ਪੇਨਾਂਗ (ਏਜੰਸੀ) : ਮਲੇਸ਼ੀਆ ਦੇ ਪੇਨਾਂਗ ਵਿਚ ਭਾਰਤੀ ਸ਼ਟਲਰ ਪੀਵੀ ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਮਲੇਸ਼ੀਆ ਮਾਸਟਰਜ਼ ਗ੍ਰਾਂ. ਪ੍ਰੀ. ਦੇ ਕੁਆਰਟਰ ਫਾਈਨਲ ਵਿਚ ਪੁੱਜ ਗਏ ਹਨ। ਸ਼ਾਨਦਾਰ ਫਾਰਮ ਵਿਚ ਚੱਲ ਰਹੀ ਸਿੰਧੂ ਨੇ ਜਾਪਾਨ ਦੀ ਕਾਓਰੀ ਇਮਾਬੇਪੂ ਨੂੰ 21-13, 13-21, 21-14 ਨਾਲ ਹਰਾਇਆ। ਜਦਕਿ ਸ੍ਰੀਕਾਂਤ ਨੇ ਇਕਤਰਫਾ ਮੁਕਾਬਲੇ ਵਿਚ ਥਾਈਲੈਂਡ ਦੇ 16ਵਾਂ ਦਰਜਾ ਪ੍ਰਾਪਤ ਬੂਨਸਾਕ ਪੋਨਸਾਨਾ ਨੂੰ 21-17, 21-10 ਨਾਲ ਮਾਤ ਦਿੱਤੀ। ਅਜੇ ਜੈਰਾਮ ਵੀ ਅੰਤਿਮ 8 ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਿਹਾ। ਭਾਰਤ ਦੀ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਦਾ ਸਫਰ ਦੂਜੇ ਗੇੜ ਵਿਚ ਹੀ ਰੁਕ ਗਿਆ।

ਸਿੰਧੂ ਅਤੇ ਜਾਪਾਨ ਦੀ ਕਾਓਰੀ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਮੈਚ ਦਾ ਫੈਸਲਾ ਤੀਜੇ ਗੇਮ ਵਿਚ ਜਾ ਕੇ ਹੋਇਆ। ਪਹਿਲਾ ਗੇਮ ਭਾਰਤੀ ਖਿਡਾਰਨ ਨੇ 21-13 ਨਾਲ ਆਸਾਨੀ ਨਾਲ ਜਿੱਤ ਲਿਆ ਪਰ ਦੂਜੇ ਗੇਮ ਵਿਚ ਉਸ ਨੂੰ ਜਾਪਾਨੀ ਖਿਡਾਰਨ ਨੇ ਸਖਤ ਟੱਕਰ ਦਿੱਤੀ ਅਤੇ ਗੇਮ ਆਪਣੇ ਨਾਂ ਕਰ ਲਈ। ਤੀਜੇ ਤੇ ਫੈਸਲਾਕੁੰਨ ਗੇਮ ਵਿਚ 2 ਵਾਰ ਦੀ ਵਿਸ਼ਵ ਚੈਂਪੀਅਨ ਸਿੰਧੂ ਨੇ ਜ਼ੋਰਦਾਰ ਵਾਪਸੀ ਕੀਤੀ ਤੇ 21-14 ਨਾਲ ਜਿੱਤ ਦਰਜ ਕੀਤੀ। ਦੋਵਾਂ ਵਿਚਾਲੇ ਹੁਣ ਤਕ ਹੋਏ 3 ਮੁਕਾਬਲੇ ਸਿੰਧੂ ਦੇ ਨਾਂ ਰਹੇ ਹਨ। ਤੀਜੀ ਰੈਂਕਿੰਗ ਵਾਲੀ ਸਿੰਧੂ ਦਾ ਅੰਤਿਮ 8 ਵਿਚ ਇੰਡੋਨੇਸ਼ੀਆ ਦੀ ਲਿੰਡਾਵੇਨੀ ਫਾਨੇਤਰੀ ਨਾਲ ਮੁਕਾਬਲਾ ਹੋਵੇਗਾ।

ਇਕ ਹੋਰ ਮੈਚ ਵਿਚ ਦੂਜਾ ਦਰਜਾ ਪ੍ਰਾਪਤ ਸ੍ਰੀਕਾਂਤ ਨੇ ਪੋਨਸਾਨਾ 'ਤੇ ਆਸਾਨ ਜਿੱਤ ਦਰਜ ਕੀਤੀ। ਹਾਲਾਂਕਿ ਪਹਿਲੇ ਗੇਮ ਜਿੱਤਣ ਵਿਚ ਉਸ ਨੂੰ ਥੋੜ੍ਹਾ ਪਸੀਨਾ ਵਹਾਉਣਾ ਪਿਆ। ਪਿਛਲੇ ਸਾਲ ਇੰਡੀਅਨ ਸੁਪਰ ਸੀਰੀਜ਼ ਅਤੇ ਸਵਿੱਸ ਓਪਨ ਜਿੱਤਣ ਵਾਲੇ ਸ੍ਰੀਕਾਂਤ ਨੇ ਅਗਲੇ ਰਾਊਂਡ ਵਿਚ ਚੀਨ ਦੇ ਹੁਆਂਗ ਸ਼ਿਆਂਗ ਨਾਲ ਭਿੜਨਾ ਹੈ। ਓਥੇ ਹੀ ਪਹਿਲਾ ਗੇਮ ਹਾਰਨ ਵਾਲੇ ਜੈਰਾਮ ਨੇ ਮਲੇਸ਼ੀਆ ਦੇ ਜੁਲਫਦੀ ਜੁਲਿਕਫੀ ਨੂੰ ਸੰਘਰਸ਼ਪੂਰਨ ਮੁਕਾਬਲੇ ਵਿਚ 11-21, 21-8, 22-22 ਨਾਲ ਹਰਾਇਆ। ਜਵਾਲਾ ਅਤੇ ਪੋਨੱਪਾ ਦੀ ਭਾਰਤੀ ਜੋੜੀ ਨੂੰ ਜਾਪਾਨ ਦੀ ਸ਼ਿਜੂਕਾ ਮਤਸੂਓ ਅਤੇ ਮਾਮੀ ਨਾਈਟੋ ਦੇ ਹੱਥੋਂ 14-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

--------

ਸਾਇਨਾ ਨੇਹਵਾਲ ਦੀ ਫਾਈਨਲ 'ਚ ਰਤਚਾਨੋਕ ਨਾਲ ਹੋ ਸਕਦੀ ਹੈ ਟੱਕਰ

ਨਵੀਂ ਦਿੱਲੀ : ਓਲੰਪਿਕ ਵਿਚ ਕਾਂਸੇ ਦਾ ਮੈਡਲ ਜੇਤੂ ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਦੀ ਥਾਈਲੈਂਡ ਮਾਸਟਰਜ਼ ਦੇ ਫਾਈਨਲ ਵਿਚ ਸਾਬਕਾ ਵਿਸ਼ਵ ਚੈਂਪੀਅਨ ਇੰਤਾਨਨ ਰਤਚਾਨੋਕ ਨਾਲ ਟੱਕਰ ਹੋ ਸਕਦੀ ਹੈ। ਟੂਰਨਾਮੈਂਟ 8 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਜੋ ਕਿ 13 ਫਰਵਰੀ ਤਕ ਚੱਲੇਗਾ।

--------

ਪੀਬੀਐਲ ਜ਼ਰੀਏ ਓਲੰਪਿਕ ਦੀ ਤਿਆਰੀ : ਗੋਪੀਚੰਦ

ਨਵੀਂ ਦਿੱਲੀ (ਏਜੰਸੀ) : ਪ੍ਰੀਮੀਅਰ ਬੈਡਮਿੰਟਨ ਲੀਗ (ਪੀਬੀਐਲ) ਦੇ ਸਮੇਂ ਨੂੰ ਲੈ ਕੇ ਭਾਵੇਂ ਹੀ ਆਲੋਚਨਾ ਹੋ ਰਹੀ ਹੋਵੇ ਪਰ ਭਾਰਤ ਦੇ ਮੁੱਖ ਕੌਮੀ ਕੋਚ ਪੁਲੇਲਾ ਗੋਪੀਚੰਦ ਦਾ ਮੰਨਣਾ ਹੈ ਕਿ ਸ਼ਟਲਰਾਂ ਨੇ ਓਲੰਪਿਕ ਦੀਆਂ ਤਿਆਰੀਆਂ ਦੇ ਤੌਰ 'ਤੇ ਪੀਬੀਐਲ ਦਾ ਬਾਖੂਬੀ ਇਸਤੇਮਾਲ ਕੀਤਾ। ਗੋਪੀਚੰਦ ਨੇ ਕਿਹਾ ਕਿ ਪੀਬੀਐਲ ਨੂੰ ਕਿਵੇਂ ਦੇਖਦੇ ਹੋ, ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ। ਰੀਓ ਓਲੰਪਿਕ ਨੂੰ ਹੁਣ ਵੀ 7 ਮਹੀਨੇ ਬਚੇ ਹਨ ਅਤੇ ਮੈਂ ਸਮਝਦਾ ਹਾਂ ਕਿ ਸ਼ਟਲਰਾਂ ਨੇ ਇਸ ਨੂੰ ਓਲੰਪਿਕ ਦੀਆਂ ਤਿਆਰੀਆਂ ਦੇ ਤੌਰ 'ਤੇ ਇਸਤੇਮਾਲ ਕੀਤਾ।