ਨਵੀਂ ਦਿੱਲੀ (ਆਈਏਐੱਨਐੱਸ) : ਭਾਰਤੀ ਟੀਮ ਨੂੰ ਬੁੱਧਵਾਰ ਨੂੰ ਇੱਥੇ ਬਲਾਈਂਡ ਟੀ-20 ਵਿਸ਼ਵ ਕੱਪ ਦੇ ਮੈਚ 'ਚ ਪਾਕਿਸਤਾਨ ਹੱਥੋਂ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਭਾਰਤ ਦੀ ਟੂਰਨਾਮੈਂਟ 'ਚ ਪਹਿਲੀ ਹਾਰ ਹੈ। ਉਸ ਨੇ ਆਪਣੇ ਪਹਿਲੇ ਮੈਚ 'ਚ ਵੈਸਟਇੰਡੀਜ਼ ਨੂੰ 142 ਦੌੜਾਂ ਜਦਕਿ ਦੂਜੇ ਮੈਚ 'ਚ ਬੰਗਲਾਦੇਸ਼ ਨੂੰ 129 ਦੌੜਾਂ ਨਾਲ ਹਰਾਇਆ ਸੀ। ਇਸ ਮੈਚ 'ਚ ਭਾਰਤੀ ਟੀਮ ਦੀ ਹਾਰ ਦਾ ਕਾਰਨ ਚਾਰ ਬੱਲੇਬਾਜ਼ਾਂ ਦਾ ਰਨ ਆਊਟ ਹੋਣਾ ਰਿਹਾ ਜਿਸ ਕਾਰਨ ਟੀਮ ਵੱਡਾ ਸਕੋਰ ਬਣਾਉਣ 'ਚ ਅਸਫਲ ਹੋਈ। ਸਲਾਮੀ ਬੱਲੇਬਾਜ਼ ਜੈ ਪ੍ਰਕਾਸ਼ ਦੀਆਂ ਤੇਜ਼ੀ ਨਾਲ ਬਣਾਈਆਂ 56 ਗੇਂਦਾਂ 'ਚ 90 ਦੌੜਾਂ ਤੇ ਡੀ ਵੈਂਕਟੇਸ਼ਵਰ ਰਾਓ ਦੀਆਂ 45 ਗੇਂਦਾਂ 'ਚ 53 ਦੌੜਾਂ ਦੀ ਬਦੌਲਤ ਭਾਰਤ ਨੇ ਤੈਅ 20 ਓਵਰਾਂ 'ਚ ਪੰਜ ਵਿਕਟਾਂ 'ਤੇ 204 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਨੇ 15 ਓਵਰਾਂ 'ਚ ਤਿੰਨ ਵਿਕਟਾਂ 'ਤੇ 205 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਮੁਹੰਮਦ ਜਫਰ ਨੇ 52 ਗੇਂਦਾਂ 'ਚ 88 ਦੌੜਾਂ ਅਤੇ ਨਾਸਿਰ ਅਲੀ ਨੇ 45 ਗੇਂਦਾਂ 'ਚ 30 ਦੌੜਾਂ ਬਣਾ ਕੇ ਟੀਮ ਦੀ ਜਿੱਤ 'ਚ ਅਹਿਮ ਯੋਗਦਾਨ ਦਿੱਤਾ। ਭਾਰਤ ਲਈ ਦੀਪਕ ਮਲਿਕ ਅਤੇ ਕੇਤਨ ਪਟੇਲ ਨੇ ਇਕ-ਇਕ ਵਿਕਟ ਲਿਆ। ਪਾਕਿਸਤਾਨ ਦੀ ਟੂਰਨਾਮੈਂਟ 'ਚ ਇਹ ਲਗਾਤਾਰ ਤੀਜੀ ਜਿੱਤ ਹੈ।