ਕੋਲਕਾਤਾ (ਸਟਾਫ ਰਿਪੋਰਟਰ) : ਆਈਪੀਐਲ ਹੋਰ ਤਗੜਾ ਨਾਲ ਵਾਪਸੀ ਕਰੇਗਾ। ਸਾਰੇ ਵਿਵਾਦਾਂ ਦੇ ਬਾਵਜੂਦ ਆਈਪੀਐਲ ਦਾ 9ਵਾਂ ਸੀਜ਼ਨ ਪਿਛਲੇ ਸਾਰੇ ਸੀਜ਼ਨਾਂ ਤੋਂ ਬਿਹਤਰ ਹੋਵੇਗਾ। ਆਈਪੀਐਲ ਦੇ ਚੇਅਰਮੈਨ ਰਾਜੀਵ ਸ਼ੁਕਲਾ ਨੇ ਵੀਰਵਾਰ ਨੂੰ ਇਹ ਦਾਅਵਾ ਕੀਤਾ। ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਕੋਚੀ ਟਸਕਰਜ਼ ਦੀ ਵਾਪਸੀ ਨਹੀਂ ਹੋਵੇਗੀ। ਸ਼ੁਕਲਾ ਨੇ ਜਾਣਕਾਰੀ ਦਿੱਤੀ ਕਿ 19 ਜੁਲਾਈ ਨੂੰ ਮੁੰਬਈ ਵਿਚ ਆਈਪੀਐਲ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਸੱਦੀ ਗਈ ਹੈ, ਜਿੱਥੇ ਉਹ ਲੋਢਾ ਕਮੇਟੀ ਦੀ ਰਿਪੋਰਟ 'ਤੇ ਚਰਚਾ ਕਰਨਗੇ। ਉਸ ਤੋਂ ਬਾਅਦ ਰਿਪੋਰਟ ਦੇ ਅਧਿਐਨ ਲਈ ਇਕ ਹੋਰ ਛੋਟੀ ਕਮੇਟੀ ਦੀ ਚੋਣ ਕੀਤੀ ਜਾਵੇਗੀ, ਜੋ ਲੋਢਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਰਣਨੀਤੀ ਤੈਅ ਕਰੇਗਾ।

ਇਸ ਦਰਮਿਆਨ ਸੂਤਰਾਂ ਤੋਂ ਪਤਾ ਲੱਗਾ ਕਿ ਬੀਸੀਸੀਆਈ ਦੇ ਮੁਖੀ ਜਗਮੋਹਨ ਡਾਲਮੀਆ ਆਈਪੀਐਲ ਗਵਰਨਿੰਗ ਕੌਂਸਲ ਦੀ ਇਸ ਐਮਰਜੈਂਸੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਣਗੇ। ਇਸ ਦੀ ਵਜ੍ਹਾ ਉਨ੍ਹਾਂ ਦੀ ਸਿਹਤ ਠੀਕ ਨਾ ਹੋਣੀ ਦੱਸੀ ਜਾ ਰਹੀ ਹੈ। ਆਈਪੀਐਲ ਚੇਅਰਮੈਨ ਨੇ ਕਿਹਾ, 'ਟੀਮਾਂ ਦੀ ਗਿਣਤੀ ਤੇ ਫਾਰਮੈਟ 'ਤੇ ਕਮੇਟੀ ਵਿਚਾਰ ਕਰ ਰਹੀ ਹੈ। ਇਸ ਵਿਚ ਘੱਟੋਂ-ਘੱਟ ਅੱਠ ਟੀਮਾਂ ਹਿੱਸਾ ਲੈਣਗੀਆਂ। ਅਸੀਂ ਛੇ ਟੀਮਾਂ ਨਾਲ ਇਹ ਟੂਰਨਾਮੈਂਟ ਨਹੀਂ ਕਰਵਾ ਸਕਦੇ। ਬੀਸੀਸੀਆਈ ਆਈਪੀਐਲ ਦਾ ਨਿਰੀਖਣ ਕਰ ਰਹੀ ਹੈ। ਇਸ ਟੂਰਨਾਮੈਂਟ ਦੇ ਦੋ ਮੁੱਖ ਖੇਤਰ ਹਨ, ਪਹਿਲਾ ਖਿਡਾਰੀਆਂ ਦੀ ਨਿਲਾਮੀ ਤੇ ਦੂਜਾ ਟੀਮਾਂ ਦਾ ਪ੍ਰਬੰਧਨ।' ਇਹ ਪੁੱਛੇ ਜਾਣ 'ਤੇ ਕਿ ਕੀ ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਦੋਵਾਂ 'ਤੇ ਆਜੀਵਨ ਪਾਬੰਦੀ ਲੱਗ ਸਕਦੀ ਹੈ ਤਾਂ ਸ਼ੁਕਲਾ ਨੇ ਕੁਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ। ਆਈਪੀਐਲ ਚੇਅਰਮੈਨ ਨੇ ਕਿਹਾ ਕਿ ਖਿਡਾਰੀਆਂ ਦੇ ਹਿੱਤਾਂ ਦੀ ਸੁਰੱਖਿਆ ਕੀਤੀ ਜਾਵੇਗੀ। ਕੋਈ ਖਿਡਾਰੀ ਨੁਕਸਾਨ ਦੀ ਸਥਿਤੀ ਵਿਚ ਨਹੀਂ ਰਹੇਗਾ ਇਸ ਲਈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ।