ਰਿਕਸ਼ੇ 'ਚੋਂ ਡਿੱਗਣ ਕਾਰਨ ਸੁਰਿੰਦਰ ਕੌਰ ਦੇ ਚੂਲ੍ਹੇ ਤੇ ਬਾਂਹ 'ਚ ਆਇਆ ਫੈਕਚਰ

-ਪਰਸ ਖੋਹ ਕੇ ਰਿਕਸ਼ੇ ਤੋਂ ਧੱਕਾ ਦੇ ਕੇ ਡੇਗ ਗਏ ਲੁਟੇਰੇ

-ਗੰਭੀਰ ਹਾਲਤ 'ਚ ਹਸਪਤਾਲ ਕਰਵਾਇਆ ਦਾਖ਼ਲ

6-7-7ਏ

ਜੇਐੱਨਐੱਨ, ਜਲੰਧਰ : ਆਦਮਪੁਰ ਦੇ ਵਿਧਾਇਕ ਤੇ ਅਕਾਲੀ ਦੇ ਬੁਲਾਰੇ ਪਵਨ ਟੀਨੂੰ ਦੀ ਮਾਤਾ ਸੁਰਿੰਦਰ ਕੌਰ 'ਤੇ ਸ਼ੁੱਕਰਵਾਰ ਦੁਪਹਿਰ ਕਰੀਬ 3.30 ਵਜੇ ਚੁਨਮਨ ਮਾਲ ਦੇ ਬਾਹਰ ਐਕਟਿਵਾ ਸਵਾਰ ਦੋ ਲੁਟੇਰਿਆਂ ਨੇ ਪਰਸ ਖੋਹਣ ਲਈ ਹਮਲਾ ਕਰ ਦਿੱਤਾ। ਲੁਟੇਰਿਆਂ ਦੇ ਹਮਲੇ 'ਚ ਸੁਰਿੰਦਰ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ, ਜਿਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਖਬਰ ਮਿਲਦਿਆਂ ਹੀ ਵਿਧਾਇਕ ਪਵਨ ਟੀਨੂੰ ਹਸਪਤਾਲ ਪੁੱਜੇ ਗਏ। ਉਥੇ ਹੀ ਡੀਸੀਪੀ ਗੁਰਮੀਤ ਸਿੰਘ, ਏਡੀਸੀਪੀ ਸੁਡਰਵਿਜ਼ੀ, ਏਸੀਪੀ ਸਮੀਰ ਵਰਮਾ ਵੀ ਮੌਕੇ 'ਤੇ ਪੁੱਜੇ। ਥਾਣਾ 6 ਦੇ ਇੰਚਾਰਜ ਪ੍ਰੇਮ ਕੁਮਾਰ ਨੇ ਮਾਮਲਾ ਦਰਜ ਕਰਕੇ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਫਰੋਲਣੇ ਸ਼ੁਰੂ ਕਰ ਦਿੱਤੇ ਤਾਂ ਜੋ ਲੁਟੇਰਿਆਂ ਦੀ ਪਛਾਣ ਹੋ ਸਕੇ। ਵਿਧਾਇਕ ਪਵਨ ਟੀਨੂੰ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਉਨ੍ਹਾਂ ਦੀ ਮਾਤਾ ਸੁਰਿੰਦਰ ਕੌਰ ਦਕੋਹਾ 'ਚ ਰਹਿਣ ਵਾਲੇ ਆਪਣੇ ਭਰਾ ਕੋਲ ਜਾਣ ਲਈ ਬੱਸ ਸਟੈਂਡ ਵੱਲ ਰਿਕਸ਼ੇ 'ਤੇ ਜਾ ਰਹੀ ਸੀ। ਜਦੋਂ ਉਹ ਚੁਨਮੁਨ ਮਾਲ ਕੋਲ ਪੁੱਜੀ ਤਾਂ ਐਕਟਿਵਾ 'ਤੇ ਆਏ ਦੋ ਨੌਜਵਾਨ, ਜਿਨ੍ਹਾਂ ਨੇ ਮੰਕੀ ਕੈਪ ਪਾਈਆਂ ਹੋਈਆਂ ਸਨ, ਉਸ ਦੀ ਪਰਸ ਖੋਹਣ ਲੱਗੇ। ਜਦੋਂ ਉਨ੍ਹਾਂ ਨੇ ਪਰਸ ਨਹੀਂ ਛੱਡਿਆ ਤਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਰਿਕਸ਼ੇ ਤੋਂ ਹੇਠ ਡੇਗ ਦਿੱਤਾ ਅਤੇ ਪਰਸ ਲੈ ਕੇ ਭੱਜ ਗਏ। ਸੁਰਿੰਦਰ ਕੌਰ ਦੀ ਬਾਂਹ ਤੇ ਚਿਹਰੇ ਤੋਂ ਖੂਨ ਨਿਕਲਣ ਲੱਗਾ। ਇਸ ਦੌਰਾਨ ਉਥੋਂ ਜਾ ਰਹੀਆਂ ਦੋ ਕੁੜੀਆਂ ਨੇ ਦੇਖਿਆ ਤਾਂ ਉਨ੍ਹਾਂ ਕੋਲ ਆ ਗਈਆਂ। ਉਨ੍ਹਾਂ ਨੇ ਸੁਰਿੰਦਰ ਕੌਰ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਲੱਤ 'ਤੇ ਵੀ ਸੱਟ ਲੱਗ ਗਈ ਸੀ। ਅਜਿਹੇ 'ਚ ਦੋਵਾਂ ਕੁੜੀਆਂ ਨੇ ਉਥੋਂ ਜਾ ਰਹੇ ਪੁਲਿਸ ਮੁਲਾਜ਼ਮਾਂ ਨੂੰ ਰੋਕਿਆ ਤੇ ਉਨ੍ਹਾਂ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ।

ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ। ਦੇਰ ਰਾਤ ਤਕ ਹਸਪਤਾਲ 'ਚ ਜ਼ਖ਼ਮੀ ਸੁੁਰਿੰਦਰ ਕੌਰ ਦਾ ਹਾਲ ਪੁੱਛਣ ਲਈ ਸਿਆਸੀ ਵਿਅਕਤੀ ਆ ਰਹੇ ਸਨ।

ਸੁਰਿੰਦਰ ਕੌਰ ਦੇ ਗੁੱਟ ਦੀ ਹੱਡੀ ਤੇ ਚੂਲ੍ਹੇ ਨੇੜਲੀ ਹੱਡੀ ਫ੍ਰੈਕਚਰ ਹੋਈ ਹੈ। ਚੂਲ੍ਹੇ ਨੇੜੇ ਰਾਡ ਪਾਉਣੀ ਪੈ ਸਕਦੀ ਹੈ। ਉਨ੍ਹਾਂ ਦੇ ਮੱਥੇ, ਅੱਖ ਤੇ ਬੁੱਲ੍ਹਾਂ ਨੇੜੇ ਵੀ ਜ਼ਖਮ ਹੋਏ ਹਨ। ਇਲਾਜ ਕੀਤਾ ਜਾ ਰਿਹਾ ਹੈ ਅਤੇ ਹਾਲਤ ਠੀਕ ਹੋ ਰਹੀ ਹੈ।

ਡਾ. ਕੁਲਵੰਤ ਸਿੰਘ, ਕੇਜੀਐੱਮ ਹਸਪਤਾਲ