ਅੰਡਰ-19 ਏਸ਼ੀਆ ਕੱਪ

-ਸ੍ਰੀਲੰਕਾ ਨੂੰ 34 ਦੌੜਾਂ ਨਾਲ ਹਰਾ ਕੇ ਜਿੱਤਿਆ ਖ਼ਿਤਾਬ

-ਹਿਮਾਂਸ਼ੂ ਰਾਣਾ ਅਤੇ ਸ਼ੁਭਮਨ ਗਿੱਲ ਨੇ ਲਾਏ ਅਰਧ ਸੈਂਕੜੇ

-ਸਪਿੰਨਰ ਅਭਿਸ਼ੇਕ ਤੇ ਰਾਹੁਲ ਨੇ ਲਈਆਂ ਸੱਤ ਵਿਕਟਾਂ

ਕੋਲੰਬੋ (ਪੀਟੀਆਈ) : ਹਿਮਾਂਸ਼ੂ ਰਾਣਾ (71) ਅਤੇ ਸ਼ੁਭਮਨ ਗਿੱਲ (70) ਦੀਆਂ ਬਿਹਤਰੀਨ ਪਾਰੀਆਂ ਤੋਂ ਬਾਅਦ ਸਪਿੰਨਰ ਅਭਿਸ਼ੇਕ ਸ਼ਰਮਾ (4/37) ਤੇ ਰਾਹੁਲ ਚਾਹਰ (3/22) ਦੀਆਂ ਕਹਿਰ ਵਰ੍ਹਾਉਂਦੀਆਂ ਗੇਂਦਾਂ ਦੀ ਬਦੌਲਤ ਭਾਰਤ ਨੇ ਸ਼ੁੱਕਰਵਾਰ ਨੂੰ ਸ੍ਰੀਲੰਕਾ ਨੂੰ 34 ਦੌੜਾਂ ਨਾਲ ਹਰਾ ਕੇ ਅੰਡਰ-19 ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਂ ਕੀਤਾ।

ਆਰ ਪ੍ਰੇਮਦਾਸਾ ਸਟੇਡੀਅਮ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ 'ਚ ਅੱਠ ਵਿਕਟਾਂ ਦੇ ਨੁਕਸਾਨ 'ਤੇ 273 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਉਸ ਤੋਂ ਬਾਅਦ ਸਪਿੰਨਰਾਂ ਦੇ ਦਮ 'ਤੇ ਸ੍ਰੀਲੰਕਾ ਨੂੰ 48.4 ਓਵਰਾਂ 'ਚ 239 ਦੌੜਾਂ 'ਤੇ ਸਮੇਟ ਦਿੱਤਾ। ਅਭਿਸ਼ੇਕ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ ਅਤੇ ਰਾਣਾ ਨੂੰ 'ਪਲੇਅਰ ਆਫ ਦਿ ਸੀਰੀਜ਼' ਦਾ ਖ਼ਿਤਾਬ ਮਿਲਿਆ।

ਭਾਰਤ ਦੇ ਸਿਖਰਲੇ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਮਿਡਲ ਆਰਡਰ ਅਤੇ ਹੇਠਲੇ ਨੰਬਰ ਦੇ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਦਾ ਫ਼ਾਇਦਾ ਨਾ ਉਠਾਇਆ। ਰਾਣਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਆਏ ਪਿ੍ਰਥਵੀ (39) ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 67 ਦੌੜਾਂ ਜੋੜੀਆਂ। ਪਿ੍ਰਥਵੀ ਨੂੰ ਪ੍ਰਵੀਣ ਜੈਵਿਯਮਾ ਨੇ ਪਵੇਲੀਅਨ ਭੇਜਿਆ। ਰਾਣਾ ਨੇ ਇਸ ਤੋਂ ਬਾਅਦ ਸ਼ੁਭਮਨ ਨਾਲ ਪਾਰੀ ਨੂੰ ਅੱਗੇ ਵਧਾਇਆ ਅਤੇ ਤੀਜੀ ਵਿਕਟ ਲਈ 88 ਦੌੜਾਂ ਜੋੜਦੇ ਹੋਏ ਵੱਡੇ ਸਕੋਰ ਦੀ ਨੀਂਹ ਰੱਖੀ। ਜੈਵਿਯਮਾ ਨੇ ਇਕ ਵਾਰ ਫਿਰ ਆਪਣੀ ਟੀਮ ਨੂੰ ਸਫਲਤਾ ਦਿਵਾਈ ਅਤੇ ਰਾਣਾ ਨੂੰ ਪਵੇਲੀਅਨ ਭੇਜਿਆ। ਰਾਣਾ ਨੇ 79 ਗੇਦਾਂ 'ਚ ਛੇ ਚੌਕੇ ਅਤੇ ਇਕ ਛੱਕਾ ਲਾਇਆ। ਉਹ 155 ਦੇ ਕੁਲ ਸਕੋਰ 'ਤੇ ਪਵੇਲੀਅਨ ਮੁੜੇ। ਕਪਤਾਨ ਅਭਿਸ਼ੇਕ ਸ਼ਰਮਾ (29) ਨੇ ਸ਼ੁਭਮਨ ਦਾ ਸਾਥ ਦਿੱਤਾ ਅਤੇ ਟੀਮ ਦਾ ਸਕੋਰ 200 ਤੋਂ ਪਾਰ ਲੈ ਗਏ। ਪਰ 209 ਦੇ ਕੁਲ ਸਕੋਰ 'ਤੇ ਕਪਤਾਨ ਪਵੇਲੀਅਨ ਮੁੜ ਗਏ। ਜੈਵਿਯਮਾ ਨੇ 224 ਦੇ ਸਕੋਰ 'ਤੇ ਸ਼ੁਭਮਨ ਨੂੰ ਆਊਟ ਕਰ ਕੇ ਭਾਰਤ ਨੂੰ ਵੱਡਾ ਝਟਕਾ ਦਿੱਤਾ। ਉਨ੍ਹਾਂ ਦੇ ਜਾਣ ਨਾਲ ਭਾਰਤੀ ਟੀਮ ਲੜਖੜਾ ਗਈ ਅਤੇ 245 ਦੌੜਾਂ ਤਕ ਉਸ ਨੇ ਆਪਣੀਆਂ ਸੱਤ ਵਿਕਟਾਂ ਗੁਆ ਦਿੱਤੀਆਂ। ਕਮਲੇਸ਼ ਨਾਗਰਕੋਟੀ ਨੇ ਆਖ਼ਰੀ ਓਵਰਾਂ 'ਚ 14 ਗੇਂਦਾਂ 'ਤੇ 23 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ 273 ਦੇ ਸਕੋਰ ਤਕ ਪਹੁੰਚਾਇਆ। ਸਲਮਾਨ ਖਾਨ ਨੇ 26 ਦੌੜਾਂ ਬਣਾਈਆਂ। ਸ੍ਰੀਲੰਕਾ ਦੇ ਜੈਵਿਯਮਾ ਅਤੇ ਨਿਪੁਨ ਰਨਸਿਕਾ ਨੇ ਤਿੰਨ ਤਿੰਨ ਵਿਕਟਾਂ ਹਾਸਲ ਕੀਤੀਆਂ। ਥਿਸਾਰੂ ਰਾਸਮਿਕਾ ਨੇ ਇਕ ਵਿਕਟ ਲਿਆ।

ਟੀਚੇ ਦਾ ਪਿੱਛਾ ਕਰਨ ਉਤਰੀ ਸ੍ਰੀਲੰਕਾ ਨੂੰ ਚੰਗੀ ਸ਼ੁਰੂਆਤ ਨਾ ਮਿਲੀ। ਯਸ਼ ਠਾਕੁਰ ਨੇ ਵਿਸ਼ਵਾ ਚਤੁਰੰਗਾ (13) ਨੂੰ 27 ਦੇ ਜੋੜ 'ਤੇ ਆਊਟ ਕਰ ਕੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ। ਦੂਜੇ ਪਾਸਿਓਂ ਰੇਵੇਨ ਕੇਲੀ (62) ਲਗਾਤਾਰ ਦੌੜਾਂ ਬਣਾ ਰਹੇ ਸਨ। ਉਨ੍ਹਾਂ ਨੂੰ ਹਸਿਥਾ ਬੋਇਆਗੋਦਾ (37) ਦਾ ਸਾਥ ਮਿਲਿਆ ਅਤੇ ਦੋਵਾਂ ਨੇ ਟੀਮ ਦਾ ਸਕੋਰ 105 ਪਹੁੰਚਾ ਦਿੱਤਾ। ਇਨ੍ਹਾਂ ਵਿਚਾਲੇ ਦੂਜੀ ਵਿਕਟ ਲਈ 78 ਦੌੜਾਂ ਦੀ ਭਾਈਵਾਲੀ ਹੋਈ। ਬੋਇਆਗੋਦਾ ਨੂੰ ਅਭਿਸ਼ੇਕ ਨੇ ਆਪਣਾ ਪਹਿਲਾ ਸ਼ਿਕਾਰ ਬਣਾਇਆ। ਕੇਲੀ ਨੇ ਤੀਜੀ ਵਿਕਟ ਲਈ ਕਾਮਿੰਡੂ ਮੇਂਡਿਸ (53) ਨਾਲ ਮਿਲ ਕੇ 53 ਦੌੜਾਂ ਜੋੜ ਲਈਆਂ ਸਨ ਪਰ ਅਭਿਸ਼ੇਕ ਨੇ ਕੇਲੀ ਨੂੰ ਪਵੇਲੀਅਨ ਭੇਜ ਕੇ ਇਸ ਭਾਈਵਾਲੀ ਦਾ ਅੰਤ ਕੀਤਾ। ਮੇਂਡਿਸ ਨੂੰ ਵੀ ਅਭਿਸ਼ੇਕ ਨੇ ਆਪਣਾ ਤੀਜਾ ਸ਼ਿਕਾਰ ਬਣਾਇਆ ਅਤੇ ਮੇਜ਼ਬਾਨਾਂ ਨੂੰ ਬੈਕਫੁਟ 'ਤੇ ਧੱਕ ਦਿੱਤਾ। ਇਸ ਤੋਂ ਬਾਅਦ ਸ੍ਰੀਲੰਕਾ ਦੀ ਟੀਮ ਸੰਭਲ ਨਹੀਂ ਸਕੀ ਅਤੇ ਲਗਾਤਾਰ ਵਕਫ਼ੇ 'ਤੇ ਵਿਕਟਾਂ ਗੁਆਉਂਦੀ ਰਹੀ। 225 ਦੇ ਸਕੋਰ 'ਤੇ ਉਸ ਨੇ ਆਪਣੀਆਂ ਤਿੰਨ ਵਿਕਟਾਂ ਗੁਆਈਆਂ। ਠਾਕੁਰ ਨੇ ਪ੍ਰਵੀਣ ਜੈਵਿਯਮਾ ਨੂੰ ਰਨ ਆਊਟ ਕਰ ਕੇ ਸ੍ਰੀਲੰਕਾ ਦੀ ਪਾਰੀ ਨੂੰ ਸਮੇਟਿਆ।