ਈਸਟ ਲੰਡਨ (ਏਐੱਫਪੀ) : ਲੈੱਗ ਸਪਿੰਨਰ ਇਮਰਾਨ ਤਾਹਿਰ (5/23) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਪਹਿਲੇ ਟੀ-20 ਮੈਚ ਵਿਚ ਜ਼ਿੰਬਾਬਵੇ ਨੂੰ 34 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕਾ ਨੇ ਤੈਅ 20 ਓਵਰਾਂ ਵਿਚ ਛੇ ਵਿਕਟਾਂ 'ਤੇ 160 ਦੌੜਾਂ ਬਣਾਈਆ। ਮਹਿਮਾਨ ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਕਾਈਲ ਜਾਰਵਿਸ (3/37) ਨੇ ਹਾਸਿਲ ਕੀਤੀਆਂ। ਜਵਾਬ ਵਿਚ ਜ਼ਿੰਬਾਬਵੇ ਦੀ ਟੀਮ 126 ਦੌੜਾਂ 'ਤੇ ਸਿਮਟ ਕੇ ਮੈਚ ਹਾਰ ਗਈ। ਮਹਿਮਾਨ ਟੀਮ ਲਈ ਪੀਟਰ ਮੂਰ ਨੇ ਸਭ ਤੋਂ ਜ਼ਿਆਦਾ 44 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਖੱਬੇ ਹੱਥ ਦੇ ਸਪਿੰਨਰ ਤਬਰੇਜ ਸ਼ਮਸੀ ਦੀ ਗੇਂਦ 'ਤੇ ਲਗਾਤਾਰ ਚਾਰ ਛੱਕੇ ਲਾਏ। ਉਨ੍ਹਾਂ ਨੇ ਬਰੈਂਡਨ ਮਾਵੁਤਾ ਨਾਲ ਅੱਠਵੀਂ ਵਿਕਟ ਲਈ 19 ਗੇਂਦਾਂ 'ਚ 53 ਦੌੜਾਂ ਦੀ ਭਾਈਵਾਲੀ ਨਿਭਾਈ। ਮੂਰ ਨੇ ਆਪਣੀ ਪਾਰੀ ਦੌਰਾਨ 21 ਗੇਂਦਾਂ ਵਿਚ ਇਕ ਚੌਕਾ ਤੇ ਪੰਜ ਛੱਕੇ ਲਾਏ ਜਦਕਿ ਮਾਵੁਤਾ ਨੇ 14 ਗੇਂਦਾਂ 'ਚ 28 ਦੌੜਾਂ ਬਣਾਈਆਂ ਜਿਸ ਵਿਚ ਦੋ ਚੌਕੇ ਤੇ ਇੰਨੇ ਹੀ ਛੱਕੇ ਸ਼ਾਮਿਲ ਹਨ।

---

ਕੋਪੇਕਾ ਬਣੇ ਸਾਲ ਦੇ ਸਰਬੋਤਮ ਗੋਲਫਰ

ਮਿਆਮੀ (ਏਐੱਫਪੀ) : ਇਸ ਸਾਲ ਯੂਐੱਸ ਓਪਨ ਤੇ ਪੀਜੀਏ ਚੈਂਪੀਅਨਸ਼ਿਪ ਦੀ ਟਰਾਫੀ ਆਪਣੇ ਨਾਂ ਕਰਨ ਵਾਲੇ ਅਮਰੀਕੀ ਗੋਲਫਰ ਬਰੂਕਸ ਕੋਪੇਕਾ ਨੂੰ ਯੂਐੱਸ ਪੀਜੀਏ ਟੂਰ ਦਾ ਸਾਲ ਦਾ ਸਰਬੋਤਮ ਗੋਲਫਰ ਚੁਣਿਆ ਗਿਆ। ਉਨ੍ਹਾਂ ਨੂੰ ਟੂਰ ਖਿਡਾਰੀਆਂ ਨੇ ਵੋਟ ਦਿੱਤੇ। 28 ਸਾਲਾ ਕੋਪੇਕਾ ਨੇ 2017-18 ਦੇ ਕਾਯਮਾਬ ਸੈਸ਼ਨ ਤੋਂ ਬਾਅਦ ਜੈਕ ਨਿਕਲਸ ਟਰਾਫੀ ਜਿੱਤੀ ਸੀ ਤੇ ਆਪਣੇ ਯੂਐੱਸ ਓਪਨ ਦੇ ਖ਼ਿਤਾਬ ਦਾ ਬਚਾਅ ਕੀਤਾ ਸੀ। ਹਾਲਾਂਕਿ ਕੋਪੇਕਾ ਇਸ ਸਾਲ ਦੇ ਸ਼ੁਰੂਆਤੀ ਚਾਰ ਮਹੀਨੇ ਸੱਟ ਕਾਰਨ ਕਿਸੇ ਵੀ ਟੂਰਨਾਮੈਂਟ ਵਿਚ ਨਹੀਂ ਖੇਡੇ ਸਨ। ਕੋਪੇਕਾ ਤੋਂ ਇਲਾਵਾ ਫਾਈਨਲ ਸੂਚੀ ਵਿਚ ਇੰਗਲਿਸ਼ ਗੋਲਫਰ ਜਸਟਿਨ ਰੋਸ, ਬਿ੍ਰਟਿਸ਼ ਓਪਨ ਚੈਂਪੀਅਨ ਇਟਲੀ ਦੇ ਫਰਾਂਸੇਸਕੋ ਮੋਲੀਨਾਰੀ ਤੇ ਅਮਰੀਕਾ ਦੇ ਡਸਟਿਨ ਜਾਨਸਨ ਸ਼ਾਮਿਲ ਸਨ। 1988-89 ਵਿਚ ਕੁਰਟੀਸ ਸਟਰੇਂਜ ਤੋਂ ਬਾਅਦ ਕੋਪੇਕਾ ਲਗਾਤਾਰ ਯੂਐੱਸ ਓਪਨ ਦਾ ਖ਼ਿਤਾਬ ਜਿੱਤਣ ਵਾਲੇ ਪਹਿਲੇ ਖਿਡਾਰੀ ਹਨ।

----

ਆਈਓਸੀ ਨੇ ਕੀਤਾ ਸ਼ਰਨਾਰਥੀ ਟੀਮ ਦਾ ਐਲਾਨ

ਬਿਊਨਸ ਆਇਰਸ (ਏਐੱਫਪੀ) : ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ 2020 ਵਿਚ ਟੋਕੀਓ ਵਿਚ ਹੋਣ ਵਾਲੇ ਓਲੰਪਿਕ ਲਈ ਸ਼ਰਨਾਰਥੀਆਂ ਦੀ ਇਕ ਓਲੰਪਿਕ ਟੀਮ ਬਣਾਉਣ ਦਾ ਐਲਾਨ ਕੀਤਾ। ਆਈਓਸੀ ਦੇ ਪ੍ਰਧਾਨ ਥਾਮਸ ਬਾਕ ਨੇ 133ਵੇਂ ਆਈਓਸੀ ਸੈਸ਼ਨ ਵਿਚ ਇਸ ਦੀ ਜਾਣਕਾਰੀ ਦਿੱਤੀ। ਬਾਕ ਨੇ ਕਿਹਾ ਕਿ ਪਿਛਲੀ ਵਾਰ ਰੀਓ ਓਲੰਪਿਕ ਵਿਚ ਅਸੀਂ ਕਾਫੀ ਦਬਾਅ ਵਿਚ ਸੀ। ਹੁਣ ਸਾਡੇ ਕੋਲ ਦੋ ਸਾਲ ਹਨ। ਅਸੀਂ ਪਹਿਲਾਂ ਤੋਂ ਹੀ ਸਾਵਧਾਨੀ ਰੱਖਣੀ ਸ਼ੁਰੂ ਕਰ ਦਿੱਤੀ ਹੈ ਤੇ ਸਾਡੇ ਕੋਲ ਐਥਲੀਟਾਂ ਦਾ ਇਕ ਸਮੂਹ ਹੈ। ਅਸੀਂ ਪਹਿਲਾਂ ਤੋਂ ਹੀ 51 ਜਾਂ 52 ਸ਼ਰਨਾਰਥੀ ਐਥਲੀਟਾਂ ਦਾ ਸਮਰਥਨ ਕਰ ਰਹੇ ਹਾਂ ਜਿਨ੍ਹਾਂ ਦੀ ਅਸੀਂ ਪਛਾਣ ਕੀਤੀ ਹੈ। ਟੋਕੀਓ ਓਲੰਪਿਕ ਲਈ ਇਹ ਸਮੂਹ ਹੋਰ ਵੀ ਵਧ ਸਕਦਾ ਹੈ। ਬਾਕ ਨੇ ਕਿਹਾ ਕਿ ਸਾਨੂੰ ਓਲੰਪਿਕ ਖੇਡਾਂ ਲਈ ਸ਼ਰਨਾਰਥੀਆਂ ਦੀ ਟੀਮ ਦੀ ਲੋੜ ਹੈ। ਅਸੀਂ ਸ਼ਰਨਾਰਥੀ ਐਥਲੀਟਾਂ ਦਾ ਬਿਹਤਰ ਰੂਪ ਨਾਲ ਸਵਾਗਤ ਕਰਾਂਗੇ ਤੇ ਉਨ੍ਹਾਂ ਨੂੰ ਟੋਕੀਓ ਓਲੰਪਿਕ ਵਿਚ ਘਰ ਵਰਗਾ ਮਾਹੌਲ ਦੇਵਾਂਗੇ।