ਸ਼ਾਰਜਾਹ : ਕਪਤਾਨ ਵਿਜੈ ਜੋਲ (100) ਅਤੇ ਸੰਜੂ ਸੈਮਸਨ (100) ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਸ਼ਨਿੱਚਰਵਾਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਨੂੰ 40 ਦੌੜਾਂ ਨਾਲ ਹਰਾਉਂਦੇ ਹੋਏ ਅੰਡਰ-19 ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਭਾਰਤੀ ਕਪਤਾਨ ਜੋਲ ਨੇ 120 ਗੇਂਦਾਂ ਦੀ ਪਾਰੀ 'ਚ 7 ਚੌਕੇ ਅਤੇ ਦੋ ਛੱਕੇ ਮਾਰੇ, ਜਦਕਿ ਸੰਜੂ ਨੇ ਆਪਣਾ ਸੈਂਕੜਾ ਕੇਵਲ 87 ਗੇਂਦਾਂ 'ਚ ਅੱਠ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਪੂਰਾ ਕੀਤਾ। ਇਨ੍ਹਾਂ ਦੋਵਾਂ ਦੇ ਸੈਂਕੜਿਆਂ ਦੀ ਮਦਦ ਨਾਲ ਟੀਮ ਨੇ ਨਿਰਧਾਰਤ 50 ਓਵਰਾਂ 'ਚ ਅੱਠ ਵਿਕਟਾਂ 'ਤੇ 314 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਕਾਮਰਾਨ ਗੁਲਾਮ ਦੀਆਂ 89 ਗੇਂਦਾਂ 'ਤੇ 12 ਚੌਕਿਆਂ ਦੀ ਮਦਦ ਨਾਲ ਬਣਾਈਆਂ ਗਈਆਂ ਅਜੇਤੂ 102 ਦੌੜਾਂ ਦੇ ਬਾਵਜੂਦ 50 ਓਵਰਾਂ 'ਚ 9 ਵਿਕਟਾਂ ਗੁਆ ਕੇ 274 ਦੌੜਾਂ ਹੀ ਬਣਾ ਸਕੀ। ਪਿਛਲੇ ਸਾਲ ਵੀ ਫਾਈਨਲ 'ਚ ਇਨ੍ਹਾਂ ਦੋਵਾਂ ਟੀਮਾਂ ਦੇ ਵਿਚਾਲੇ ਖੇਡਿਆ ਗਿਆ ਸੀ ਅਤੇ ਮੈਚ ਟਾਈ ਰਿਹਾ ਸੀ। ਟਰਾਫੀ ਰੱਖਣ ਦਾ ਅਧਿਕਾਰ ਪਾਕਿਸਤਾਨੀ ਟੀਮ ਨੂੰ ਮਿਲਿਆ ਸੀ। ਪਾਕਿਸਤਾਨ ਦੇ ਕਪਤਾਨ ਸਮੀ ਅਸਲਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਸਲਾਮੀ ਬੱਲੇਬਾਜ਼ਾਂ ਨੇ ਤੇਜ਼ ਸ਼ੁਰੂਆਤ ਕਰਦੇ ਹੋਏ ਸਿਰਫ 6.4 ਓਵਰਾਂ 'ਚ 65 ਦੌੜਾਂ ਬਣਾ ਦਿੱਤੀਆਂ, ਪਰ ਫਿਰ ਅਖਿਲ ਹੈਰਵਾਡਕਰ 12 ਦੌੜਾਂ ਬਣਾ ਕੇ ਜਿਆ ਉਲ ਹੱਕ ਦੀ ਗੇਂਦ 'ਤੇ ਆਊਟ ਹੋ ਗਿਆ। ਦੂਸਰੇ ਸਲਾਮੀ ਬੱਲੇਬਾਜ਼ ਅੰਕੁਸ਼ ਬੈਂਸ ਨੇ 7 ਚੌਕਿਆਂ ਅਤੇ ਇਕ ਛੱਕੇ ਨਾਲ 47 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਉਸ ਨੇ ਕਰਾਮਤ ਅਲੀ ਨੇ ਆਊਟ ਕੀਤਾ। ਇਸ ਤੋਂ ਬਾਅਦ ਜੋਲ ਅਤੇ ਸੰਜੂ ਦੇ ਵਿਚਾਲੇ ਤੀਸਰੇ ਵਿਕਟ ਲਈ ਬਿਹਤਰੀਨ 180 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨਾਲ ਟੀਮ ਨੇ 300 ਦੌੜਾਂ ਦਾ ਅੰਕੜਾ ਪਾਰ ਕੀਤਾ। ਪਾਕਿਸਤਾਨ ਨੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਉਸ ਨੇ ਪਾਰੀ ਦੀ ਸ਼ੁਰੂਆਤ ਸੰਭਲ ਕੇ ਕੀਤੀ ਸੀ। ਉਸਦਾ ਪਹਿਲਾ ਵਿਕਟ 7ਵੇਂ ਓਵਰ 'ਚ 39 ਦੇ ਸਕੋਰ 'ਤੇ ਡਿੱਗ ਪਿਆ। ਦੂਸਰੇ ਵਿਕਟ ਲਈ 38 ਦੌੜਾਂ ਬਣੀਆਂ। ਪਰ ਇਸ ਤੋਂ ਬਾਅਦ ਲਗਾਤਾਰ ਤਿੰਨ ਓਵਰਾਂ 'ਚ ਤਿੰਨ ਸਫਲਤਾ ਹਾਸਲ ਕਰ ਕੇ ਭਾਰਤ ਨੇ ਮੈਚ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ। ਪਾਕਿਸਤਾਨ ਦਾ ਸਕੋਰ ਚਾਰ ਵਿਕਟਾਂ 'ਤੇ 88 ਦੌੜਾਂ ਹੋ ਗਿਆ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਅਤੇ ਕਪਤਾਨ ਸਮੀ ਅਸਲਮ ਅਤੇ ਕਾਮਰਾਨ ਗੁਲਾਮ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਕੇ ਟੀਮ ਨੂੰ ਸੰਭਾਲਿਆ। ਦੋਵਾਂ ਨੇ 5ਵੇਂ ਵਿਕਟ ਲਈ 93 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।