ਕੋਲਕਾਤਾ (ਪੀਟੀਆਈ) : ਮੋਹਨ ਬਾਗਾਨ ਤੇ ਬੈਂਗਲੁਰੂ ਐੱਫਸੀ ਦੀਆਂ ਟੀਮਾਂ ਬੁੱਧਵਾਰ ਨੂੰ ਏਐੱਫਸੀ ਕੱਪ ਦੇ ਗਰੁੱਪ ਲੀਗ ਮੁਕਾਬਲੇ 'ਚ ਖੇਡਣ ਉਤਰੇਨਗੀਆਂ ਤਾਂ ਇਨ੍ਹਾਂ ਦਾ ਇਰਾਦਾ ਫੈਡਰੇਸ਼ਨ ਕੱਪ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਇਸ ਮੈਚ ਨੂੰ ਅਭਿਆਸ ਵਜੋਂ ਲੈਣ ਦਾ ਰਹੇਗਾ। ਬਾਗਾਨ ਪਹਿਲਾਂ ਹੀ ਏਐੱਫਸੀ ਕੱਪ ਤੋਂ ਬਾਹਰ ਹੈ ਜਦਕਿ ਬੈਂਗਲੁਰੂ ਗਰੁੱਪ 'ਈ' 'ਚ ਸਿਖਰ 'ਤੇ ਰਹਿੰਦੇ ਹੋਏ ਪਹਿਲਾਂ ਹੀ ਅਗਲੇ ਗੇੜ ਲਈ ਕੁਆਲੀਫਾਈ ਕਰ ਚੁੱਕਾ ਹੈ। ਦੋਵੇਂ ਟੀਮਾਂ ਇਸ ਸੈਸ਼ਨ 'ਚ ਪੰਜਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਉਨ੍ਹਾਂ ਦਾ ਮੁਕਾਬਲਾ 11 ਮਾਰਚ ਨੂੰ ਬੈਂਗਲੁਰੂ 'ਚ ਹੋ ਚੁੱਕਾ ਹੈ। ਇਸ ਤੋਂ ਇਲਾਵਾ ਉਹ ਦੋ ਵਾਰ ਆਈ ਲੀਗ ਮੈਚ, ਇਕ ਵਾਰ ਫੈਡਰੇਸ਼ਨ ਕੱਪ ਅਤੇ ਇਕ ਵਾਰ ਏਐੱਫਸੀ ਕੱਪ ਦੇ ਮੁਕਾਬਲੇ ਖੇਡ ਚੁੱਕੀਆਂ ਹਨ। ਉਹ ਛੇਵੀਂ ਵਾਰ 21 ਮਈ ਨੂੰ ਕਟਕ 'ਚ ਫੈਡਰੇਸ਼ਨ ਕੱਪ ਦੇ ਫਾਈਨਲ 'ਚ ਵੀ ਭਿੜਨਗੀਆਂ।

ਭਾਰਤੀ ਫੁੱਟਬਾਲ ਟੀਮ ਦਾ ਦੋਸਤਾਨਾ ਮੈਚ ਰੱਦ

ਨਵੀਂ ਦਿੱਲੀ (ਪੀਟੀਆਈ) : ਭਾਰਤੀ ਫੁੱਟਬਾਲ ਟੀਮ ਦਾ ਲੇਬਨਾਨ ਖ਼ਿਲਾਫ਼ ਸੱਤ ਜੂਨ ਨੂੰ ਮੁੰਬਈ 'ਚ ਹੋਣ ਵਾਲਾ ਅੰਤਰਰਾਸ਼ਟਰੀ ਦੋਸਤਾਨਾ ਮੈਚ ਰੱਦ ਕਰ ਦਿੱਤਾ ਗਿਆ ਹੈ। ਇਹ ਪੱਛਮੀ ਏਸ਼ੀਆਈ ਦੇਸ਼ ਆਪਣੇ ਖਿਡਾਰੀਆਂ ਨੂੰ ਵੀਜ਼ਾ ਮਿਲਨ 'ਚ ਪਰੇਸ਼ਾਨੀ ਕਾਰਨ ਇਸ ਮੁਕਾਬਲੇ ਤੋਂ ਪਿੱਛੇ ਹਟ ਗਿਆ ਹੈ। ਲੇਬਨਾਨ ਖ਼ਿਲਾਫ਼ ਮੈਚ ਭਾਰਤ ਲਈ ਕਿਰਗੀਜ ਗਣਰਾਜ ਖ਼ਿਲਾਫ਼ 13 ਜੂਨ ਨੂੰ ਬੈਂਗਲੁਰੂ 'ਚ ਹੋਣ ਵਾਲੇ ਏਸ਼ੀਆ ਕੱਪ ਕੁਆਲੀਫਾਇਰ ਮੈਚ ਲਈ ਅਭਿਆਸ ਦਾ ਕੰਮ ਕਰਦਾ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੇ ਕਿਹਾ ਕਿ ਉਹ ਕਿਸੇ ਹੋਰ ਦੇਸ਼ ਖ਼ਿਲਾਫ਼ ਮੈਚ ਖੇਡਣ ਦੀ ਸੰਭਾਵਨਾ ਭਾਲ ਰਿਹਾ ਹੈ ਪਰ ਇਸ ਲਈ ਅਜੇ ਬੁਹਤ ਘੱਟ ਸਮਾਂ ਬਚਿਆ ਹੈ। ਲੇਬਨਾਨੀ ਫੁੱਟਬਾਲ ਸੰਘ ਨੇ ਭਾਰਤੀ ਟੀਮ ਖ਼ਿਲਾਫ਼ ਅੰਤਰਰਾਸ਼ਟਰੀ ਦੋਸਤਾਨਾ ਮੈਚ ਖੇਡਣ ਲਈ ਭਾਰਤ ਦਾ ਦੌਰਾ ਨਾ ਕਰ ਸਕਣ 'ਤੇ ਅਫ਼ਸੋਸ ਜ਼ਾਹਿਰ ਕੀਤਾ ਹੈ। ਲੇਬਨਾਨ ਨੇ ਇਸ ਤੋਂ ਪਹਿਲਾਂ ਮਾਰਚ 2017 'ਚ ਮੁੰਬਈ 'ਚ ਮੈਚ ਖੇਡਣ ਦੀ ਆਪਣੀ ਪੁਸ਼ਟੀ ਕੀਤੀ ਸੀ।