ਨਵੀਂ ਦਿੱਲੀ (ਜੇਐੱਨਐੱਨ) : ਪਿਛਲੇ ਛੇ ਮਹੀਨੇ ਤੋਂ ਹਾਕੀ ਟੀਮ 'ਚੋਂ ਬਾਹਰ ਰਹਿਣ ਤੋਂ ਬਾਅਦ ਟੀਮ 'ਚ ਵਾਪਸੀ ਕਰਨ ਵਾਲੇ ਡਰੈਗ ਫਲਿਕਰ ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਦੌਰ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਮੁਸ਼ਕਿਲ ਸੀ। ਇਸ ਸਾਲ ਅਪ੍ਰੈਲ ਮਈ 'ਚ ਅਜਲਾਨ ਸ਼ਾਹ ਕੱਪ ਖੇਡਣ ਤੋਂ ਬਾਅਦ ਤੋਂ ਰੁਪਿੰਦਰ ਮਾਸਪੇਸ਼ੀਆਂ ਦੀ ਸੱਟ ਕਾਰਨ ਟੀਮ 'ਚੋਂ ਬਾਹਰ ਚੱਲ ਰਹੇ ਸਨ। ਰੁਪਿੰਦਰ ਨੇ ਕਿਹਾ ਕਿ ਇਹ ਮੁਸ਼ਕਿਲ ਸਮਾਂ ਸੀ। ਇਹ ਕਾਫੀ ਨਿਰਾਸ਼ਾਜਨਕ ਸੀ ਕਿਉਂਕਿ ਸੱਟ ਠੀਕ ਨਹੀਂ ਹੋ ਰਹੀ ਸੀ। ਮੈਂ ਕਹਿ ਸਕਦਾ ਹਾਂ ਕਿ ਇਹ ਮੇਰੇ ਕਰੀਅਰ ਦਾ ਸਭ ਤੋਂ ਅੌਖਾ ਦੌਰ ਸੀ ਪਰ ਮੈਨੂੰ ਵਿਸ਼ਵਾਸ ਸੀ ਕਿ ਮੈਂ ਠੀਕ ਹੋ ਕੇ ਜਲਦੀ ਟੀਮ 'ਚ ਵਾਪਸੀ ਕਰਾਂਗਾ। ਮੈਨੂੰ ਪਰਿਵਾਰ ਵਾਲਿਆਂ, ਦੋਸਤਾਂ ਤੇ ਟੀਮ ਦੇ ਸਾਥੀਆਂ ਦਾ ਪੂਰਾ ਸਾਥ ਮਿਲਿਆ। ਪੰਜਾਬ ਦੇ ਫਰੀਦਕੋਟ ਦੇ ਇਸ ਡਰੈਗ ਫਲਿਕਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਕਰੀਅਰ ਦੀ ਨਵੀਂ ਸ਼ੁਰੂਆਤ ਹੈ। ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਹੈ। ਸ਼ਾਇਦ ਭਗਵਾਨ ਦੀ ਇਹੀ ਮਰਜ਼ੀ ਸੀ। ਮੈਂ ਇਸ ਲਈ ਕਾਫੀ ਮਿਹਨਤ ਕੀਤੀ ਹੈ ਤੇ ਪਹਿਲਾਂ ਮੇਰਾ ਟੀਚਾ ਏਸ਼ੀਆ ਕੱਪ ਲਈ ਮੁੜਨਾ ਸੀ ਪਰ ਮੈਂ ਕੋਈ ਜਲਦਬਾਜ਼ੀ ਨਹੀਂ ਚਾਹੁੰਦਾ ਸੀ। ਮੈਂ ਆਪਣਾ ਮਨੋਬਲ ਬਣਾਈ ਰੱਖਣ ਲਈ ਦਿੱਲੀ ਤੇ ਬੈਂਗਲੁਰੂ 'ਚ ਸਾਈ ਸੈਂਟਰ 'ਤੇ ਮਨੋਵਿਗਿਆਨਕ ਦੀ ਸਲਾਹ ਵੀ ਲਈ। ਰੁਪਿੰਦਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਲਈ ਇਸ ਵਾਰ ਚੁਣੌਤੀ ਸੌਖੀ ਨਹੀਂ ਹੋਵੇਗੀ ਕਿਉਂਕਿ ਟੀਮ 'ਚ ਜੂਨੀਅਰ ਵਿਸ਼ਵ ਕੱਪ ਸਟਾਰ ਹਰਮਨਪ੍ਰੀਤ ਵਰਗੇ ਡਰੈਗ ਫਲਕਿਰ ਦੇ ਹੁੰਦਿਆਂ ਮੁਕਾਬਲਾ ਸਖ਼ਤ ਹੈ। ਉਨ੍ਹਾਂ ਨੇ ਕਿਹਾ ਕਿ ਜੂਨੀਅਰ ਖਿਡਾਰੀ ਸਾਨੂੰ ਚੰਗੇ ਪ੍ਰਦਰਸ਼ਨ ਲਈ ਪ੍ਰੇਰਿਤ ਕਰਦੇ ਹਨ।