ਏਸ਼ੀਆ ਕੱਪ

-ਅਭਿਆਸ ਕਰਦੇ ਸਮੇਂ ਪਿੱਠ ਦੀਆਂ ਮਾਸਪੇਸ਼ੀਆਂ 'ਚ ਆਇਆ ਖਿਚਾਅ

-ਬੈਕਅਪ ਦੇ ਤੌਰ 'ਤੇ ਟੀਮ ਨਾਲ ਜੁੜਨਗੇ ਪਾਰਥਿਵ ਪਟੇਲ

ਢਾਕਾ (ਏਜੰਸੀ) : ਏਸ਼ੀਆ ਕੱਪ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਭਾਰਤ ਨੂੰ ਕਰਾਰਾ ਝਟਕਾ ਲੱਗਾ ਹੈ। ਟੀਮ ਇੰਡੀਆ ਦੇ ਕਪਤਾਨ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਫਿਨਿਸ਼ਰ ਮਹਿੰਦਰ ਸਿੰਘ ਧੋਨੀ ਸੋਮਵਾਰ ਨੂੰ ਟ੫ੇਨਿੰਗ ਸੈਸ਼ਨ ਦੌਰਾਨ ਜ਼ਖ਼ਮੀ ਹੋ ਗਏ। ਉਨ੍ਹਾਂ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਹੈ। ਉਨ੍ਹਾਂ ਦਾ ਖੇਡਣਾ ਸ਼ੱਕੀ ਹੈ। ਬੀਸੀਸੀਆਈ ਨੇ ਉਨ੍ਹਾਂ ਦੀ ਥਾਂ 'ਤੇ ਪਾਰਥਿਵ ਪਟੇਲ ਨੂੰ ਬੈਕਅਪ ਦੇ ਤੌਰ 'ਤੇ ਟੀਮ ਵਿਚ ਸ਼ਾਮਲ ਕੀਤਾ ਹੈ।

ਬੀਸੀਸੀਆਈ ਸਕੱਤਰ ਅਨੁਰਾਗ ਠਾਕੁਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਭਾਰਤ ਦੇ ਇਕ ਦਿਨਾ ਅਤੇ ਟੀ-20 ਕਪਤਾਨ ਮਹਿੰਦਰ ਸਿੰਘ ਧੋਨੀ ਦੀਆਂ ਪਿੱਠ ਦੀਆਂ ਮਾਸਪੇਸ਼ੀਆਂ ਵਿਚ ਸੋਮਵਾਰ ਨੂੰ ਢਾਕਾ ਵਿਚ ਅਭਿਆਸ ਸੈਸ਼ਨ ਦੌਰਾਨ ਖਿਚਾਅ ਆ ਗਿਆ। ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਅਗਲੇ ਏਸ਼ੀਆ ਕੱਪ ਲਈ ਉਨ੍ਹਾਂ ਦੇ ਬੈਕਅਪ ਵਿਕਟਕੀਪਰ ਦੇ ਤੌਰ 'ਤੇ ਪਾਰਥਿਵ ਪਟੇਲ ਦੀ ਚੋਣ ਕੀਤੀ ਹੈ। ਉਹ ਜਲਦ ਤੋਂ ਜਲਦ ਢਾਕਾ ਵਿਚ ਟੀਮ ਨਾਲ ਜੁੜਨਗੇ।

ਅਭਿਆਸ ਤੋਂ ਦੂਰ ਰਹੇ ਬੁਮਰਾਹ :

ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਪਹਿਲੇ ਦਿਨ ਅਭਿਆਸ ਨਹੀਂ ਕੀਤਾ। ਟੀਮ ਦੇ ਮੀਡੀਆ ਮੈਨੇਜਰ ਨਿਸ਼ਾਂਤ ਅਰੋੜਾ ਨੇ ਕਿਹਾ ਕਿ ਪਾਰਥਿਵ ਨੂੰ ਅਹਿਤਿਆਤ ਦੇ ਤੌਰ 'ਤੇ ਟੀਮ ਵਿਚ ਲਿਆ ਗਿਆ ਹੈ। ਜਿੱਥੇ ਤੱਕ ਬੁਮਰਾਹ ਦਾ ਸਵਾਲ ਹੈ ਤਾਂ ਉਨ੍ਹਾਂ ਨੂੰ ਮੌਸਮ ਵਿਚ ਬਦਲਾਅ ਕਾਰਨ ਕੁਝ ਪ੍ਰੇਸ਼ਾਨੀ ਸੀ। ਇਸ ਲਈ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ।

ਚਾਰ ਸਾਲ ਬਾਅਦ ਟੀਮ ਨਾਲ ਜੁੜਨਗੇ ਪਟੇਲ :

ਗੁਜਰਾਤ ਵੱਲੋਂ ਖੇਡਣ ਵਾਲੇ 30 ਸਾਲਾ ਵਿਕਟ ਕੀਪਰ ਬੱਲੇਬਾਜ਼ ਪਾਰਥਿਵ ਨੇ ਘਰੇਲੂ ਸੈਸ਼ਨ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਵਿਜੇ ਹਜ਼ਾਰੇ ਟਰਾਫੀ ਅਤੇ ਦੇਵਧਰ ਟਰਾਫੀ ਵਿਚ ਸੈਂਕੜਾ ਲਾਇਆ ਹੈ। ਪਾਰਥਿਵ ਨੇ ਭਾਰਤ ਵੱਲੋਂ ਆਖ਼ਰੀ ਮੈਚ 2012 ਵਿਚ ਆਸਟ੫ੇਲੀਆ ਵਿਚ ਤਿਕੋਣੀ ਸੀਰੀਜ਼ ਦੌਰਾਨ ਬਿ੍ਰਸਬੇਨ ਵਿਚ ਸ੍ਰੀਲੰਕਾ ਖ਼ਿਲਾਫ਼ ਖੇਡਿਆ ਸੀ। ਉਨ੍ਹਾਂ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਹ ਰਾਸ਼ਟਰੀ ਟੀਮ ਵਿਚ ਵਾਪਸੀ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਨ।

ਭਾਰਤ ਦਾ ਪਹਿਲਾ ਮੁਕਾਬਲਾ ਬੰਗਲਾਦੇਸ਼ ਨਾਲ :

ਏਸ਼ੀਆ ਕੱਪ ਦੇ ਮੁੱਖ ਮੁਕਾਬਲੇ 24 ਫਰਵਰੀ ਤੋਂ ਸ਼ੁਰੂ ਹੋਣਗੇ। ਉਸੇ ਦਿਨ ਟੀਮ ਇੰਡੀਆ ਨੇ ਆਪਣਾ ਪਹਿਲਾ ਮੁਕਾਬਲਾ ਮੇਜ਼ਬਾਨ ਬੰਗਲਾਦੇਸ਼ ਖ਼ਿਲਾਫ਼ ਖੇਡਣਾ ਹੈ। ਚਾਰ ਮਾਰਚ ਨੂੰ ਦੂਜੇ ਮੁਕਾਬਲੇ ਵਿਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਜਦਕਿ ਸੱਤ ਮਾਰਚ ਨੂੰ ਸ੍ਰੀਲੰਕਾ ਨਾਲ ਹੋਵੇਗਾ।