ਚਾਈਨਾ ਓਪਨ

-ਸਿੰਧੂ ਦੀ ਨਜ਼ਰ ਪਹਿਲੇ ਸੁਪਰ ਸੀਰੀਜ਼ ਖ਼ਿਤਾਬ 'ਤੇ

ਫੂਝੋਉ (ਪੀਟੀਆਈ) : ਗੋਡੇ 'ਚ ਸੱਟ ਕਾਰਨ ਤਿੰਨ ਮਹੀਨੇ ਤਕ ਕੋਰਟ ਤੋਂ ਦੂਰ ਰਹਿਣ ਵਾਲੀ ਭਾਰਤੀ ਟੈਨਿਸ ਸਟਾਰ ਸਾਇਨਾ ਨੇਹਵਾਲ ਦੀ ਨਜ਼ਰ ਚਾਈਨਾ ਓਪਨ ਸੁਪਰ ਸੀਰੀਜ਼ ਬੈਡਮਿੰਟਨ 'ਚ ਸ਼ਾਨਦਾਰ ਵਾਪਸੀ ਕਰਨ 'ਤੇ ਹੋਵੇਗੀ। ਰੀਓ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਪੀਵੀ ਸਿੰਧੂ ਦਾ ਟੀਚਾ ਚੀਨ 'ਚ ਆਪਣਾ ਪਹਿਲਾ ਖ਼ਿਤਾਬ ਜਿੱਤਣਾ ਹੋਵੇਗਾ। ਇਹ ਟੂਰਨਾਮੈਂਟ ਬੁੱਧਵਾਰ ਤੋਂ ਸ਼ੁਰੂ ਹੋਵੇਗਾ।

ਲੰਡਨ ਓਲੰਪਿਕ ਦੀ ਕਾਂਸਾ ਮੈਡਲ ਜੇਤੂ ਸਾਇਨਾ ਰੀਓ 'ਚ ਆਪਣੇ ਤੋਂ ਘੱਟ ਰੈਂਕਿੰਗ ਵਾਲੀ ਯੂਕਰੇਨੀ ਖਿਡਾਰੀ ਮਾਰੀਆ ਉਲਟਾਨੀ ਤੋਂ ਦੂਜੇ ਹੀ ਗੇੜ 'ਚ ਹਾਰ ਕੇ ਬਾਹਰ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਗੋਡੇ ਦੀ ਸਰਜਰੀ ਹੋਈ। ਲੰਬੇ ਰਿਹੈਬਿਲਟੇਸ਼ਨ ਪ੍ਰੋਗਰਾਮ ਤੋਂ ਬਾਅਦ ਹੁਣ ਉਹ ਫਿਰ ਤੋਂ ਕੋਰਟ 'ਤੇ ਉਤਰੇਗੀ। ਕੁਝ ਸਮੇਂ ਲਈ ਕੋਚ ਵਿਮਲ ਕੁਮਾਰ ਦੀ ਨਿਗਰਾਨੀ 'ਚ ਅਭਿਆਸ ਕਰਨ ਵਾਲੀ ਸਾਇਨਾ ਆਪਣੀ ਮੁਹਿੰਮ ਦੀ ਸ਼ੁਰੂਆਤ ਥਾਈਲੈਂਡ ਦੀ ਪੋਰਨਟਿਪ ਖ਼ਿਲਾਫ਼ ਕਰੇਗੀ। 2014 ਦੀ ਚੈਂਪੀਅਨ ਅਤੇ ਪਿਛਲੇ ਸਾਲ ਦੀ ਉੱਪ ਜੇਤੂ ਚੌਥਾ ਦਰਜਾ ਸਾਇਨਾ ਪਿਛਲੇ ਨੌਂ ਮੁਕਾਬਲਿਆਂ 'ਚ ਪੋਰਨਟਿਪ ਨੂੰ ਹਰਾ ਚੁੱਕੀ ਹੈ। ਰੀਓ ਓਲੰਪਿਕ ਤੋਂ ਬਾਅਦ ਕੋਈ ਟੂਰਨਾਮੈਂਟ ਨਾ ਜਿੱਤਣ ਵਾਲੀ ਸਿੰਧੂ ਆਪਣਾ ਪਹਿਲਾ ਸੁਪਰ ਸੀਰੀਜ਼ ਖ਼ਿਤਾਬ ਜਿੱਤਣਾ ਚਾਹੇਗੀ। ਇਸ ਤੋਂ ਪਹਿਲਾਂ ਦੋ ਟੂਰਨਾਮੈਂਟਾਂ 'ਚ ਦੂਜੇ ਹੀ ਗੇੜ 'ਚ ਬਾਹਰ ਹੋਣ ਵਾਲੀ ਸਿੰਧੂ ਪਹਿਲਾ ਮੁਕਾਬਲਾ ਚੀਨੀ ਤਾਇਪੇ ਦੀ ਚੀਆ ਹਸਿਨ ਲੀ ਖ਼ਿਲਾਫ਼ ਖੇਡੇਗੀ। ਮਰਦਾਂ 'ਚ ਅਜੇ ਜੈਰਾਮ ਚੀਨ ਦੇ ਝੂ ਸਿਊਆਨ, ਐੱਚਐੱਸ ਪ੍ਰਣਯ ਹਾਂਗਕਾਂਗ ਦੇ ਨਾਗ ਕਾ ਲਾਂਗ ਏਂਗਸ ਅਤੇ ਬੀ ਸਾਈ ਪ੍ਰਣੀਤ ਜਰਮਨੀ ਦੇ ਮਾਰਕ ਜਵਿਬਲਿਰ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।