ਚੈਂਪੀਅਨਜ਼ ਟਰਾਫੀ

-ਇਕ ਦਿਨਾ ਦਰਜਾਬੰਦੀ 'ਚ ਸਿਖ਼ਰ 'ਤੇ ਹੈ ਡਿਵਿਲੀਅਰਜ਼ ਦੀ ਟੀਮ

-ਮਲਿੰਗਾ ਦੀ ਵਾਪਸੀ ਨਾਲ ਮਜ਼ਬੂਤ ਹੋਵੇਗੀ ਮੈਥਿਊਜ਼ ਦੀ ਫ਼ੌਜ

ਲੰਡਨ (ਏਐੱਫਪੀ) : ਦੱਖਣੀ ਅਫਰੀਕਾ ਚੈਂਪੀਅਨਜ਼ ਟਰਾਫੀ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਸ਼ਨਿਚਰਵਾਰ ਨੂੰ ਇੱਥੇ ਓਵਲ 'ਚ ਸ੍ਰੀਲੰਕਾ ਖ਼ਿਲਾਫ਼ ਮੁਕਾਬਲੇ ਨਾਲ ਕਰੇਗਾ। ਇਸ ਸਾਲ ਜਨਵਰੀ 'ਚ ਦੱਖਣੀ ਅਫਰੀਕਾ 'ਚ ਹੋਈ ਦੁਵੱਲੀ ਸੀਰੀਜ਼ 'ਚ ਮੇਜ਼ਬਾਨ ਟੀਮ ਨੇ ਸ੍ਰੀਲੰਕਾ ਦਾ 5-0 ਨਾਲ ਕਲੀਨ ਸਵੀਪ ਕੀਤਾ ਸੀ ਹਾਲਾਂਕਿ ਉਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਆਪਣੇ ਮੈਦਾਨਾਂ 'ਤੇ ਹੀ ਆਸਟ੫ੇਲੀਆ ਦਾ ਵੀ 5-0 ਨਾਲ ਸਫ਼ਾਇਆ ਕੀਤਾ ਸੀ। ਦੱਖਣੀ ਅਫਰੀਕਾ ਇਕ ਦਿਨਾ ਦਰਜਾਬੰਦੀ 'ਚ ਸਿਖਰ 'ਤੇ ਕਾਬਜ ਹੈ ਪਰ ਆਈਸੀਸੀ ਦੇ ਟੂਰਨਾਮੈਂਟ 'ਚ ਉਸ ਦੀ ਪਛਾਣ ਚੋਕਰਸ ਵਜੋਂ ਬਣੀ ਹੋਈ ਹੈ। ਉਸ ਨੇ 1998 'ਚ ਚੈਂਪੀਅਨਜ਼ ਟਰਾਫੀ ਦੇ ਉਦਘਾਟਨੀ ਐਡੀਸ਼ਨ ਦੇ ਰੂਪ 'ਚ ਆਪਣਾ ਇੱਕੋ ਇਕ ਆਈਸੀਸੀ ਟੂਰਨਾਮੈਂਟ ਜਿੱਤਿਆ ਸੀ।

ਆਤਮਵਿਸ਼ਵਾਸ ਦਾ ਕਾਰਨ :

ਦੱਖਣੀ ਅਫਰੀਕਾ ਕੋਲ ਏਬੀ ਡਿਵਿਲੀਅਰਜ਼ ਤੇ ਕੈਗਿਸੋ ਰਬਾਦਾ ਦੇ ਰੂਪ 'ਚ ਵਨ ਡੇ ਰੈਂਕਿੰਗ 'ਚ ਨੰਬਰ ਇਕ ਬੱਲੇਬਾਜ਼ ਤੇ ਗੇਂਦਬਾਜ਼ ਹਨ। ਆਈਸੀਸੀ ਰੈਂਕਿੰਗ 'ਚ ਸਿਖਰਲੇ ਦਸ ਵਿਚ ਉਸ ਦੇ ਚਾਰ ਬੱਲੇਬਾਜ਼ ਤੇ ਦੋ ਗੇਂਦਬਾਜ਼ ਹਨ ਜਦਕਿ ਸੱਤਵੇਂ ਸਥਾਨ 'ਤੇ ਕਾਬਜ ਸ੍ਰੀਲੰਕਾ 'ਚੋਂ ਕੋਈ ਵੀ ਇਸ ਸੂਚੀ 'ਚ ਨਹੀਂ ਹੈ। ਮੇਜ਼ਬਾਨ ਇੰਗਲੈਂਡ ਹੱਥੋਂ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਅਭਿਆਸ ਦੇ ਰੂਪ 'ਚ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 1-2 ਨਾਲ ਗਵਾਉਣ ਵਾਲੇ ਦੱਖਣੀ ਅਫਰੀਕੀ ਕਪਤਾਨ ਡਿਵਿਲੀਅਰਜ਼ ਨੇ ਕਿਹਾ ਕਿ ਅਸੀਂ ਅਜੇ ਵੀ ਦੁਨੀਆ ਦੀ ਨੰਬਰ ਇਕ ਰੈਂਕਿੰਗ ਵਾਲੀ ਟੀਮ ਦੇ ਰੂਪ 'ਚ ਟੂਰਨਾਮੈਂਟ 'ਚ ਉਤਰ ਰਹੇ ਹਾਂ ਇਸ ਲਈ ਸਾਡੇ ਕੋਲ ਆਤਮਵਿਸ਼ਵਾਸ ਨਾਲ ਭਰੇ ਹੋਣ ਦੇ ਕਈ ਕਾਰਨ ਹਨ।

ਛੁਪਾ ਰੁਸਤਮ :

ਸ੍ਰੀਲੰਕਾ ਨੂੰ ਮੌਜੂਦਾ ਟੂਰਨਾਮੈਂਟ 'ਚ ਛੁਪਿਆ ਰੁਸਤਮ ਮੰਨਿਆ ਜਾ ਰਿਹਾ ਹੈ। ਪਿਛਲੇ ਦਿਨੀਂ ਉਸ ਦੇ ਸੰਘਰਸ਼ ਦਾ ਅਹਿਮ ਕਾਰਨ ਉਸ ਦੇ ਮੁੱਖ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਗ਼ੈਰਮੌਜੂਦਗੀ ਰਹੀ ਜੋ ਗੋਡੇ ਦੀ ਸੱਟ ਕਾਰਨ ਨਵੰਬਰ, 2015 ਤੋਂ ਕੋਈ ਵੀ ਵਨ ਡੇ ਮੈਚ ਨਹੀਂ ਖੇਡੇ ਹਨ। ਮਲਿੰਗਾ ਦੀ ਹੁਣ ਵਾਪਸੀ ਹੋ ਚੁੱਕੀ ਹੈ ਜੋ ਆਪਣੇ ਐਕਸ਼ਨ ਕਾਰਨ ਦੁਨੀਆ ਦੇ ਸਭ ਤੋਂ ਖ਼ਤਰਨਾਕ ਗੇਂਦਬਾਜ਼ਾਂ ਵਿਚੋਂ ਇਕ ਮੰਨੇ ਜਾਂਦੇ ਹਨ। ਕਪਤਾਨ ਏਂਜੇਲੋ ਮੈਥਿਊਜ਼ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਸਾਡੇ ਮੁੱਖ ਗੇਂਦਬਾਜ਼ ਰਹੇ ਹਨ ਅਤੇ ਸਾਨੂੰ ਉਨ੍ਹਾਂ ਦੀ ਘਾਟ ਰੜਕੀ। ਉਹ ਵਨ ਡੇ ਿਯਕਟ 'ਚ ਵਾਪਸੀ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਸਾਨੂੰ ਇਕ ਵਾਰ ਮੁੜ ਉਨ੍ਹਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ।

ਮੈਥਿਊਜ਼ 'ਤੇ ਸਵਾਲ :

ਦੱਖਣੀ ਅਫਰੀਕਾ ਖ਼ਿਲਾਫ਼ ਮੈਚ 'ਚ ਹਰਫ਼ਨਮੌਲਾ ਮੈਥਿਊਜ਼ ਦੀ ਮੌਜੂਦਗੀ 'ਤੇ ਵੀ ਸਵਾਲ ਖੜ੍ਹੇ ਹੋਏ ਹਨ। ਸਕੈਨ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਲੱਤ 'ਚ ਖਿਚਾਅ ਹੈ। ਉਹ ਨਿਊਜ਼ੀਲੈਂਡ ਖ਼ਿਲਾਫ਼ ਅਭਿਆਸ ਮੈਚ 'ਚ ਵੀ ਨਹੀਂ ਖੇਡੇ ਸਨ। ਜਿੱਥੇ ਤਕ ਗੇਂਦਬਾਜ਼ੀ ਦੀ ਗੱਲ ਹੈ ਤਾਂ ਸ੍ਰੀਲੰਕਾਈ ਟੀਮ ਦਾ ਮੰਨਣਾ ਹੈ ਕਿ ਦੱਖਣੀ ਅਫਰੀਕੀ ਟੀਮ ਦੀ ਕਮਜ਼ੋਰੀ ਸਪਿੰਨ ਗੇਂਦਬਾਜ਼ੀ ਹੈ। ਇਸ ਦਾ ਫ਼ਾਇਦਾ 25 ਸਾਲਾ ਖੱਬੇ ਹੱਥ ਦੇ ਸਪਿੰਨਰ ਲਕਸ਼ਣ ਸੰਦਾਕਨ ਨੂੰ ਮਿਲ ਸਕਦਾ ਹੈ ਅਤੇ ਉਹ ਉਨ੍ਹਾਂ ਨੂੰ ਮੁਸ਼ਕਿਲ 'ਚ ਪਾ ਸਕਦੇ ਹਨ।