ਇੰਦੌਰ (ਨਈ ਦੁਨੀਆ) : ਰੀਓ ਓਲੰਪਿਕ ਦੀ ਕਾਂਸਾ ਮੈਡਲ ਜੇਤੂ ਸਾਕਸ਼ੀ ਮਲਿਕ ਤੇ ਦੰਗਲ ਫਿਲਮ ਫੇਮ ਗੀਤਾ ਫੋਗਾਟ ਨੇ ਸ਼ੁੱਕਰਵਾਰ ਨੂੰ ਇੰਦੌਰ 'ਚ ਚੱਲ ਰਹੀ ਰਾਸ਼ਟਰੀ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤੇ। ਮਲਿਕ ਨੇ ਆਪਣੇ 62 ਕਿਲੋਗ੍ਰਾਮ ਭਾਰ ਵਰਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 49 ਸਕਿੰਟ 'ਚ ਹਰਿਆਣਾ ਦੀ ਭਲਵਾਨ ਪੂਜਾ ਤੋਮਰ ਨੂੰ 10-0 ਨਾਲ ਮਾਤ ਦੇ ਕੇ ਪੀਲਾ ਮੈਡਲ ਜਿੱਤਿਆ। ਮਹਿਲਾਵਾਂ ਦੇ 59 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ 'ਚ ਹਰਿਆਣਾ 'ਏ' ਟੀਮ ਦੀ ਗੀਤਾ ਨੇ ਆਪਣੇ ਹੀ ਸੂਬੇ ਦੀ 'ਬੀ' ਟੀਮ ਦੀ ਰਵਿਤਾ ਨੂੰ 10-0 ਨਾਲ ਹਰਾ ਕੇ ਗੋਲਡ ਮੈਡਲ ਹਾਸਿਲ ਕੀਤਾ। ਵੀਰਵਾਰ ਨੂੰ ਗੀਤਾ ਦੀਆਂ ਭੈਣਾਂ ਵਿਨੇਸ਼ ਤੇ ਰਿਤੂ ਨੇ ਸੋਨਾ ਜਿੱਤਿਆ ਸੀ। ਗੀਤਾ ਤੋਂ ਇਲਾਵਾ ਉਨ੍ਹਾਂ ਦੇ ਪਤੀ ਪਵਨ ਕੁਮਾਰ ਨੇ ਵੀ 86 ਕਿਲੋਗ੍ਰਾਮ ਭਾਰ ਵਰਗ ਵਿਚ ਗੋਲਡ ਮੈਡਲ ਜਿੱਤਿਆ। ਮਹਿਲਾਵਾਂ ਦੇ 65 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ 'ਚ ਰੇਲਵੇ ਦੀ ਰਿਤੂ ਮਲਿਕ ਨੇ ਹਰਿਆਣਾ 'ਬੀ' ਦੀ ਸ਼ਿਲਪੀ ਨੂੰ 5-0 ਨਾਲ ਹਰਾਇਆ। ਸ਼ਿਲਪੀ ਦੇਸ਼ ਦੇ ਪ੍ਰਸਿੱਧ ਭਲਵਾਨ ਨਰਸਿੰਘ ਦੀ ਪਤਨੀ ਹੈ। ਮਹਿਲਾਵਾਂ ਦੇ 57 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ 'ਚ ਹਰਿਆਣਾ 'ਬੀ' ਦੀ ਸੰਗੀਤਾ ਫੋਗਾਟ ਨੇ ਮੱਧ ਪ੍ਰਦੇਸ਼ ਦੀ ਰਾਣੀ ਰਾਣਾ ਨੂੰ 12-6 ਨਾਲ ਹਰਾਇਆ। ਮਰਦਾਂ ਦੇ ਫ੍ਰੀਸਟਾਈਲ 74 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ 'ਚ ਰੇਲਵੇ ਦੇ ਪਰਵੇਜ਼ ਰਾਣਾ ਨੇ ਹਰਿਆਣਾ ਦੇ ਜੈ ਭਗਵਾਨ ਨੂੰ 7-1 ਨਾਲ ਹਰਾ ਕੇ ਫਾਈਨਲ 'ਚ ਕਦਮ ਰੱਖਿਆ। 57 ਕਿਲੋਗ੍ਰਾਮ ਭਾਰ ਵਰਗ ਵਿਚ ਦਿੱਲੀ 'ਏ' ਟੀਮ ਦੇ ਰਵੀ ਕੁਮਾਰ ਨੇ ਹਰਿਆਣਾ 'ਬੀ' ਦੇ ਨਵੀਨ ਨੂੰ 6-0 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਰੇਲਵੇ ਦੇ ਉਤਕਰਸ਼ ਕਾਲੇ ਨੇ ਪੰਜਾਬ ਦੇ ਮਹੀਪਤ ਨੂੰ 4-2 ਨਾਲ ਹਰਾਇਆ।