''ਅਸੀਂ ਸੁਧਾਰ ਕਰ ਰਹੇ ਹਾਂ ਪਰ ਅੱਗੇ ਵੀ ਸੁਧਾਰ ਜਾਰੀ ਰੱਖਾਂਗੇ। ਸਾਨੂੰ ਵੱਧ ਤੋਂ ਵੱਧ ਗੋਲ ਕਰਨ ਦੀ ਜ਼ਰੂਰਤ ਹੈ। ਮੈਂ ਲੰਮੇਂ ਸਮੇਂ ਮਗਰੋਂ ਗੋਲ ਕੀਤਾ ਹੈ।''

- ਸਰਦਾਰ ਸਿੰਘ (ਭਾਰਤੀ ਕਪਤਾਨ)

ਐਂਟਵਰਪ (ਏਜੰਸੀ) : ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਹਾਕੀ ਵਰਲਡ ਲੀਗ ਸੈਮੀ ਫਾਈਨਲ ਵਿਚ ਮੰਗਲਵਾਰ ਨੂੰ ਇਥੇ ਪੋਲੈਂਡ ਨੂੰ 3-0 ਨਾਲ ਹਰਾ ਦਿੱਤਾ। ਭਾਰਤ ਲਈ ਦੋ ਭਰਾਵਾਂ ਯੁਵਰਾਜ ਵਾਲਮੀਕਿ ਤੇ ਦੇਵਿੰਦਰ ਵਾਲਮੀਕਿ ਨੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ। ਯੁਵਰਾਜ ਨੇ 23ਵੇਂ ਤੇ ਦੇਵਿੰਦਰ ਨੇ 52ਵੇਂ ਮਿੰਟ ਵਿਚ ਗੋਲ ਕੀਤੇ। ਇਕ ਹੋਰ ਗੋਲ ਕਪਤਾਨ ਸਰਦਾਰ ਸਿੰਘ (41ਵੇਂ ਮਿੰਟ) ਨੇ ਕੀਤਾ। ਭਾਰਤ ਦੀ ਟੂਰਨਾਮੈਂਟ ਵਿਚ ਲਗਾਤਾਰ ਦੂਜੀ ਜਿੱਤ ਹੈ। ਉਸ ਨੇ ਪਹਿਲੇ ਮੈਚ ਵਿਚ ਫਰਾਂਸ ਨੂੰ 3-2 ਨਾਲ ਹਰਾਇਆ ਸੀ। ਭਾਰਤ ਹੁਣ 26 ਜੂਨ ਨੂੰ ਰਵਾਇਤੀ ਮੁਕਾਬਲੇਬਾਜ਼ ਪਾਕਿਸਤਾਨ ਨਾਲ ਖੇਡੇਗਾ।

ਤਾਪਮਾਨ 16 ਡਿਗਰੀ ਸੈਲਸੀਅਸ ਸੀ ਤੇ ਠੰਢੀਆਂ ਹਵਾਵਾਂ ਚੱਲ ਰਹੀਆਂ ਸਨ। ਸਥਿਤੀਆਂ ਪੋਲੈਂਡ ਦੇ ਮਾਫ਼ਕ ਸਨ ਤੇ ਉਸ ਨੇ ਪਹਿਲੇ ਕੁਆਰਟਰ ਵਿਚ ਚੰਗੀ ਗੇਮ ਖੇਡੀ। ਉਸ ਨੇ ਆਪਣੀ ਰੱਖਿਆ ਪੰਕਤੀ ਵਿਚ ਵੱਧ ਖਿਡਾਰੀਆਂ ਨੂੁੰ ਰੱਖ ਕੇ ਭਾਰਤੀਆਂ ਨੂੰ ਪਰੇਸ਼ਾਨ ਕੀਤਾ। ਪਹਿਲੇ ਕੁਆਰਟਰ ਵਿਚ ਦਬਦਬਾ ਬਣਾਈ ਰੱਖਣ ਦੇ ਬਾਵਜੂਦ ਭਾਰਤ ਗੋਲ ਨਹੀਂ ਕਰ ਸਕਿਆ। ਦੂਜੇ ਕੁਆਰਟਰ ਦੇ ਸ਼ੁਰੂ ਵਿਚ ਪੋਲੈਂਡ ਨੇ ਚੰਗਾ ਦਬਦਬਾ ਬਣਾਇਆ। ਉਸ ਨੇ ਭਾਰਤੀ ਰੱਖਿਆ ਪੰਕਤੀ ਵਿਚ ਸੰਨ੍ਹ ਲਗਾਈ ਤੇ 20ਵੇਂ ਮਿੰਟ ਵਿਚ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਭਾਰਤੀ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਕਪਤਾਨ ਲਾਵੇਲ ਬ੍ਰੈਟਕੋਵਸਕੀ ਦੇ ਡਰੈਗ ਫਲਿਕ 'ਤੇ ਬਿਹਤਰੀਨ ਬਚਾਅ ਕਰਕੇ ਟੀਮ 'ਤੇ ਆਇਆ ਸੰਕਟ ਟਾਲ ਦਿੱਤਾ। ਭਾਰਤ ਨੂੰ ਪਹਿਲੀ ਸਫਲਤਾ 23ਵੇਂ ਮਿੰਟ ਵਿਚ ਮਿਲੀ ਜਦੋਂ ਯੁਵਰਾਜ ਨੇ ਵਿਰੋਧੀ ਟੀਮ ਦੇ ਗੋਲਕੀਪਰ ਦੇ ਸਿਰ ਉੱਪਰੋਂ ਗੇਂਦ ਨੂੰ ਜਾਲੀ ਵਿਚ ਉਲਝਾਇਆ। ਸੱਟ ਤੋਂ ਉੱਭਰ ਰਹੇ ਰੁਪਿੰਦਰ ਸਿੰਘ ਦੀ ਗ਼ੈਰ ਹਾਜ਼ਰੀ ਵਿਚ ਭਾਰਤ ਪੈਨਲਟੀ ਕਾਰਨਰ ਵਿਚ ਕੋਈ ਖ਼ਾਸ ਕਮਾਲ ਨਹੀਂ ਕਰ ਸਕਿਆ। ਉਸ ਨੇ ਦੂਜੇ ਕੁਆਰਟਰ ਦੇ ਅਖ਼ੀਰ ਵਿਚ ਪਹਿਲਾ ਪੈਨਲਟੀ ਕਾਰਨਰ ਮਿਲਿਆ ਪਰ ਪੋਲੈਂਡ ਦੇ ਗੋਲਕੀਪਰ ਨੇ ਉਸ ਨੂੰ ਬੜਤ ਦੂਣੀ ਕਰਨ ਦਿੱਤੀ।

ਤੀਜੇ ਕੁਆਰਟਰ ਦੇ ਸ਼ੁਰੂ ਵਿਚ ਵੀ ਭਾਰਤ ਨੂੰ ਦੂਜਾ ਪੈਨਲਟੀ ਕਾਰਨਰ ਮਿਲਿਆ ਪਰ ਫਿਰ ਤੋਂ ਗੋਲ ਕਰਨ ਵਿਚ ਨਾਕਾਮ ਰਿਹਾ। ਸਰਦਾਰ ਨੇ 41ਵੇਂ ਮਿੰਟ ਵਿਚ ਸਰਕਲ ਦੇ ਸਿਖਰ ਤੋਂ ਗੋਲ ਦੇ ਦੋਵੀਂ ਪਾਸੀ ਕਰਾਰ ਸ਼ਾਟ ਲਗਾ ਕੇ ਭਾਰਤ ਦੀ ਬੜਤ ਦੂਣੀ ਕਰ ਦਿੱਤੀ। ਦੇਵਿੰਦਰ ਨੇ ਇਸ ਮਗਰੋਂ ਆਪਣੇ ਪਹਿਲੇ ਟੂਰਨਾਮੈਂਟ ਦੇ ਦੂਜੇ ਮੈਚ ਵਿਚ ਆਪਣਾ ਦੂਜਾ ਗੋਲ ਕੀਤਾ। ਉਨ੍ਹਾਂ ਚਿੰਗਲੇਨਸਨਾ ਸਿੰਘ ਦੇ ਪਾਸ ਨੂੰ ਡਿਫਲੈਕਟਰ ਕਰ ਕੇ ਗੋਲ ਕੀਤਾ। ਇਸ ਨਾਲ ਪੂਲ ਬੀ ਦੇ ਇਕ ਹੋਰ ਮੈਚ ਵਿਚ ਆਇਰਲੈਂਡ ਤੇ ਗ੍ਰੇਟ ਬਿ੍ਰਟੇਨ ਦਰਮਿਆਨ ਮੈਚ 2-2 ਨਾਲ ਬਰਾਬਰ ਰਿਹਾ ਸੀ।