ਏਐਫ ਸੀ ਕੁਆਲੀਫਾਇਰਸ

-ਭਾਰਤੀ ਅੰਡਰ-19 ਫੁੱਟਬਾਲ ਟੀਮ ਨੂੰ ਮਿਲੀ 0-1 ਨਾਲ ਹਾਰ

ਅਲ-ਰਾਮ, ਫਲਸਤੀਨ (ਏਜੰਸੀ) : ਭਾਰਤੀ ਅੰਡਰ -19 ਫੁੱਟਬਾਲ ਟੀਮ ਨੂੰ ਫਲਸਤੀਨ ਖ਼ਿਲਾਫ਼ ਏਐਫਸੀ ਕੁਆਲੀਫਾਇਰਸ ਦੇ ਪਹਿਲੇ ਮੁਕਾਬਲੇ ਵਿਚ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫਲਸਤੀਨ ਦੀ ਇਹ ਕੁਆਲੀਫਾਇੰਗ ਟੂਰਨਾਮੈਂਟ ਵਿਚ ਪਹਿਲੀ ਜਿੱਤ ਹੈ। ਮੈਚ ਵਿਚ ਮੇਜ਼ਬਾਨ ਫਲਸਤੀਨ ਟੀਮ ਲਈ ਇੱਕੋ-ਇਕ ਗੋਲ ਮੁਹੰਮਦ ਯੁਸੁਫ ਨੇ 15ਵੇਂ ਮਿੰਟ ਵਿਚ ਕੀਤਾ। ਫਲਸਤੀਨ ਨੇ 0-1 ਨਾਲ ਭਾਰਤ 'ਤੇ ਮਿਲੀ ਲੀਡ ਨੂੰ ਆਖ਼ਰ ਤਕ ਬਰਕਰਾਰ ਰੱਖਿਆ। ਮੈਚ ਤੋਂ ਬਾਅਦ ਭਾਰਤੀ ਟੀਮ ਦੇ ਮੁੱਖ ਕੋਚ ਲੀ ਜਾਨਸਨ ਨੇ ਕਿਹਾ ਕਿ ਅਸੀਂ ਇਸ ਲਈ ਹਾਰੇ ਕਿਉਂਕਿ ਪਹਿਲੇ ਹਾਫ ਦੇ ਸ਼ੁਰੂਆਤ ਵਿਚ ਅਸੀਂ ਫਲਸਤੀਨ ਟੀਮ ਨੂੰ ਬਹੁਤ ਸਨਮਾਨ ਦਿੱਤਾ ਜਿਸ ਦਾ ਖਾਮਿਆਜ਼ਾ ਭੁਗਤਨਾ ਪਿਆ। ਜਾਨਸਨ ਨੇ ਕਿਹਾ ਕਿ ਹਾਲਾਂਕਿ ਦੂਸਰੇ ਹਾਫ ਵਿਚ ਸਾਡਾ ਪ੍ਰਦਰਸ਼ਨ ਬਿਹਤਰ ਸੀ। ਮੈਨੂੰ ਆਪਣੇ ਖਿਡਾਰੀਆਂ 'ਤੇ ਮਾਣ ਹੈ ਜਿਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ ਪਰ ਫੁੱਟਬਾਲ ਵਿਚ ਗੋਲ ਕਰਕੇ ਹੀ ਮੈਚ ਜਿੱਤੇ ਜਾਂਦੇ ਹਨ।

ਦੂਜੇ ਪਾਸੇ ਜੇਤੂ ਟੀਮ ਦੇ ਮੁੱਖ ਕੋਚ ਅਯਮਾਨ ਸੈਂਡੁਕਾ ਨੇ ਭਾਰਤੀ ਖਿਡਾਰੀਆਂ ਦੇ ਜੁਝਾਰੂਪਨ ਦੀ ਤਾਰੀਫ਼ ਕੀਤੀ ਹੈ। ਅਯਮਾਨ ਨੇ ਕਿਹਾ ਕਿ ਭਾਰਤੀ ਫੁੱਟਬਾਲਰਾਂ ਨੇ ਆਖ਼ਰ ਤਕ ਹਿਮੰਤ ਨਹੀਂ ਹਾਰੀ ਸੀ ਅਤੇ ਮੈਚ ਵਿਚ ਵਾਪਸੀ ਲਈ ਸੰਘਰਸ਼ ਕਰਦੇ ਰਹੇ ਜੋ ਚੰਗੀ ਗੱਲ ਹੈ। ਭਾਰਤ ਨੂੰ ਹਰਾਉਣਾ ਇੰਨਾ ਆਸਾਨ ਨਹੀਂ ਸੀ।