ਦੁਬਈ (ਏਜੰਸੀ) : ਇੰਟਰਨੈਸ਼ਨਲ ਪ੍ਰੀਮੀਅਰ ਟੈਨਿਸ ਲੀਗ (ਆਈਪੀਟੀਐਲ) ਦੇ ਦੁਬਈ ਗੇੜ ਦੇ ਆਖ਼ਰੀ ਦਿਨ ਬੁੱਧਵਾਰ ਨੂੰ ਇੰਡੀਅਨ ਏਸੇਜ਼ ਨੂੰ ਸਿੰਗਾਪੁਰ ਸਲੈਮਰਜ਼ ਨੇ 27-16 ਨਾਲ ਹਰਾਇਆ। ਏਸੇਜ਼ ਦੀ ਮੌਜੂਦਾ ਸੀਜ਼ਨ ਵਿਚ ਇਹ ਦੂਜੀ ਹਾਰ ਹੈ। ਹਾਰ ਦੇ ਬਾਵਜੂਦ ਏਸੇਜ਼ ਪੰਜ ਟੀਮਾਂ ਦੇ ਇਸ ਟੂਰਨਾਮੈਂਟ ਵਿਚ 55.2 ਜਿੱਤ ਫੀਸਦੀ ਨਾਲ ਸਿਖਰਲੇ ਸਥਾਨ 'ਤੇ ਕਾਬਜ ਹੈ। ਇੰਡੀਅਨ ਏਸੇਜ਼ ਨੇ ਦਸ ਮੈਚ ਖੇਡੇ ਹਨ ਜਿਨ੍ਹਾਂ ਵਿਚੋਂ ਅੱਠ ਵਿਚ ਉਸ ਨੂੰ ਜਿੱਤ ਮਿਲੀ ਹੈ। ਹੁਣ ਸਿਰਫ਼ ਸਿੰਗਾਪੁਰ ਗੇੜ (18-20 ਦਸੰਬਰ) ਹੀ ਬਚਿਆ ਹੈ ਇਸ ਕਾਰਨ ਏਸੇਜ਼ ਦੀ ਮਜ਼ਬੂਤ ਸਥਿਤੀ ਨੂੰ ਵੇਖਦੇ ਹੋਏ ਉਸ ਦਾ ਫਾਈਨਲ ਵਿਚ ਖੇਡਣਾ ਤੈਅ ਮੰਨਿਆ ਜਾ ਰਿਹਾ ਹੈ। 20 ਦਸੰਬਰ ਨੂੰ ਪੁਆਇੰਟ ਟੇਬਲ ਦੀਆਂ ਸਰਬੋਤਮ ਦੋ ਟੀਮਾਂ ਵਿਚਾਲੇ ਫਾਈਨਲ ਖੇਡਿਆ ਜਾਵੇਗਾ।