ਨਵੀਂ ਦਿੱਲੀ : ਬੀਤੇ ਦਿਨੀਂ ਮੁੰਬਈ ਨੇੜੇ ਸਮੁੰਦਰ 'ਚ ਪਾਈਪਲਾਈਨ ਰਾਹੀਂ ਕੱਚੇ ਤੇਲ ਦੇ ਰਿਸਾਅ ਨਾਲ ਵਾਤਾਵਰਨ ਮੰਤਰਾਲੇ ਨੇ ਓਐਨਜੀਸੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਵਾਤਾਵਰਨ ਮੰਤਰਾਲੇ ਵਲੋਂ ਵੀਰਵਾਰ ਨੂੰ ਜਾਰੀ ਬਿਆਨ 'ਚ ਓਐਨਜੀਸੀ ਨੂੰ ਨੋਟਿਸ ਜਾਰੀ ਕਰ ਪੁੱਿਛਆ ਗਿਆ ਹੈ ਕਿ ਕਿਉਂ ਨਾ ਉਸ ਖ਼ਿਲਾਫ਼ ਵਾਤਾਵਰਨ ਸੁਰੱਖਿਆ ਐਕਟ, 1986 ਤਹਿਤ ਕਾਰਵਾਈ ਕੀਤੀ ਜਾਵੇ? ਮੰਤਰਾਲੇ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਮੈਂਬਰ ਸਕੱਤਰ ਜੇਐਸ ਕਾਮਯੋਤਰਾ ਦੀ ਪ੍ਰਧਾਨਗੀ 'ਚ ਇਕ ਜਾਂਚ ਟੀਮ ਦਾ ਵੀ ਗਠਨ ਕੀਤਾ ਹੈ। ਜਾਂਚ ਟੀਮ ਨੇ 14 ਅਕਤੂਬਰ ਤਕ ਰਿਪੋਰਟ ਸੌਂਪਣੀ ਹੈ। ਜ਼ਿਕਰਯੋਗ ਹੈ ਕਿ ਰਾਏਗੜ੍ਹ ਦੇ ਉਰਾਨ ਸਥਿਤ ਓਐਨਜੀਸੀ ਦੇ ਪਲਾਂਟ 'ਚ ਬੀਤੇ ਸੋਮਵਾਰ ਨੂੰ ਪਾਈਪਲਾਈਨ ਤੋਂ ਕਰੀਬ 1.5 ਟਨ ਕੱਚਾ ਤੇਲ ਰਿੱਸ ਕੇ ਸਮੁੰਦਰ 'ਚ ਫੈਲ ਗਿਆ ਸੀ। ਤੇਲ ਦੇ ਰਿਸਾਅ ਕਾਰਨ ਮੱਛੀਆਂ ਅਤੇ ਸਮੁੰਦਰੀ ਜੀਵ ਮਾਰੇ ਗਏ ਸਨ ਅਤੇ ਮਛੇਰਿਆਂ ਨੂੰ ਸਮੁੰਦਰ 'ਚ ਜਾਣ ਤੋਂ ਰੋਕਣਾ ਪਿਆ ਸੀ। ਇਸ ਪਲਾਂਟ 'ਚ ਰਿਫਾਈਨਿੰਗ ਲਈ ਕੱਚਾ ਤੇਲ ਸਮੁੰਦਰ 'ਚ ਬਣੀ ਪਾਈਪਲਾਈਨ ਜ਼ਰੀਏ ਬਾਂਬੇ ਹਾਈ ਤੋਂ ਆਉਂਦਾ ਹੈ।