ਜਕਾਰਤਾ (ਪੀਟੀਆਈ) : ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਬੁੱਧਵਾਰ ਨੂੰ ਇੱਥੇ ਏਸ਼ੀਅਨ ਪੈਰਾ ਗੇਮਜ਼ ਦੇ ਮਰਦ ਨਿੱਜੀ ਰਿਕਰਵ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਿਆ। ਇਨ੍ਹਾਂ ਖੇਡਾਂ ਵਿਚ ਤੀਰਅੰਦਾਜ਼ੀ ਵਿਚ ਭਾਰਤ ਦਾ ਇਹ ਪਹਿਲਾ ਗੋਲਡ ਮੈਡਲ ਹੈ। ਖੇਡਾਂ ਦੇ ਪੰਜਵੇਂ ਦਿਨ ਭਾਰਤ ਨੇ ਤਿੰਨ ਸਿਲਵਰ ਤੇ ਚਾਰ ਕਾਂਸੇ ਦੇ ਮੈਡਲ ਜਿੱਤੇ। ਹਰਵਿੰਦਰ ਨੇ ਡਬਲਯੂ2/ਐੱਸਟੀ ਵਰਗ ਦੇ ਫਾਈਨਲ ਵਿਚ ਚੀਨ ਦੇ ਝਾਓ ਲਿਸ਼ਿਊ ਨੂੰ 6-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰਦੇ ਹੋਏ ਭਾਰਤ ਦੇ ਗੋਲਡ ਮੈਡਲਾਂ ਦੀ ਗਿਣਤੀ ਨੂੰ ਸੱਤ ਤਕ ਪਹੁੰਚਾਇਆ। ਡਬਲਯੂ-2 ਵਰਗ ਵਿਚ ਅਜਿਹੇ ਖਿਡਾਰੀ ਹੁੰਦੇ ਹਨ ਜੋ ਗੋਡੇ ਦੇ ਹੇਠਾਂ ਦੋਵੇਂ ਪੈਰ ਕੱਟੇ ਹੋਣ ਕਾਰਨ ਖੜ੍ਹੇ ਨਹੀਂ ਹੋ ਸਕਦੇ ਤੇ ਉਨ੍ਹਾਂ ਨੂੰ ਵ੍ਹੀਲਚੇਅਰ ਦੀ ਲੋੜ ਪੈਂਦੀ ਹੈ। ਐੱਸਟੀ ਵਰਗ ਦੇ ਤੀਰਅੰਦਾਜ਼ ਵਿਚ ਸੀਮਿਤ ਅੰਗਹੀਣਤਾ ਹੁੰਦੀ ਹੈ ਤੇ ਉਹ ਵ੍ਹੀਲਚੇਅਰ ਤੋਂ ਬਿਨਾਂ ਵੀ ਨਿਸ਼ਾਨਾ ਲਾ ਸਕਦੇ ਹਨ।

ਮੋਨੂ ਘੰਗਾਸ ਨੇ ਮਰਦ ਚੱਕਾ ਸੁੱਟ ਐੱਫ-11 ਵਰਗ ਵਿਚ ਸਿਲਵਰ ਮੈਡਲ ਜਿੱਤਿਆ ਜਦਕਿ ਮੁਹੰਮਦ ਯਾਸਿਰ ਨੇ ਮਰਦ ਗੋਲਾ ਸੁੱਟ ਐੱਫ 46 ਵਰਗ ਵਿਚ ਕਾਂਸੇ ਦਾ ਮੈਡਲ ਹਾਸਿਲ ਕੀਤਾ। ਮੋਨੂ ਨੇ ਤੀਜੀ ਕੋਸ਼ਿਸ਼ ਵਿਚ 35.89 ਦੀ ਦੂਰੀ ਤੈਅ ਕਰ ਕੇ ਮੈਡਲ ਜਿੱਤਣ ਵਿਚ ਕਾਮਯਾਬੀ ਹਾਸਿਲ ਕੀਤੀ। ਵਿਜੇ ਕੁਮਾਰ ਨੇ ਮਰਦਾਂ ਦੀ ਉੱਚੀ ਛਾਲ ਵਿਚ ਟੀ 42/ਟੀ61/ਟੀ63 ਮੁਕਾਬਲੇ ਵਿਚ ਦੂਜਾ ਸਥਾਨ ਹਾਸਿਲ ਕੀਤਾ।

ਈਰਾਨ ਦੇ ਓਲਾਦ ਮਹਾਦੀ ਨੇ 42.37 ਮੀਟਰ ਦੇ ਨਵੇਂ ਰਿਕਾਰਡ ਨਾਲ ਗੋਲਡ ਮੈਡਲ ਜਿੱਤਿਆ। ਗੋਲਾ ਸੁੱਟ ਵਿਚ ਯਾਸਿਰ ਨੇ 14.22 ਮੀਟਰ ਦੀ ਕੋਸ਼ਿਸ਼ ਵਿਚ ਕਾਂਸੇ ਦਾ ਮੈਡਲ ਜਿੱਤਿਆ। ਚੀਨ ਦੇ ਵੇਈ ਐਨਲੋਂਗ (15.67 ਮੀਟਰ) ਨੇ ਖੇਡਾਂ ਦੇ ਨਵੇਂ ਰਿਕਾਰਡ ਨਾਲ ਗੋਲਡ ਜਦਕਿ ਕਜਾਕਿਸਤਾਨ ਦੇ ਮਾਨਸੁਰਬਾਏਵ ਰਾਵਿਲ (14.66 ਮੀਟਰ) ਨੇ ਸਿਲਵਰ ਮੈਡਲ ਜਿੱਤਿਆ।