ਕੈਲਗਰੀ (ਏਜੰਸੀ) : ਰਾਸ਼ਟਰ ਮੰਡਲ ਖੇਡਾਂ ਦੀ ਸਿਲਵਰ ਮੈਡਲ ਜੇਤੂ ਭਾਰਤੀ ਸ਼ਟਲਰ ਜਵਾਲਾ ਗੱਟਾ ਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੇ ਕੈਨੇਡਾ ਓਪਨ ਗ੍ਰਾਂ. ਪ੍ਰੀ. ਟੂਰਨਾਮੈਂਟ ਦੇ ਸੈਮੀਫਾਈਨਲ 'ਚ ਥਾਂ ਬਣਾ ਕੇ ਭਾਰਤੀ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ। ਇਨ੍ਹਾਂ ਤੋਂ ਇਲਾਵਾ ਬੀ. ਸਾਈ ਪ੍ਰਣੀਤ ਤੇ ਅਜੇ ਜੈਰਾਮ ਅਤੇ ਪ੍ਰਦਨਿਆ ਗਾਦਰੇ ਤੇ ਐਨ. ਸਿਕੀ ਰੈੱਡੀ ਦੀ ਜੋੜੀ ਆਪੋ-ਆਪਣੇ ਵਰਗਾਂ ਦੇ ਮੁਕਾਬਲੇ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। 2011 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੇ ਮੈਡਲ ਜੇਤੂ ਜੋੜੀ ਨੇ ਸ਼ਨਿਚਰਵਾਰ ਨੂੰ ਕੁਆਰਟਰ ਫਾਈਨਲ 'ਚ ਹਾਂਗਕਾਂਗ ਦੀ ਚਾਨ ਕਾਕਾ ਕਾ ਤੇ ਯੂਐਨ ਸਿਨ ਿਯਗ ਦੀ ਜੋੜੀ ਨੂੰ ਸਿਰਫ਼ 27 ਮਿੰਟਾਂ 'ਚ 21-19, 21-13 ਨਾਲ ਹਰਾ ਕੇ ਆਖ਼ਰੀ-4 ਦੀ ਟਿਕਟ ਕਟਾਈ। ਹੁਣ ਇਹ ਜੋੜੀ ਫਾਈਨਲ 'ਚ ਥਾਂ ਬਣਾਉਣ ਲਈ ਜਾਪਾਨ ਦੀ ਸ਼ਿਹੋ ਤਨਾਕਾ ਤੇ ਕੋਹਾਰੂ ਯੋਨੇਮੋਟਾ ਦੀ ਜੋੜੀ ਨਾਲ ਭਿੜੇਗੀ। ਤਨਾਕਾ-ਯੋਨੇਮੋਟਾ ਦੀ ਜੋੜੀ ਨੇ ਹਮਵਤਨ ਸ਼ਿਜ਼ੁਕਾ ਮਾਤਸੁਓ ਤੇ ਮਾਮੀ ਨੈਤੋ ਦੀ ਜੋੜੀ ਨੂੰ ਤਿੰਨ ਗੇਮਾਂ ਦੇ ਸੰਘਰਸ਼ ਭਰੇ ਮੁਕਾਬਲੇ 'ਚ 23-25, 21-15, 21-13 ਨਾਲ ਮਾਤ ਦਿੱਤੀ।

ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ 'ਚ ਪ੍ਰਣੀਤ ਨੂੰ ਮਲੇਸ਼ੀਆ ਦੇ ਸਟਾਰ ਖਿਡਾਰੀ ਲੀ ਚੋਂਗ ਵੇਈ ਤੋਂ 13-21, 21-18, 11-21 ਨਾਲ ਹਾਰ ਝੱਲਣੀ ਪਈ। 22 ਸਾਲਾ ਪ੍ਰਣੀਤ ਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਤੇ ਸਾਬਕਾ ਨੰਬਰ ਇਕ ਖਿਡਾਰੀ ਵੇਈ ਖ਼ਿਲਾਫ਼ ਪਹਿਲਾਂ ਵੀ ਤਿੰਨ ਵਾਰ ਖੇਡ ਚੁੱਕੇ ਹਨ ਤੇ ਹਰ ਉਨ੍ਹਾਂ ਨੂੰ ਹਾਰ ਝੱਲਣੀ ਪਈ ਹੈ। ਇਸ ਹਾਰ ਤੋਂ ਬਾਅਦ ਪ੍ਰਣੀਤ ਤੇ ਵੇਈ ਵਿਚਾਲੇ ਹਾਰ-ਜਿੱਤ ਦਾ ਰਿਕਾਰਡ 0-4 ਹੋ ਗਿਆ ਹੈ। ਪਿਛਲੇ ਦੋ ਹਫ਼ਤਿਆਂ 'ਚ ਵੇਈ ਨੇ ਲਗਾਤਾਰ ਦੂਜੀ ਵਾਰ ਪ੍ਰਣੀਤ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਵੇਈ ਨੇ ਯੂਐਸ ਓਪਨ ਸੈਮੀਫਾਈਨਲ 'ਚ ਪ੍ਰਣੀਤ ਨੂੰ ਹਰਾਇਆ ਸੀ। ਉਧਰ, ਅਜੇ ਜੈਰਾਮ ਨੂੰ ਜਰਮਨੀ ਦੇ ਮਾਰਕ ਜਵੇਬਲਰ ਨੇ ਸਿਰਫਞ 34 ਮਿੰਟਾਂ 'ਚ 21-16, 21-15 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਮਹਿਲਾ ਡਬਲਜ਼ 'ਚ ਪ੍ਰਦਨਿਆ ਤੇ ਸਿੱਕੀ ਦੀ ਜੋੜੀ ਨੂੰ ਹਾਂਗਕਾਂਗ ਦੀ ਪੂਨ ਲੋਕ ਯਾਨ ਤੇ ਸੀ ਿਯਗ ਸੁਏਤ ਦੀ ਜੋੜੀ ਤੋਂ 18-21, 25-23, 15-21 ਨਾਲ ਹਾਰ ਦਾ ਮੂੰਹ ਵੇਖਣਾ ਪਿਆ।