ਨਵਾਂ ਬਾਦਸ਼ਾਹ

-ਫਾਈਨਲ 'ਚ 41 ਵਾਰ ਦੇ ਚੈਂਪੀਅਨ ਮੁੰਬਈ ਨੂੰ ਪੰਜ ਵਿਕਟਾਂ ਨਾਲ ਦਿੱਤੀ ਮਾਤ

-ਕਪਤਾਨ ਪਾਰਥਿਵ ਨੇ ਖੇਡੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ

ਨਵੀਂ ਦਿੱਲੀ (ਜੇਐੱਨਐੱਨ) : ਆਖ਼ਰ ਗੁਜਰਾਤ ਦੀ 83 ਸਾਲ ਦੀ ਉਡੀਕ ਸਮਾਪਤ ਹੋ ਹੀ ਗਈ। 66 ਸਾਲ ਬਾਅਦ ਰਣਜੀ ਟਰਾਫੀ ਦੇ ਫਾਈਨਲ 'ਚ ਪੁੱਜੇ ਗੁਜਰਾਤ ਨੇ ਸ਼ਨਿਚਰਵਾਰ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ 'ਚ 41 ਵਾਰ ਦੇ ਚੈਂਪੀਅਨ ਮੁੰਬਈ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਖ਼ਿਤਾਬ ਜਿੱਤ ਲਿਆ। ਗੁਜਰਾਤ ਦੀ ਇਸ ਜਿੱਤ 'ਚ ਉਸ ਦੇ ਕਪਤਾਨ ਪਾਰਥਿਵ ਪਟੇਲ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਨੇ ਮੁਸ਼ਕਿਲ ਹਾਲਾਤ 'ਚ ਲਾਜਵਾਬ ਸੈਂਕੜਾ ਲਾ ਕੇ ਟੀਮ ਨੂੰ ਪਹਿਲੀ ਵਾਰ ਰਣਜੀ ਚੈਂਪੀਅਨ ਬਣਾ ਦਿੱਤਾ। ਜਿੱਤ ਲਈ ਮਿਲੇ ਰਿਕਾਰਡ 312 ਦੌੜਾਂ ਦੇ ਟੀਚੇ ਨੂੰ ਗੁਜਰਾਤ ਨੇ ਮੈਚ ਦੇ ਆਖ਼ਰੀ ਦਿਨ ਪਾਰਥਿਵ ਦੀਆਂ 143 ਦੌੜਾਂ ਦੇ ਦਮ 'ਤੇ ਪੰਜ ਵਿਕਟਾਂ 'ਤੇ 313 ਦੌੜਾਂ ਬਣਾ ਕੇ ਹਾਸਿਲ ਕਰ ਲਿਆ। ਪਾਰਥਿਵ ਨੇ ਆਪਣੀ ਪਾਰੀ 'ਚ 196 ਗੇਂਦਾਂ ਦਾ ਸਾਹਮਣਾ ਕਰ ਕੇ 24 ਚੌਕੇ ਲਾਏ।

ਹਾਸਿਲ ਕੀਤਾ ਰਿਕਾਰਡ ਟੀਚਾ :

ਗੁਜਰਾਤ ਨੇ ਰਣਜੀ ਫਾਈਨਲ 'ਚ ਸਭ ਤੋਂ ਵੱਡਾ ਟੀਚਾ ਹਾਸਿਲ ਕਰਨ ਦਾ ਰਿਕਾਰਡ ਵੀ ਬਣਾ ਲਿਆ। ਇਸ ਤੋਂ ਪਹਿਲਾਂ ਦਾ ਰਿਕਾਰਡ ਹੈਦਰਾਬਾਦ ਦੇ ਨਾਂ ਸੀ ਜਿਸ ਨੇ 1938 'ਚ ਨਵਾਨਗਰ ਖ਼ਿਲਾਫ਼ ਨੌਂ ਵਿਕਟਾਂ 'ਤੇ 310 ਦੌੜਾਂ ਬਣਾਈਆਂ ਸਨ।

34 ਦੌੜਾਂ 'ਤੇ ਹੀ ਆਊਟ ਹੋ ਗਏ ਪਾਂਚਾਲ :

ਗੁਜਰਾਤ ਨੇ ਸਵੇਰੇ ਬਿਨਾਂ ਕਿਸੇ ਨੁਕਸਾਨ ਦੇ 47 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਉਸ ਨੇ ਇਸੇ ਸਕੋਰ 'ਤੇ ਇਸ ਸੈਸ਼ਨ 'ਚ ਸਭ ਤੋਂ ਜ਼ਿਆਦਾ 1310 ਦੌੜਾਂ ਬਣਾਉਣ ਵਾਲੇ ਸਲਾਮੀ ਬੱਲੇਬਾਜ਼ ਪਿ੍ਰਆਂਕ ਪਾਂਚਾਲ (34) ਦੀ ਵਿਕਟ ਗੁਆ ਦਿੱਤੀ। ਪਾਂਚਾਲ ਨੇ ਬਲਵਿੰਦਰ ਸਿੰਧੂ (2/101) ਦੀ ਆਫ ਸਟੰਪ ਤੋਂ ਬਾਹਰ ਜਾਂਦੀ ਗੇਂਦ 'ਤੇ ਦੂਜੀ ਸਲਿੱਪ 'ਤੇ ਖੜ੍ਹੇ ਸੂਰਿਆ ਕੁਮਾਰ ਯਾਦਵ ਨੂੰ ਕੈਚ ਦਿੱਤਾ। ਸੰਧੂ ਨੇ ਨਵੇਂ ਬੱਲੇਬਾਜ਼ ਭਾਰਗਵ ਮੇਰਾਈ (ਦੋ) ਨੂੰ ਵੀ ਜਲਦੀ ਪਵੇਲੀਅਨ ਭੇਜ ਦਿੱਤਾ।

ਪਾਰਥਿਵ ਨੇ ਸੰਭਾਲਿਆ ਮੋਰਚਾ :

ਮੈਨ ਆਫ ਦਿ ਮੈਚ ਪਾਰਥਿਵ ਨੇ ਯੀਜ਼ 'ਤੇ ਕਦਮ ਰੱਖਿਆ ਪਰ ਦੂਜੇ ਸਲਾਮੀ ਬੱਲੇਬਾਜ਼ ਸਮਿਤ ਗੋਹਿਲ (21) ਦੇ ਆਊਟ ਹੋਣ ਨਾਲ ਗੁਜਰਾਤ ਦਾ ਸਕੋਰ ਤਿੰਨ ਵਿਕਟਾਂ 'ਤੇ 89 ਦੌੜਾਂ ਹੋ ਗਿਆ। ਮੁੰਬਈ ਚੰਗੀ ਸਥਿਤੀ 'ਚ ਦਿਖਾਈ ਦੇ ਰਹੀ ਸੀ ਪਰ ਪਾਰਥਿਵ ਨੇ ਮਨਪ੍ਰੀਤ ਜੁਨੇਜਾ (54) ਨਾਲ ਚੌਥੀ ਵਿਕਟ ਲਈ 116 ਅਤੇ ਰੁਜੁਲ ਭੱਟ (ਅਜੇਤੂ 27) ਨਾਲ ਪੰਜਵੀਂ ਵਿਕਟ ਲਈ 94 ਦੌੜਾਂ ਜੋੜੀਆਂ। ਭਟ ਜਦ ਸਿਰਫ ਇਕ ਦੌੜ 'ਤੇ ਸਨ ਉਦੋਂ ਤਾਰੇ ਨੇ ਉਨ੍ਹਾਂ ਦਾ ਸੌਖਾ ਕੈਚ ਛੱਡਿਆ। ਗੇਂਦ ਉਨ੍ਹਾਂ ਦੇ ਪਿੱਛੇ ਹੈਲਮਟ 'ਤੇ ਲੱਗੀ ਜਿਸ ਨਾਲ ਮੁੰਬਈ ਨੂੰ ਪੰਜ ਪੈਨਲਟੀ ਦੌੜਾਂ ਵੀ ਗੁਆਉਣੀਆਂ ਪਈਆਂ। ਭੱਟ ਨੂੰ ਇਸ ਤੋਂ ਬਾਅਦ ਵੀ ਦੋ ਵਾਰ ਜੀਵਨਦਾਨ ਮਿਲੇ। ਪਾਰਥਿਵ ਦੀ ਪਾਰੀ ਦਾ ਅੰਤ ਆਖ਼ਰ 'ਚ ਸ਼ਾਰਦੁਲ ਠਾਕੁਰ ਨੇ ਕੀਤਾ। ਪਾਰਥਿਵ ਨੇ ਸ਼ਾਰਟ ਪਿਚ ਗੇਂਦ 'ਤੇ ਵਾਪਸ ਗੇਂਦਬਾਜ਼ ਨੂੰ ਕੈਚ ਦਿੱਤਾ ਪਰ ਉਦੋਂ ਗੁਜਰਾਤ ਟੀਚੇ ਤੋਂ ਸਿਰਫ 13 ਦੌੜਾਂ ਦੂਰ ਸੀ। ਚਿਰਾਗ ਗਾਂਧੀ (ਅਜੇਤੂ 11) ਨੇ ਠਾਕੁਰ 'ਤੇ ਲਗਾਤਾਰ ਦੋ ਚੌਕੇ ਲਾ ਕੇ ਟੀਮ ਨੂੰ ਟੀਚੇ ਤਕ ਪਹੁੰਚਾਇਆ।