-ਇਸ ਸਮੇਂ ਸ਼ਾਨਦਾਰ ਫਾਰਮ 'ਚ ਹੈ ਮੇਜ਼ਬਾਨ ਟੀਮ

-ਕੈਰੇਬੀਆਈ ਟੀਮ 'ਚ ਵੀ ਆਲਰਾਊਂਡਰਾਂ ਦੀ ਭਰਮਾਰ

ਕੋਲਕਾਤਾ (ਜੇਐਨਐਨ) : ਦੋ ਸਾਬਕਾ ਵਿਸ਼ਵ ਜੇਤੂ ਭਾਰਤ ਅਤੇ ਵੈਸਟਇੰਡੀਜ਼ ਟੀ-20 ਵਿਸ਼ਵ ਕੱਪ ਦੇ ਅਭਿਆਸ ਵਿਚ ਵੀਰਵਾਰ ਨੂੰ ਇਤਿਹਾਸਕ ਈਡਨ ਗਾਰਡਨ ਸਟੇਡੀਅਮ ਵਿਚ ਆਪਸ ਵਿਚ ਜ਼ੋਰ ਅਜ਼ਮਾਇਸ਼ ਕਰਨਗੇ। ਅਭਿਆਸ ਮੈਚ ਹੋਣ 'ਤੇ ਵੀ ਦੋਵੇਂ ਟੀਮਾਂ ਇਸ ਨੂੰ ਪੂਰੀ ਗੰਭੀਰਤਾ ਨਾਲ ਲੈਣਗੀਆਂ। ਬੁੱਧਵਾਰ ਨੂੰ ਅਭਿਆਸ ਸੈਸ਼ਨ ਦੌਰਾਨ ਭਾਰਤ ਅਤੇ ਵਿੰਡੀਜ਼ ਦੇ ਖਿਡਾਰੀ ਜਿਸ ਤਰ੍ਹਾਂ ਪਸੀਨਾ ਵਹਾਉਂਦੇ ਵਿਖਾਈ ਦਿੱਤੇ ਉਸ ਤੋਂ ਇਹ ਸਪੱਸ਼ਟ ਵੀ ਹੋ ਗਿਆ।

ਕਾਗ਼ਜ਼ਾਂ 'ਤੇ ਯਕੀਨੀ ਤੌਰ 'ਤੇ ਭਾਰਤ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ। ਪਹਿਲਾਂ ਆਸਟ੫ੇਲੀਆ ਨੂੰ ਉਸ ਦੀ ਜ਼ਮੀਨ 'ਤੇ ਟੀ-20 ਮੁਕਾਬਲੇ ਵਿਚ 3-0 ਨਾਲ ਮਾਤ, ਫਿਰ ਘਰੇਲੂ ਟੀ-20 ਸੀਰੀਜ਼ ਵਿਚ ਸ੍ਰੀਲੰਕਾ ਨੂੰ 2-1 ਨਾਲ ਮਾਤ। ਉਸ ਤੋਂ ਬਾਅਦ ਬੰਗਲਾਦੇਸ਼ ਵਿਚ ਅਜੇਤੂ ਰਹਿੰਦੇ ਹੋਏ ਟੀ-20 ਏਸ਼ੀਆ ਕੱਪ ਫ਼ਤਹਿ ਇਹ ਦਰਸਾਉਂਦਾ ਹੈ ਕਿ ਇਸ ਸਮੇਂ ਟੀ-20 ਵਿਚ ਟੀਮ ਇੰਡੀਆ ਦੀ ਸਰਦਾਰੀ ਹੈ ਪਰ ਵਿੰਡੀਜ਼ ਨੂੰ ਘੱਟ ਕਰ ਕੇ ਨਹੀਂ ਵੇਖਣਾ ਚਾਹੀਦਾ।

ਬੱਲੇਬਾਜ਼ੀ ਦਾ ਮੁਲਾਂਕਣ ਕਰੀਏ ਤਾਂ ਟੀਮ ਇੰਡੀਆ ਵਿਚ ਇਸ ਸਮੇਂ ਸ਼ਾਇਦ ਹੀ ਕੋਈ ਬੱਲੇਬਾਜ਼ ਆਊਟ ਆਫ ਫਾਰਮ ਹੈ। ਸ਼ਿਖਰ ਧਵਨ ਏਸ਼ੀਆ ਕੱਪ ਦੇ ਫਾਈਨਲ ਵਿਚ ਮੈਚ ਜਿਤਾਊ ਪਾਰੀ ਖੇਡ ਕੇ ਸਹੀ ਸਮੇਂ 'ਤੇ ਫਾਰਮ ਵਿਚ ਆ ਚੁੱਕੇ ਹਨ। ਰੋਹਿਤ ਸ਼ਰਮਾ ਪਹਿਲਾਂ ਤੋਂ ਹੀ ਚੰਗੀ ਲੈਅ ਵਿਚ ਹਨ। ਵਿਰਾਟ ਕੋਹਲੀ ਤਾਂ ਆਲ ਟਾਈਮ ਫਾਰਮ ਵਾਲੇ ਖਿਡਾਰੀ ਬਣ ਚੁੱਕੇ ਹਨ। ਮਿਡਲ ਆਰਡਰ ਵਿਚ ਸੁਰੇਸ਼ ਰੈਨਾ ਅਤੇ ਯੁਵਰਾਜ ਸਿੰਘ ਵਰਗੇ ਸ਼ਾਨਦਾਰ ਬੱਲੇਬਾਜ਼ ਹਨ ਅਤੇ ਫਿਨਿਸ਼ਰ ਦੀ ਭੂਮਿਕਾ ਵਿਚ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਇਲਾਵਾ ਹੁਣ ਹਾਰਦਿਕ ਪਾਂਡਿਆ ਵੀ ਹਨ। ਰਵਿਚੰਦਰਨ ਅਸ਼ਵਿਨ ਤਕ ਟੀਮ ਇੰਡੀਆ ਦੀ ਬੱਲੇਬਾਜ਼ੀ ਬਹੁਤ ਮਜ਼ਬੂਤ ਹੈ। ਦੂਜੇ ਪਾਸੇ ਕੈਰੇਬੀਆਈ ਟੀਮ ਵਿਚ ਬਿਗ ਹਿਟਰ ਬਹੁਤ ਹਨ। ਧਮਾਕੇਦਾਰ ਸਲਾਮੀ ਬੱਲੇਬਾਜ਼ ਿਯਸ ਗੇਲ ਆਪਣੇ ਦਮ 'ਤੇ ਮੈਚ ਦਾ ਰੁਖ਼ ਬਦਲ ਸਕਦੇ ਹਨ। ਮਹਿਮਾਨ ਟੀਮ ਦੀ ਵੱਡੀ ਤਾਕਤ ਉਸ ਦੇ ਆਲ ਰਾਊਂਡਰ ਹਨ। ਟੀਮ ਵਿਚ ਕਪਤਾਨ ਡੇਰੇਨ ਸੈਮੀ, ਡਵੇਨ ਬ੍ਰਾਵੋ, ਆਂਦਰੇ ਰਸੇਲ ਅਤੇ ਮਰਲੋਨ ਸੈਮੂਅਲਜ਼ ਵਰਗੇ ਸ਼ਾਨਦਾਰ ਆਲ ਰਾਊਂਡਰ ਹਨ।

ਆਖ਼ਰੀ ਇਲੈਵਨ ਦੀ ਚੋਣ ਬਣ ਸਕਦੀ ਹੈ ਧੋਨੀ ਦੀ ਮੁਸ਼ਕਲ :

ਆਖ਼ਰੀ ਇਲੈਵਨ ਦੀ ਗੱਲ ਕਰੀਏ ਤਾਂ ਧੋਨੀ ਲਈ ਇਹ ਮੁਸ਼ਕਲ ਬਣ ਸਕਦੀ ਹੈ। ਅਭਿਆਸ ਮੈਚ ਹੋਣ 'ਤੇ ਵੀ ਧੋਨੀ ਜੇਤੂ ਇਲੈਵਨ ਵਿਚ ਛੇੜਛਾੜ ਕਰਨਾ ਨਹੀਂ ਚਾਹੁਣਗੇ। ਇਸ ਕਾਰਨ ਅਜਿੰਕੇ ਰਹਾਣੇ, ਹਰਭਜਨ ਸਿੰਘ ਅਤੇ ਪਵਨ ਨੇਗੀ ਵਰਗੇ ਖਿਡਾਰੀਆਂ ਨੂੰ ਡਗ ਆਊਟ ਵਿਚ ਬੈਠਣਾ ਪੈ ਸਕਦਾ ਹੈ। ਨੌਜਵਾਨ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਤਜਰਬੇਕਾਰ ਆਸ਼ੀਸ਼ ਨੇਹਰਾ ਨਾਲ ਜਿਸ ਤਰ੍ਹਾਂ ਗੇਂਦਬਾਜ਼ੀ ਕਰ ਰਹੇ ਹਨ ਉਸ ਨਾਲ ਸੱਟ ਤੋਂ ਬਾਅਦ ਟੀਮ ਵਿਚ ਵਾਪਸ ਪਰਤੇ ਮੁਹੰਮਦ ਸ਼ਮੀ ਨੂੰ ਫਿਲਹਾਲ ਉਡੀਕ ਕਰਨੀ ਪੈ ਸਕਦੀ ਹੈ।