ਕੋਟ

ਮਾਲਿਕਾਂ ਦੀ ਮੀਟਿੰਗ ਬੁਲਾਉਣ ਪਿੱਛੇ ਵਿਚਾਰ ਇਹ ਸੀ ਕਿ ਸਾਰਿਆਂ ਦਾ ਪੱਖ ਪਤਾ ਲੱਗ ਸਕੇ। ਜ਼ਿਆਦਾਤਰ ਫਰੈਂਚਾਈਜ਼ੀਆਂ ਖਿਡਾਰੀਆਂ ਨੂੰ ਰਿਟੇਨ ਕਰਨ ਤੇ ਸੈਲਰੀ ਕੈਪ ਵਧਾਉਣ ਦੇ ਪੱਖ ਵਿਚ ਹਨ। ਜਲਦੀ ਹੀ ਇਸ 'ਤੇ ਆਖ਼ਰੀ ਫ਼ੈਸਲਾ ਲਿਆ ਜਾਵੇਗਾ।

-ਰਾਜੀਵ ਸ਼ੁਕਲਾ, ਆਈਪੀਐੱਲ ਚੇਅਰਮੈਨ

---

ਮੀਟਿੰਗ

-ਰਾਜਸਥਾਨ ਸਾਰੇ ਖਿਡਾਰੀਆਂ ਦੀ ਨਿਲਾਮੀ ਦੇ ਪੱਖ 'ਚ

-ਪੰਜ ਖਿਡਾਰੀਆਂ ਨੂੰ ਰਿਟੇਨ ਕਰਨਾ ਚਾਹੁੰਦੀ ਹੈ ਮੁੰਬਈ

ਨਵੀਂ ਦਿੱਲੀ (ਜੇਐੱਨਐੱਨ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 10 ਐਡੀਸ਼ਨ ਪੂਰੇ ਹੋ ਚੁੱਕੇ ਹਨ ਤੇ ਅਗਲੇ ਸਾਲ 11ਵਾਂ ਐਡੀਸ਼ਨ ਬਹੁਤ ਸਾਰੀਆਂ ਤਬਦੀਲੀਆਂ ਨਾਲ ਦਿਖਾਈ ਦੇਵੇਗਾ। ਆਈਪੀਐੱਲ ਦੀਆਂ ਟੀਮਾਂ ਕਿਹੋ ਜਿਹੀਆਂ ਹੋਣਗੀਆਂ ਤੇ ਉਸ ਵਿਚ ਕੀ-ਕੀ ਤਬਦੀਲੀਆਂ ਹੋਣੀਆਂ ਚਾਹੀਦੀਆਂ ਹਨ ਇਸ ਨੂੰ ਤੈਅ ਕਰਨ ਲਈ ਮੰਗਲਵਾਰ ਨੂੰ ਮੁੰਬਈ 'ਚ ਆਈਪੀਐੱਲ ਚੇਅਰਮੈਨ ਰਾਜੀਵ ਸ਼ੁਕਲਾ ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ। ਇਸ ਮੀਟਿੰਗ 'ਚ ਅੱਠ ਫਰੈਂਚਾਈਜ਼ੀਆਂ ਦੇ ਮਾਲਿਕ ਸ਼ਾਮਿਲ ਹੋਏ। ਜ਼ਿਆਦਾਕਰ ਮਾਲਿਕ ਖ਼ੁਦ ਮੀਟਿੰਗ 'ਚ ਮੌਜੂਦ ਸਨ ਤੇ ਕੁਝ ਸਕਾਈਪ ਰਾਹੀਂ ਜੁੜੇ ਸਨ।

ਵਾਪਸੀ ਕਰਨ ਵਾਲੀਆਂ ਟੀਮਾਂ ਨੂੰ ਫ਼ਾਇਦਾ ਕਿਉਂ :

ਮੀਟਿੰਗ 'ਚ ਮੌਜੂਦ ਬੀਸੀਸੀਆਈ ਦੇ ਅਹੁਦਾਦਾਰਾਂ ਨੇ ਦੱਸਿਆ ਕਿ ਕਿੰਗਜ਼ ਇਲੈਵਨ ਪੰਜਾਬ ਦੀ ਸਹਿ ਮਾਲਿਕ ਡਾਬਰ ਕੰਪਨੀ ਵੱਲੋਂ ਮੋਹਿਤ ਬਰਮਨ ਨੇ ਸਾਫ਼ ਕਿਹਾ ਕਿ ਦੋ ਸਾਲ ਦੀ ਮੁਅੱਤਲੀ ਤੋਂ ਬਾਅਦ ਵਾਪਸੀ ਕਰ ਰਹੀ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਤੇ ਰਾਜਸਥਾਨ ਰਾਇਲਜ਼ ਨੂੰ ਕਿਸੇ ਵੀ ਖਿਡਾਰੀ ਨੂੰ ਰਿਟੇਨ ਕਰਨ ਦਾ ਅਧਿਕਾਰ ਨਹੀਂ ਮਿਲਣਾ ਚਾਹੀਦਾ। ਸਪਾਟ ਫਿਕਸਿੰਗ ਦੇ ਘੇਰੇ 'ਚ ਆਉਣ ਤੋਂ ਬਾਅਦ ਸੁਪਰੀਮ ਕੋਰਟ ਨੇ ਸੀਐੱਸਕੇ ਤੇ ਰਾਜਸਥਾਨ ਰਾਇਲਜ਼ ਨੂੰ ਦੋ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਤੇ ਗੁਜਰਾਤ ਲਾਇਨਸ ਨੂੰ ਦੋ ਸਾਲ ਲਈ ਇਸ ਲੀਗ ਵਿਚ ਸ਼ਾਮਿਲ ਕਰ ਦਿੱਤਾ ਗਿਆ ਸੀ। ਸੀਐੱਸਕੇ ਤੇ ਆਰਆਰ ਦੇ ਸਿਖਰਲੇ ਖਿਡਾਰੀ ਇਨ੍ਹਾਂ ਦੋਵਾਂ ਟੀਮਾਂ ਵਿਚ ਵੰਡੇ ਗਏ ਸਨ। ਹੁਣ ਸੀਐੱਸਕੇ ਆਪਣੇ ਕੁਝ ਪੁਰਾਣੇ ਖਿਡਾਰੀਆਂ ਤੇ ਖ਼ਾਸ ਤੌਰ 'ਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਪਣੇ ਨਾਲ ਦੁਬਾਰਾ ਜੋੜਨਾ ਚਾਹੁੰਦੀ ਹੈ। ਬੀਸੀਸੀਆਈ ਦੇ ਅਹੁਦੇਦਾਰ ਵੀ ਸੀਐੱਸਕੇ ਤੇ ਆਰਆਰ ਨੂੰ ਗੁਜਰਾਤ ਤੇ ਪੁਣੇ ਦੇ ਕੁਝ ਖਿਡਾਰੀਆਂ ਨੂੰ ਰਿਟੇਨ ਕਰਨ ਦਾ ਹੱਕ ਦੇਣ ਦੇ ਪੱਖ ਵਿਚ ਹਨ ਜਦਕਿ ਰਾਜਸਥਾਨ ਨੇ ਖ਼ੁਦ ਹੀ ਰਿਟੇਨ ਪਾਲਸੀ ਨੂੰ ਨਕਾਰਦੇ ਹੋਏ ਸਾਰੇ ਖਿਡਾਰੀਆਂ ਨੂੰ ਖੁੱਲ੍ਹੀ ਨਿਲਾਮੀ ਰਾਹੀਂ ਖਰੀਦਣ ਦਾ ਪੱਖ ਰੱਖਿਆ।

ਮੁੰਬਈ ਦੀ ਮੰਗ ਸਭ ਤੋਂ ਵੱਡੀ :

ਬੀਸੀਸੀਆਈ ਇਸ ਮੀਟਿੰਗ ਰਾਹੀਂ ਸਾਰੀਆਂ ਟੀਮਾਂ ਦੇ ਮਾਲਿਕਾਂ ਦੀ ਸਲਾਹ ਲੈਣਾ ਚਾਹੁੰਦਾ ਸੀ ਤੇ ਇਸ ਤੋਂ ਬਾਅਦ ਅਗਲੇ ਸੈਸ਼ਨਾਂ ਲਈ ਨਿਤੀ ਨਿਰਧਾਰਤ ਹੋਵੇਗੀ। ਮੁੰਬਈ ਇੰਡੀਅਨਜ਼ ਵੱਲੋਂ ਇਸ ਮੀਟਿੰਗ ਵਿਚ ਆਕਾਸ਼ ਅੰਬਾਨੀ ਹਿੱਸਾ ਲੈ ਰਹੇ ਸਨ। ਮੁੰਬਈ ਵੱਲੋਂ ਪੰਜ ਖਿਡਾਰੀਆਂ ਨੂੰ ਰਿਟੇਨ ਕਰਨ ਤੇ ਦੋ ਖਿਡਾਰੀਆਂ ਦੇ ਰਾਈਟ ਟੂ ਮੈਚ ਕਰਨ ਦਾ ਅਧਿਕਾਰ ਦੇਣ ਦਾ ਸੁਝਾਅ ਦਿੱਤਾ ਗਿਆ। ਰਾਈਟ ਟੂ ਮੈਚ ਰਾਹੀਂ ਕੋਈ ਟੀਮ ਰਿਲੀਜ਼ ਕੀਤੇ ਗਏ ਖਿਡਾਰੀ ਨੂੰ ਨਿਲਾਮੀ 'ਚ ਦੂਜੀ ਟੀਮ ਦੇ ਖ਼ਰੀਦਣ ਦੇ ਬਾਵਜੂਦ ਆਪਣੇ ਪੱਖ ਵਿਚ ਜੋੜ ਸਕਦੀ ਹੈ। ਸੀਐੱਸਕੇ ਵੱਲੋਂ ਤਿੰਨ ਖਿਡਾਰੀਆਂ ਨੂੰ ਰਿਟੇਨ ਕਰਨ ਦਾ ਪ੍ਰਸਤਾਵ ਰੱਖਿਆ ਗਿਆ। ਰਾਇਲ ਚੈਲੰਜਰਜ਼ ਬੈਂਗਲੁਰੂ, ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਤੇ ਸਨਰਾਈਜਰਜ਼ ਹੈਦਰਾਬਾਦ ਵੀ ਦੋ ਤੋਂ ਪੰਜ ਖਿਡਾਰੀਆਂ ਨੂੰ ਰਿਟੇਨ ਕਰਨ ਦੇ ਪੱਖ ਵਿਚ ਰਹੇ। ਪੰਜਾਬ ਦੋ ਖਿਡਾਰੀਆਂ ਨੂੰ ਰਿਟੇਨ ਕਰਨ ਦੇ ਪੱਖ ਵਿਚ ਹੈ। ਸ਼ਾਹਰੁਖ ਖ਼ਾਨ ਨੇ ਖਿਡਾਰੀਆਂ ਨੂੰ ਖਰੀਦਣ ਲਈ ਤੈਅ 66 ਕਰੋੜ ਰੁਪਏ ਨੂੰ ਵਧਾਉਣ ਦਾ ਸੁਝਾਅ ਦਿੱਤਾ। ਮੀਟਿੰਗ ਵਿਚ ਸ਼ੁਕਲਾ ਤੋਂ ਇਲਾਵਾ ਟੀਮਾਂ ਦੇ ਮਾਲਿਕ ਕਾਰਜਕਾਰੀ ਪ੍ਰਧਾਨ ਸੀਕੇ ਖੰਨਾ, ਖਜ਼ਾਨਚੀ ਅਨਿਰੁੱਧ ਚੌਧਰੀ, ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਤੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ ਦੇ ਮੁਖੀ ਵਿਨੋਦ ਰਾਏ ਮੌਜੂਦ ਸਨ।