ਆਈਸੀਸੀ ਦਰਜਾਬੰਦੀ

-ਭਾਰਤੀ ਕਪਤਾਨ ਨੇ ਵਾਰਨਰ ਨੂੰ ਛੇਵੇਂ ਨੰਬਰ 'ਤੇ ਧੱਕਿਆ

-ਧਵਨ ਨੂੰ ਫ਼ਾਇਦਾ, ਰਹਾਣੇ ਨੂੰ ਹੋਇਆ ਨੁਕਸਾਨ

ਦੁਬਈ (ਪੀਟੀਆਈ) : ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਬੱਲੇਬਾਜ਼ਾਂ ਦੀ ਟੈਸਟ ਰੈਂਕਿੰਗ ਵਿਚ ਇਕ ਸਥਾਨ ਦੇ ਫ਼ਾਇਦੇ ਨਾਲ ਪੰਜਵੇਂ ਸਥਾਨ 'ਤੇ ਪੁੱਜ ਗਏ ਹਨ। ਕੋਹਲੀ ਨੇ ਸ੍ਰੀਲੰਕਾ ਖ਼ਿਲਾਫ਼ ਕੋਲਕਾਤਾ 'ਚ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ 'ਚ ਅਜੇਤੂ ਸੈਂਕੜਾ ਲਾਇਆ ਸੀ ਜੋ ਕਿ ਅੰਤਰਰਾਸ਼ਟਰੀ ਿਯਕਟ 'ਚ ਉਨ੍ਹਾਂ ਦਾ 50ਵਾਂ ਸੈਂਕੜਾ ਸੀ। ਇਸ ਦੇ ਦਮ 'ਤੇ ਉਹ ਆਸਟ੫ੇਲੀਆ ਦੇ ਡੇਵਿਡ ਵਾਰਨਰ ਨੂੰ ਪੰਜਵੇਂ ਨੰਬਰ ਤੋਂ ਲਾਂਭੇ ਕਰ ਕੇ ਸਿਖਰਲੇ ਪੰਜ 'ਚ ਸ਼ਾਮਿਲ ਹੋਣ 'ਚ ਸਫਲ ਰਹੇ। ਵਨ ਡੇ ਤੇ ਟੀ-20 ਦੋਵਾਂ 'ਚ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਕੋਹਲੀ ਨੇ ਡਰਾਅ ਰਹੇ ਮੈਚ ਦੇ ਪੰਜਵੇਂ ਤੇ ਆਖ਼ਰੀ ਦਿਨ ਅਜੇਤੂ 104 ਦੌੜਾਂ ਦੀ ਪਾਰੀ ਖੇਡੀ ਸੀ।

ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੋ ਸਥਾਨ ਉੱਪਰ 28ਵੇਂ ਨੰਬਰ 'ਤੇ ਪੁੱਜ ਗਏ ਹਨ ਜਦਕਿ ਚੇਤੇਸ਼ਵਰ ਪੁਜਾਰਾ ਪਹਿਲਾਂ ਦੀ ਤਰ੍ਹਾਂ ਚੌਥੇ ਨੰਬਰ 'ਤੇ ਬਣੇ ਹੋਏ ਹਨ। ਲੋਕੇਸ਼ ਰਾਹੁਲ ਅੱਠਵੇਂ ਸਥਾਨ 'ਤੇ ਟਿਕੇ ਹੋਏ ਹਨ। ਅਜਿੰਕੇ ਰਹਾਣੇ ਚਾਰ ਸਥਾਨ ਹੇਠਾਂ 14ਵੇਂ ਸਥਾਨ 'ਤੇ ਖ਼ਿਸਕ ਗਏ ਹਨ।

ਜਡੇਜਾ ਇਕ ਸਥਾਨ ਹੇਠਾਂ ਖ਼ਿਸਕੇ :

ਮੰਗਲਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ 'ਚ ਰਵਿੰਦਰ ਜਡੇਜਾ ਗੇਂਦਬਾਜ਼ਾਂ ਦੀ ਸੂਚੀ 'ਚ ਇਕ ਸਥਾਨ ਹੇਠਾਂ ਤੀਜੇ ਨੰਬਰ 'ਤੇ ਖ਼ਿਸਕ ਗਏ ਹਨ। ਜਡੇਜਾ ਕੋਲ ਸ੍ਰੀਲੰਕਾ ਖ਼ਿਲਾਫ਼ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਗੇਂਦਬਾਜ਼ੀ ਤੇ ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ 'ਚ ਸਿਖਰ 'ਤੇ ਪੁੱਜਣ ਦਾ ਮੌਕਾ ਸੀ ਪਰ ਕੋਲਕਾਤਾ 'ਚ ਤੇਜ਼ ਗੇਂਦਬਾਜ਼ ਹਾਵੀ ਰਹੇ ਤੇ ਸਪਿੰਨਰਾਂ ਦੀ ਇਕ ਨਾ ਚੱਲੀ। ਇਸ ਨਾਲ ਜਡੇਜਾ ਨੂੰ ਨੁਕਸਾਨ ਹੋਇਆ ਤੇ ਉਹ ਤੀਜੇ ਸਥਾਨ 'ਤੇ ਖ਼ਿਸਕ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰਫ਼ਨਮੌਲਾ ਦੀ ਰੈਂਕਿੰਗ ਵਿਚ ਵੀ 20 ਅੰਕ ਗੁਆਏ ਹਨ। ਉਹ ਹਾਲਾਂਕਿ ਅਗਲੇ ਮੈਚਾਂ 'ਚ ਇਸ ਦੀ ਭਰਪਾਈ ਕਰ ਸਕਦੇ ਹਨ। ਜਡੇਜਾ ਦੇ ਸਾਥੀ ਸਪਿੰਨਰ ਰਵੀਚੰਦਰਨ ਅਸ਼ਵਿਨ ਪਹਿਲਾਂ ਦੀ ਤਰ੍ਹਾਂ ਚੌਥੇ ਸਥਾਨ 'ਤੇ ਬਣੇ ਹੋਏ ਹਨ।

ਭੁਵਨੇਸ਼ਵਰ ਨੇ ਮਾਰੀ ਛਾਲ :

ਭਾਰਤੀ ਗੇਂਦਬਾਜ਼ਾਂ 'ਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਅੱਠ ਸਥਾਨ ਦੀ ਲੰਬੀ ਛਾਲ ਲਾਈ ਹੈ ਤੇ ਹੁਣ ਉਹ ਆਪਣੇ ਕਰੀਅਰ ਦੀ ਸਰਬੋਤਮ 29ਵੀਂ ਰੈਂਕਿੰਗ 'ਤੇ ਪੁੱਜ ਗਏ ਹਨ। ਸ਼ਮੀ ਵੀ ਇਕ ਸਥਾਨ ਉੱਪਰ 18ਵੇਂ ਸਥਾਨ 'ਤੇ ਪੁੱਜ ਗਏ ਹਨ।

ਐਸ਼ੇਜ਼ ਜਿੱਤਿਆ ਤਾਂ ਚੌਥੇ ਸਥਾਨ 'ਤੇ ਪੁੱਜ ਜਾਵੇਗਾ ਆਸਟ੫ੇਲੀਆ :

ਟੀਮ ਰੈਂਕਿੰਗ ਵਿਚ ਪੰਜਵੇਂ ਸਥਾਨ 'ਤੇ ਕਾਬਜ਼ ਆਸਟ੫ੇਲੀਆ ਜੇ ਐਸ਼ੇਜ਼ ਸੀਰੀਜ਼ 2-0 ਨਾਲ ਜਿੱਤਣ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਇੰਗਲੈਂਡ ਨੂੰ ਪਿੱਛੇ ਛੱਡ ਦੇਵੇਗਾ ਪਰ ਉਹ 5-0 ਨਾਲ ਕਲੀਨ ਸਵੀਪ ਕਰਨ 'ਤੇ ਤੀਜੇ ਸਥਾਨ 'ਤੇ ਵੀ ਪੁੱਜ ਸਕਦਾ ਹੈ। ਅਜਿਹੇ ਹਾਲਾਤ 'ਚ ਇੰਗਲੈਂਡ ਦੇ 98 ਅੰਕ ਰਹਿ ਜਾਣਗੇ। ਇਸ ਦੇ ਉਲਟ ਜੇ ਤੀਜੇ ਸਥਾਨ ਦੀ ਟੀਮ ਇੰਗਲੈਂਡ 5-0 ਨਾਲ ਜਿੱਤ ਦਰਜ ਕਰਦੀ ਹੈ ਤਾਂ ਉਸ ਦੇ 110 ਅੰਕ ਹੋ ਜਾਣਗੇ ਤੇ ਇਸ ਨਾਲ ਆਸਟ੫ੇਲੀਆ ਦੇ ਸਿਰਫ 91 ਅੰਕ ਹੀ ਰਹਿ ਜਾਣਗੇ। ਭਾਰਤ ਅਜੇ 125 ਅੰਕ ਲੈ ਕੇ ਸੂਚੀ 'ਚ ਸਿਖ਼ਰ 'ਤੇ ਹੈ ਜਦਕਿ ਦੱਖਣੀ ਅਫਰੀਕਾ 111 ਅੰਕ ਨਾਲ ਦੂਜੇ ਸਥਾਨ 'ਤੇ ਹੈ।