ਬਾਰਸੀਲੋਨਾ (ਏਜੰਸੀ) : ਸਟਾਰ ਸਟਰਾਈਕਰ ਲਿਓਨ ਮੈਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬਾਰਸੀਲੋਨਾ ਨੇ ਐਥਲੈਟਿਕ ਬਿਲਬਾਓ ਨੂੰ 3-1 ਨਾਲ ਹਰਾ ਕੇ 27ਵੀਂ ਵਾਰ ਕੋਪਾ ਡੇਲ ਰੇ ਕੱਪ 'ਤੇ ਕਬਜ਼ਾ ਕੀਤਾ। ਇਹ ਬਾਰਸੀਲੋਨਾ ਦਾ ਲਗਾਤਾਰ ਦੂਜਾ ਖ਼ਿਤਾਬ ਹੈ। ਕਰੀਬ 99 ਹਜ਼ਾਰ ਦੀ ਸਮਰਥਾ ਵਾਲੇ ਕੇਂਪ ਨੋਊ ਸਟੇਡੀਅਮ 'ਚ ਮੈਸੀ ਨੇ 20ਵੇਂ ਮਿੰਟ 'ਚ ਵਿਰੋਧੀ ਟੀਮ ਦੇ ਚਾਰ ਡਿਫੈਂਡਰਾਂ ਨੂੰ ਝਾਕਾ ਪਾਉਂਦੇ ਹੋਏ ਸ਼ਾਨਦਾਰ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦੁਆਈ। 37ਵੇਂ ਮਿੰਟ 'ਚ ਇਵਾਨ ਰੇਕਿਟਿਕ ਨੇ ਮੈਸੀ ਨੂੰ ਪਾਸ ਦਿੱਤਾ, ਜਿਨ੍ਹਾਂ ਗੇਂਦ ਲੁਈਸ ਸੁਆਰੇਜ ਕੋਲ ਪਹੁੰਚਾਈ। ਸੁਆਰੇਜ ਕੋਲ ਗੋਲ ਕਰਨ ਦਾ ਮੌਕਾ ਸੀ ਪਰ ਉਨ੍ਹਾਂ ਬਿਨਾਂ ਕੋਈ ਜੋਖਮ ਲਏ ਗੇਂਦ ਨੇਮਾਰ ਵੱਲ ਭੇਜ ਦਿੱਤੀ। ਨੇਮਾਰ ਨੇ ਗੋਲ ਕਰਨ 'ਚ ਕੋਈ ਗ਼ਲਤੀ ਨਹੀਂ ਕੀਤੀ। ਇਸ ਤਰ੍ਹਾਂ ਬਾਰਸੀਲੋਨਾ ਨੇ 2-0 ਦੀ ਬੜ੍ਹਤ ਬਣਾ ਲਈ। ਮੈਸੀ ਨੇ 74ਵੇਂ ਮਿੰਟ 'ਚ ਆਪਣਾ ਦੂਜਾ ਤੇ ਟੀਮ ਲਈ ਤੀਜਾ ਗੋਲ ਕਰਕੇ ਬਾਰਸੀਲੋਨਾ ਦੀ ਜਿੱਤ ਪੱਕੀ ਕਰ ਦਿੱਤੀ। ਬਿਲਬਾਓ ਵੱਲੋਂ ਇੱਕੋ-ਇਕ ਗੋਲ ਇਨਾਕੀ ਵਿਲੀਅਮਜ਼ ਨੇ 79ਵੇਂ ਮਿੰਟ 'ਚ ਕੀਤਾ।

ਖ਼ਿਤਾਬੀ ਹੈਟਿ੫ਕ ਤੋਂ ਇਕ ਕਦਮ ਦੂਰ ਬਾਰਸੀਲੋਨਾ

ਹੁਣ ਬਾਰਸੀਲੋਨਾ ਇਤਿਹਾਸ ਰਚਣ ਤੋਂ ਸਿਰਫ਼ ਇਕ ਕਦਮ ਦੂਰ ਹੈ। ਲੁਈਸ ਐਨਰਿਕ ਦੀ ਟੀਮ ਦਾ ਮੁਕਾਬਲਾ ਚੈਂਪੀਅਨਜ਼ ਲੀਗ ਦੇ ਫਾਈਨਲ 'ਚ ਜੁਵੈਂਟਸ ਨਾਲ ਹੋਵੇਗਾ। ਜੇ ਉਹ ਚੈਂਪੀਅਨਜ਼ ਲੀਗ ਦਾ ਖ਼ਿਤਾਬ ਵੀ ਜਿੱਤ ਲੈਂਦਾ ਹੈ ਤਾਂ ਆਪਣੇ ਇਤਿਹਾਸ 'ਚ ਦੂਜੀ ਵਾਰ ਉਹ ਖ਼ਿਤਾਬੀ ਹੈਟਿ੫ਕ ਪੂਰੀ ਕਰਨ ਦਾ ਕਾਰਨਾਮਾ ਕਰੇਗਾ।