ਫੋਰਬਸ ਦੀ ਸੂਚੀ

ਦੋਨੋਂ ਅੰਬਾਨੀ ਭਰਾਵਾਂ ਦੀ ਸਾਂਝੀ ਜਾਇਦਾਦ 21.5 ਅਰਬ ਡਾਲਰ

ਪ੍ਰਮੁੱਖ 50 'ਚ ਭਾਰਤ ਦੇ 14 ਖਰਬਪਤੀ ਪਰਿਵਾਰ ਸ਼ਾਮਲ

ਵਾਸ਼ਿੰਗਟਨ (ਪੀਟੀਆਈ) : ਅੰਬਾਨੀ ਪਰਿਵਾਰ ਦਾ ਜਲਵਾ ਸਮੂਚੇ ਏਸ਼ੀਆ 'ਚ ਕਾਇਮ ਹੈ। ਇਹ ਘਰਾਨਾ ਏਸ਼ੀਆ ਦੇ 50 ਸਭ ਤੋਂ ਅਮੀਰ ਪਰਿਵਾਰਾਂ 'ਚ ਤੀਜੇ ਨੰਬਰ 'ਤੇ ਹੈ। ਅਮਰੀਕੀ ਬਿਜ਼ਨਸ ਮੈਗਜ਼ੀਨ ਫੋਰਬਸ ਨੇ ਇਸ ਪਰਿਵਾਰ ਦੀ ਜਾਇਦਾਦ 21.5 ਅਰਬ ਡਾਲਰ ਦੱਸੀ ਹੈ। ਇਸ ਵਿਚ ਦੋਨੋਂ ਅੰਬਾਨੀ ਭਰਾਵਾਂ-ਮੁਕੇਸ਼ ਅਤੇ ਅਨਿਲ ਦੀ ਜਾਇਦਾਦ ਸ਼ਾਮਲ ਹੈ। ਫੋਰਬਸ ਦੀ ਇਸ 50 ਦੌਲਤਮੰਦਾਂ ਦੀ ਸੂਚੀ 'ਚ ਭਾਰਤ ਦੇ ਕੁੱਲ 14 ਖਰਬਪਤੀ ਪਰਿਵਾਰਾਂ ਨੇ ਥਾਂ ਬਣਾਈ ਹੈ।

ਫੋਰਬਸ ਦੀ ਵੀਰਵਾਰ ਨੂੰ ਜਾਰੀ ਸੂਚੀ ਦੇ ਮੁਤਾਬਕ, ਪਹਿਲੇ ਦਸ 'ਚ ਭਾਰਤ ਦੇ ਚਾਰ ਅਰਬਪਤੀ ਪਰਿਵਾਰਾਂ ਨੂੰ ਥਾਂ ਮਿਲੀ ਹੈ। ਅੰਬਾਨੀ ਪਰਿਵਾਰ ਪੈਟਰੋਲੀਅਮ ਅਤੇ ਦੂਰਸੰਚਾਰ ਸਮੇਤ ਕਈ ਖੇਤਰਾਂ 'ਚ ਕਾਰੋਬਾਰ ਕਰ ਰਿਹਾ ਹੈ। ਦੋਨੋਂ ਭਰਾਵਾਂ ਨੇ ਸਾਲ 2002 'ਚ ਪਿਤਾ ਧੀਰੂਭਾਈ ਅੰਬਾਨੀ ਦੇ ਦਿਹਾਂਤ ਦੇ ਬਾਅਦ ਵੱਖ-ਵੱਖ ਕਾਰੋਬਾਰ ਸ਼ੁਰੂ ਕੀਤਾ ਸੀ। ਫੋਰਬਸ ਦੇ ਮੁਤਾਬਕ, ਮੁਕੇਸ਼ ਅੰਬਾਨੀ ਦਾ ਬੇਟਾ ਆਕਾਸ਼ ਅਤੇ ਬੇਟੀ ਈਸਾ ਸਮੂਹ ਦੀ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਇੰਪੋਕਾਮ ਅਤੇ ਰਿਟੇਲ ਕਾਰੋਬਾਰ ਯੂਨਿਟ ਰਿਲਾਇੰਸ ਰਿਟੇਲ ਦੇ ਡਾਇਰੈਕਟਰ ਹਨ। ਉੱਥੇ ਅਨਿਲ ਅੰਬਾਨੀ ਦਾ ਬੇਟਾ ਜੈ ਅਨਮੋਲ ਵੀ ਸਮੂਹ ਦੀ ਵਿੱਤੀ ਫਰਮ ਰਿਲਾਇੰਸ ਕੈਪੀਟਲ ਨਾਲ ਜੁੜੇ ਹਨ। ਆਈਟੀ ਸਮੇਤ ਹੋਰ ਕਈ ਕਾਰੋਬਾਰ ਕਰਨ ਵਾਲਾ ਅਜੀਮ ਪ੍ਰੇਮ ਜੀ ਪਰਿਵਾਰ 17 ਅਰਬ ਡਾਲਰ ਦੀ ਜਾਇਦਾਦ ਨਾਲ ਸੱਤਵੇਂ ਸਥਾਨ 'ਤੇ ਹੈ। ਅਜੀਮ ਪ੍ਰੇਮ ਜੀ ਦੇਸ਼ ਦੀ ਤੀਜੀ ਵੱਡੀ ਆਈਟੀ ਕੰਪਨੀ ਵਿਪੋ੍ਰ ਦੇ ਮੁਖੀ ਹਨ। ਉਨ੍ਹਾਂ ਦੀ ਇਕ ਕੰਪਨੀ ਤੇਲ ਅਤੇ ਲਾਇਟਿੰਗ ਉਤਪਾਦ ਦੇ ਕਾਰੋਬਾਰ 'ਚ ਹੈ। ਹਿੰਦੂਜਾ ਪਰਿਵਾਰ 15 ਅਰਬ ਡਾਲਰ ਦੀ ਜਾਇਦਾਦ ਨਾਲ ਨੌਵੇਂ ਅਤੇ ਮਿਸਤਰੀ ਪਰਿਵਾਰ 14.9 ਅਰਬ ਡਾਲਰ ਨਾਲ ਦਸਵੇਂ ਸਥਾਨ 'ਤੇ ਹੈ।

ਫੋਰਬਸ ਦੇ ਕਵਰ ਪੇਜ 'ਤੇ ਥਾਂ ਲੈਣ ਵਾਲੇ ਬਰਮਨ ਪਰਿਵਾਰ ਨੇ 5.5 ਅਰਬ ਡਾਲਰ ਦੀ ਜਾਇਦਾਦ ਨਾਲ ਇਸ ਸੂਚੀ 'ਚ 30ਵੀਂ ਥਾਂ ਬਣਾਈ ਹੈ। ਪਰਿਵਾਰ ਦੀ ਪੰਜਵੀਂ ਪੀੜ੍ਹੀ ਦੇ ਮੁਖੀ ਅਤੇ ਡਾਬਰ ਸਮੂਹ ਦੇ ਨਾਨ ਐਗਜ਼ੀਕਿਊਟਿਵ ਡਾਇਰੈਕਟਰ ਆਨੰਦ ਬਰਮਨ ਦੀ ਅਗਵਾਈ 'ਚ ਕੰਪਨੀ ਨੇ 1998 ਤੋਂ ਹੁਣ ਤਕ ਆਪਣੀ ਬਾਜ਼ਾਰ ਪੂੰਜੀ 'ਚ 40 ਗੁਣਾ ਵਾਧਾ ਕੀਤੀ ਹੈ। ਹਾਲੇ ਕੰਪਨੀ ਕੋਲ ਵੱਖ ਵੱਖ ਸ਼੍ਰੇਣੀਆਂ ਦੇ 400 ਉਤਪਾਦਾਂ ਦਾ ਪੋਰਟਫੋਲਿਓ ਹੈ। ਬਰਮਨ ਪਰਿਵਾਰ ਦੀ ਡਾਬਰ ਲਿਮਟਿਡ 'ਚ 68 ਫੀਸਦੀ ਦੀ ਹਿੱਸੇਦਾਰੀ ਹੈ।

-----------

ਸੂਚੀ 'ਚ ਲੀ ਪਰਿਵਾਰ ਅੱਵਲ

ਮੈਗਜ਼ੀਨ ਨੇ ਕਿਹਾ ਕਿ ਸੈਮਸੰਗ ਸਮੂਹ ਦਾ ਕੰਟਰੋਲ ਰੱਖਣ ਵਾਲੇ ਲੀ ਪਰਿਵਾਰ 26.6 ਅਰਬ ਡਾਲਰ ਦੀ ਜਾਇਦਾਦ ਨਾਲ ਇਸ ਸੂਚੀ 'ਚ ਟਾਪ 'ਤੇ ਹੈ। ਹੈਂਡਰਸਨ ਲੈਂਡ ਡਿਵੈਲਪਮੈਂਟ ਕੰਪਨੀ ਦੇ ਹਾਂਗਕਾਂਗ ਦਾ ਲੀ ਪਰਿਵਾਰ 24.1 ਅਰਬ ਡਾਲਰ ਨਾਲ ਦੂਜੇ ਸਥਾਨ 'ਤੇ ਹੈ। ਸੂਚੀ 'ਚ ਸ਼ਾਮਲ ਲੱਗਪਗ ਅੱਧੇ ਪਰਿਵਾਰ ਚੀਨੀ ਮੂਲ ਦੇ ਹਨ, ਪਰ ਇਨ੍ਹਾਂ 'ਚੋਂ ਕੋਈ ਵੀ ਚੀਨ 'ਚ ਨਹੀਂ ਰਹਿੰਦਾ।