੇ ਤੀਜੇ ਸਥਾਨ 'ਤੇ ਰਹੇ। ਅਮਰੀਕਾ ਦੇ ਟਾਇਸਨ ਗੇ 9.88 ਸਕਿੰਟਾਂ ਦੇ ਸਮੇਂ ਨਾਲ ਜੇਤੂ ਰਹੇ, ਜਦਕਿ ਮਾਈਕ ਰੋਜਰਜ਼ ਨੇ 9.90 ਸਕਿੰਟਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਰੇਸ ਤੋਂ ਬਾਅਦ ਸੂ ਨੇ ਕਿਹਾ, 'ਹੁਣ ਮੈਂ ਆਪਣਾ ਨਾਂ ਇਤਿਹਾਸ 'ਚ ਦਰਜ ਕਰਵਾ ਸਕਦਾ ਹਾਂ ਤੇ ਹੋਰ ਘੱਟ ਸਮਾਂ ਕੱਢਣ ਲਈ ਹੋਰ ਮਿਹਨਤ ਕਰਾਂਗਾ। ਪਿਛਲੀ ਵਾਰ ਮਾਰਕੋ 'ਚ ਝਾਂਗ ਪੇਈਮੇਂਗ ਨੇ 10 ਸਕਿੰਟਾਂ ਨਾਲ 9ਵਾਂ ਸਥਾਨ ਹਾਸਲ ਕੀਤਾ ਸੀ। ਉਸ ਤੋਂ ਬਾਅਦ ਹੀ ਮੈਨੂੰ ਲੱਗਣ ਲੱਗਾ ਸੀ ਕਿ ਅਸੀਂ 10 ਸਕਿੰਟਾਂ ਦਾ ਰਿਕਾਰਡ ਤੋੜਨ ਨੇੜੇ ਹਾਂ।'

ਏਸ਼ੀਆਈ ਮੂਲ ਦੇ ਐਥਲੀਟ ਲੰਬੇ ਸਮੇਂ ਤੋਂ ਇਹ ਕੀਰਤੀਮਾਨ ਸਥਾਪਤ ਕਰਨਾ ਚਾਹੁੰਦੇ ਸਨ ਤੇ ਪਿਛਲੇ ਸਾਲ ਏਸ਼ੀਆਈ ਖੇਡਾਂ 'ਚ ਕਤਾਰ ਦੇ ਫੇਮੀ ਓਗੁਨੋਡੇ 9.93 ਸਕਿੰਟਾਂ ਦੇ ਸਮੇਂ ਨਾਲ ਏਸ਼ੀਆ ਦੇ ਸਭ ਤੋਂ ਤੇਜ਼ ਦੌੜਾਕ ਬਣੇ ਸਨ ਪਰ ਉਹ ਨਾਈਜੀਰੀਆਈ ਮੂਲ ਦੇ ਸਨ। ਇਸ ਤੋਂ ਪਹਿਲਾਂ ਚੀਨ ਦੇ ਹੀ ਝਾਂਗ ਪੇਈਮੇਂਗ ਨੇ 2013 'ਚ ਮਾਸਕੋ 'ਚ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 10 ਸਕਿੰਟਾਂ 'ਚ 100 ਮੀ. ਦੌੜ ਪੂਰੀ ਕੀਤੀ ਸੀ। ਜਾਪਾਨ ਦੇ ਯੋਸ਼ਿਹਿਦੇ ਕੀਰਯੂ ਨੇ ਇਸੇ ਸਾਲ ਮਾਰਚ 'ਚ ਆਸਟਿਨ ਮੀਟ 'ਚ 9.87 ਸਕਿੰਟਾਂ ਦੇ ਸਮਾਂ ਕੱਢ ਕੇ ਸਨਸਨੀ ਫੈਲਾ ਦਿੱਤੀ ਸੀ ਪਰ ਹਵਾ ਦੀ ਗਤੀ ਤੋਂ ਮਿਲੀ ਮਦਦ ਕਾਰਨ ਉਨ੍ਹਾਂ ਦੇ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਗਈ।