ਕੋਟ

'ਇਹ ਚੰਗੀ ਮਿਲੀ ਜੁਲੀ ਟੀਮ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨੌਜਵਾਨ ਉੱਚੀ ਰੈਂਕਿੰਗ ਦੀਆਂ ਟੀਮਾਂ ਖ਼ਿਲਾਫ਼ ਦਬਾਅ 'ਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹਨ। ਅਸੀਂ ਹਰ ਮੈਚ ਫਾਈਨਲ ਵਾਂਗ ਖੇਡਾਂਗੇ। ਜੇ ਤੁਸੀਂ ਖ਼ੁਦ ਨੂੰ ਸੂਚੀ 'ਚ ਸਭ ਤੋਂ ਉੱਪਰ ਦੇਖਣਾ ਚਾਹੁੰਦੇ ਹੋ ਤਾਂ ਇੱਥੇ ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ।'

-ਸ਼ੋਰਡ ਮਾਰਿਨ, ਭਾਰਤੀ ਕੋਚ

---

ਟੀਮ ਐਲਾਨੀ

-18 ਮੈਂਬਰੀ ਟੀਮ 'ਚ ਰੁਪਿੰਦਰ ਤੇ ਬੀਰੇਂਦਰ ਦੀ ਵਾਪਸੀ

-ਭੁਵਨੇਸ਼ਵਰ 'ਚ ਇਕ ਦਸੰਬਰ ਤੋਂ ਸ਼ੁਰੂ ਹੋਵੇਗੀ ਲੀਗ

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਤਜਰਬੇਕਾਰ ਮਿਡਫੀਲਡਰ ਸਰਦਾਰ ਸਿੰਘ ਨੂੰ ਭੁਵਨੇਸ਼ਵਰ 'ਚ ਇਕ ਦਸੰਬਰ ਤੋਂ ਸ਼ੁਰੂ ਹੋਣ ਵਾਲੀ ਹਾਕੀ ਵਿਸ਼ਵ ਲੀਗ (ਐੱਚਡਬਲਯੂਐੱਲ) ਫਾਈਨਲ ਲਈ 18 ਮੈਂਬਰੀ ਭਾਰਤੀ ਟੀਮ 'ਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਉਥੇ ਰੁਪਿੰਦਰ ਪਾਲ ਸਿੰਘ ਤੇ ਬੀਰੇਂਦਰ ਲਾਕੜਾ ਨੇ ਫਿੱਟ ਹੋ ਕੇ ਟੀਮ 'ਚ ਵਾਪਸੀ ਕੀਤੀ ਹੈ।

ਇਸ ਸਾਲ ਸਰਬੋਤਮ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਸਰਦਾਰ ਨੂੰ ਬਾਹਰ ਕੀਤਾ ਜਾਣਾ ਹੈਰਾਨੀ ਦਾ ਸਬੱਬ ਰਿਹਾ ਜੋ ਢਾਕਾ 'ਚ ਪਿਛਲੇ ਮਹੀਨੇ ਏਸ਼ੀਆ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। ਇਸ ਨੂੰ ਸਾਬਕਾ ਕਪਤਾਨ ਦੇ ਚਮਕਦਾਰ ਕਰੀਅਰ ਦੇ ਅੰਤ ਵਾਂਗ ਦੇਖਿਆ ਜਾ ਰਿਹਾ ਹੈ। ਏਸ਼ੀਆ ਕੱਪ ਵਿਚ ਸਰਦਾਰ ਮਿਡਫੀਲਡ 'ਚ ਪਲੇਮੇਕਰ ਦੀ ਭੂਮਿਕਾ ਨਿਭਾਉਣ ਦੀ ਬਜਾਏ ਨੌਜਵਾਨ ਕਪਤਾਨ ਮਨਪ੍ਰੀਤ ਸਿੰਘ ਨਾਲ ਡਿਫੈਂਡਰ ਦੇ ਰੂਪ ਵਿਚ ਖੇਡੇ ਸਨ। ਐੱਚਡਬਲਯੂਐੱਲ ਫਾਈਨਲ ਤੋਂ ਉਨ੍ਹਾਂ ਨੂੰ ਬਾਹਰ ਕਰਨ ਦਾ ਮਤਲਬ ਹੈ ਕਿ ਉਹ ਨਵੇਂ ਕੋਚ ਸ਼ੋਰਡ ਮਾਰਿਨ ਦੀ ਰਣਨੀਤੀ 'ਚ ਫਿੱਟ ਨਹੀਂ ਬੈਠਦੇ। ਮਾਰਿਨ ਨੇ ਏਸ਼ੀਆ ਕੱਪ ਤੋਂ ਠੀਕ ਪਹਿਲਾਂ ਰੋਲੈਂਟ ਓਲਟਮੈਂਸ ਦੀ ਛੁੱਟੀ ਕੀਤੇ ਜਾਣ ਤੋਂ ਬਾਅਦ ਟੀਮ ਦੀ ਕਮਾਨ ਸੰਭਾਲੀ ਸੀ।

ਰੁਪਿੰਦਰ ਤੇ ਲਾਕੜਾ ਦੀ ਵਾਪਸੀ ਨਾਲ ਭਾਰਤੀ ਡਿਫੈਂਸ ਨੂੰ ਮਜ਼ਬੂਤੀ ਮਿਲੇਗੀ। ਰੁਪਿੰਦਰ ਮਾਸਪੇਸ਼ੀ ਦੀ ਸੱਟ ਕਾਰਨ ਪੰਜ ਮਹੀਨੇ ਬਾਹਰ ਰਹਿਣ ਤੋਂ ਬਾਅਦ ਟੀਮ ਨਾਲ ਮੁੜੇ ਹਨ ਜਦਕਿ ਗੋਡੇ ਦੀ ਸੱਟ ਕਾਰਨ ਰੀਓ ਓਲੰਪਿਕ ਤੋਂ ਬਾਹਰ ਰਹੇ ਲਾਕੜਾ ਟੀਮ 'ਚ ਆਉਂਦੇ-ਜਾਂਦੇ ਰਹਿੰਦੇ ਹਨ। ਰੁਪਿੰਦਰ ਨੇ ਆਖ਼ਰੀ ਵਾਰ ਦੇਸ਼ ਲਈ ਹਾਕੀ ਵਿਸ਼ਵ ਲੀਗ ਸੈਮੀਫਾਈਨਲ ਤੋਂ ਪਹਿਲਾਂ ਯੂਰਪ ਦੌਰੇ 'ਤੇ ਖੇਡਿਆ ਸੀ। ਲਾਕੜਾ ਏਸ਼ਿਆਈ ਚੈਂਪੀਅਨਜ਼ ਟਰਾਫੀ ਟੀਮ ਦਾ ਹਿੱਸਾ ਸਨ। ਉਹ ਦਸੰਬਰ 'ਚ ਆਸਟ੫ੇਲੀਆ 'ਚ ਚਾਰ ਦੇਸ਼ਾਂ ਦੇ ਟੂਰਨਾਮੈਂਟ 'ਚ ਵੀ ਟੀਮ 'ਚ ਸ਼ਾਮਿਲ ਸਨ। ਇਸ ਤੋਂ ਬਾਅਦ ਤੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ ਹੋਣ ਲਈ ਬਾਹਰ ਰੱਖਿਆ ਗਿਆ।

ਮਨਪ੍ਰੀਤ ਦੀ ਕਪਤਾਨੀ ਕਾਇਮ :

ਹਾਕੀ ਇੰਡੀਆ ਦੇ ਚੋਣਕਾਰਾਂ ਨੇ ਮਨਪ੍ਰੀਤ ਸਿੰਘ ਨੂੰ ਕਪਤਾਨ ਬਣਾਈ ਰੱਖਿਆ ਹੈ ਜਦਕਿ ਚਿੰਗਲੇਨਸਨਾ ਸਿੰਘ ਉੱਪ ਕਪਤਾਨ ਹੋਣਗੇ। ਦਿੱਗਜ ਗੋਲਕੀਪਰ ਪੀਆਰ ਸ਼੍ਰੀਜੇਸ਼ ਜਦ ਤਕ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਜਾਂਦੇ, ਆਕਾਸ਼ ਚਿਕਤੇ ਤੇ ਸੂਰਜ ਕਰਕੇਰਾ ਇਹ ਜ਼ਿੰਮੇਵਾਰੀ ਸੰਭਾਲਣਗੇ। ਮਿਡਫੀਲਡ ਦੀ ਜ਼ਿੰਮੇਵਾਰੀ ਐੱਸਕੇ ਉਥੱਪਾ, ਕੋਥਾਜੀਤ ਸਿੰਘ, ਸੁਮਿਤ, ਮਨਪ੍ਰੀਤ ਤੇ ਚਿੰਗਲੇਨਸਨਾ 'ਤੇ ਰਹੇਗੀ।

ਪਹਿਲਾ ਮੁਕਾਬਲਾ ਆਸਟ੫ੇਲੀਆ ਨਾਲ :

ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਪਿਛਲੀ ਵਾਰ ਦੇ ਚੈਂਪੀਅਨ ਆਸਟ੍ਰੇਲੀਆ ਖ਼ਿਲਾਫ਼ ਕਰੇਗੀ। ਭਾਰਤ ਨੂੰ ਪੂਲ ਬੀ 'ਚ ਆਸਟ੫ੇਲੀਆ, ਇੰਗਲੈਂਡ ਤੇ ਜਰਮਨੀ ਨਾਲ ਰੱਖਿਆ ਗਿਆ ਹੈ।

ਟੀਮ :

ਗੋਲਕੀਪਰ : ਆਕਾਸ਼ ਅਨਿਲ ਚਿਕਤੇ, ਸੂਰਜ ਕਰਕੇਰਾ, ਡਿਫੈਂਡਰ : ਹਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਦਿਪਸਨ ਟਿਰਕੀ, ਵਰੁਣ ਕੁਮਾਰ, ਰੁਪਿੰਦਰ ਸਿੰਘ, ਬੀਰੇਂਦਰ ਲਾਕੜਾ, ਮਿਡਫੀਲਡਰ : ਮਨਪ੍ਰੀਤ ਸਿੰਘ (ਕਪਤਾਨ), ਚਿੰਗਲੇਨਸਨਾ (ਉੱਪ ਕਪਤਾਨ), ਐੱਸ ਕੇ ਉਥੱਪਾ, ਸੁਮਿਤ, ਕੋਥਾਜੀਤ ਸਿੰਘ, ਫਾਰਵਰਡ : ਐੱਸਵੀ ਸੁਨੀਲ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਗੁਰਜੰਟ ਸਿੰਘ।