* ਫਰਾਂਸ ਨੇ 5-3 ਨਾਲ ਜਿੱਤ ਦਰਜ ਕਰਕੇ ਕਰਾਸ ਓਵਰ 'ਚ ਬਣਾਈ ਥਾਂ

* ਹਾਰ ਦੇ ਬਾਵਜੂਦ ਕੁਆਰਟਰ ਫਾਈਨਲ 'ਚ ਓਲੰਪਿਕ ਚੈਂਪੀਅਨ

ਭੁਬਨੇਸ਼ਵਰ (ਜੇਐੱਨਐੱਨ) : ਫਰਾਂਸ ਨੇ ਇੱਥੇ ਵੀਰਵਾਰ ਨੂੰ ਕਲਿੰਗਾ ਸਟੇਡੀਅਮ 'ਚ ਹਾਕੀ ਵਿਸ਼ਵ ਕੱਪ ਦੇ ਪੂਲ-ਏ ਦੇ ਦਿਨ ਦੇ ਦੂਜੇ ਮੈਚ 'ਚ ਓਲੰਪਿਕ ਗੋਲਡ ਮੈਡਲ ਜੇਤੂ ਅਰਜਨਟੀਨਾ ਨੂੰ 5-3 ਨਾਲ ਹਰਾ ਕੇ ਵੱਡਾ ਉਲਟ ਫੇਰ ਕੀਤਾ। ਇਸ ਜਿੱਤ ਨਾਲ ਫਰਾਂਸ ਨੇ ਪੂਲ-ਏ 'ਚ ਦੂਜੇ ਥਾਂ 'ਤੇ ਰਹਿੰਦੇ ਹੋਏ ਕਰਾਸ ਓਵਰ 'ਚ ਥਾਂ ਬਣਾਈ। ਉਥੇ ਹਾਰ ਦੇ ਬਾਵਜੂਦ ਅਰਜਨਟੀਨਾ ਪੂਲ 'ਚ ਟਾਪ 'ਤੇ ਰਿਹਾ ਤੇ ਉਸਨੇ ਸਿੱਧੇ ਕੁਆਰਟਰ ਫਾਈਨਲ ਖੇਡਣ ਦਾ ਹੱਕ ਪਾਇਆ। ਫਰਾਂਸ ਦੀ ਜਿੱਤ ਨਾਲ ਸਪੇਨ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ।

ਕੀ ਹੈ ਕਰਾਸ ਓਵਰ

ਵਿਸ਼ਵ ਕੱਪ 'ਚ ਖੇਡ ਰਹੀਆਂ 16 ਟੀਮਾਂ ਨੂੰ ਚਾਰ ਪੂਲਾਂ 'ਚ ਰੱਖਿਆ ਗਿਆ ਹੈ। ਹਰੇਕ ਪੂਲ 'ਚ ਚਾਰ ਟੀਮਾਂ ਹਨ। ਹਰੇਕ ਪੂਲ ਤੋਂ ਟਾਪ 'ਤੇ ਰਹਿਣ ਵਾਲੀ ਟੀਮ ਸਿੱਧੇ ਕੁਆਰਟਰ ਫਾਈਨਲ ਖੇਡੇਗੀ। ਪੂਲ-ਏ 'ਚ ਦੂਜੇ ਤੇ ਤੀਜੇ ਥਾਂ 'ਤੇ ਰਹਿਣ ਵਾਲੀਆਂ ਟੀਮਾਂ ਪੂਲ-ਬੀ 'ਚ ਤੀਜੇ ਤੇ ਦੂਜੇ ਥਾਂ ਦੀਆਂ ਟੀਮਾਂ ਨਾਲ ਮੈਚ ਖੇਡਣਗੀਆਂ। ਇਸ ਨੂੰ ਹੀ ਕਰਾਸ ਓਵਰ ਦਾ ਨਾਂ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੂਲ-ਸੀ 'ਚ ਦੂਜੇ ਤੇ ਤੀਜੇ ਥਾਂ 'ਤੇ ਰਹਿਣ ਵਾਲੀਆਂ ਟੀਮਾਂ ਪੂਲ-ਡੀ 'ਚ ਤੀਜੇ ਤੇ ਦੂਜੇ ਤਾਂ 'ਤੇ ਰਹਿਣ ਵਾਲੀਆਂ ਟੀਮਾਂ ਨਾਲ ਕਰਾਸ ਓਵਰ ਮੈਚ ਖੇਡੇਗੀ। ਕਰਾਸ ਓਵਰ ਮੁਕਾਬਲਾ ਜਿੱਤਣ ਵਾਲੀ ਟੀਮ ਨੂੰ ਕੁਆਰਟਰ ਫਾਈਨਲ 'ਚ ਥਾਂ ਮਿਲੇਗੀ।

ਪੂਲ-ਏ ਦੀ ਤਾਲਿਕਾ

ਟੀਮ, ਮੈਚ, ਜਿੱਤ, ਹਾਰ, ਡਰਾਅ, ਗੋਲ ਕੀਤੇ, ਗੋਲ ਖਾਧੇ, ਅੰਕ

ਅਰਜਨਟੀਨਾ, 3, 2, 1, 0, 10, 8, 6

ਫਰਾਂਸ, 3, 1, 1, 1, 7, 6, 4

ਨਿਊਜ਼ੀਲੈਂਡ, 3, 1, 1, 1, 4, 6, 4

ਸਪੇਨ, 3, 0, 1, 1, 6, 7, 2