ਨੰਬਰ ਗੇਮ

-29 ਸਾਲ ਬਾਅਦ ਗਾਬਾ ਦੇ ਮੈਦਾਨ 'ਤੇ ਦਸ ਵਿਕਟਾਂ ਨਾਲ ਜਿੱਤਿਆ ਆਸਟ੫ੇਲੀਆ। ਇਸ ਤੋਂ ਪਹਿਲਾਂ ਉਸ ਨੇ 1988 'ਚ ਵੈਸਟਇੰਡੀਜ਼ ਨੂੰ ਇੱਥੇ ਦਸ ਵਿਕਟਾਂ ਨਾਲ ਦਿੱਤੀ ਸੀ ਮਾਤ।

-31 ਸਾਲ ਤੋਂ ਬਿ੍ਰਸਬੇਨ ਦੇ ਮੈਦਾਨ 'ਤੇ ਜਿੱਤ ਦਰਜ ਨਹੀਂ ਕਰ ਸਕਿਆ ਇੰਗਲੈਂਡ ਜਦਕਿ ਇਸ ਦੌਰਾਨ ਅੱਠ ਮੈਚਾਂ 'ਚ ਉਸ ਨੂੰ ਮਿਲੀ ਹੈ ਹਾਰ।

----

ਕੋਟ

'ਸਾਨੂੰ ਟਾਸ ਹਾਰਨ ਤੋਂ ਬਾਅਦ ਚੰਗਾ ਖੇਡਣ ਦੀ ਲੋੜ ਸੀ। ਜਿੰਨਾ ਅਸੀਂ ਸੋਚਿਆ ਸੀ ਵਿਕਟ ਉਸ ਤੋਂ ਕਾਫੀ ਧੀਮਾ ਸੀ। ਸਾਨੂੰ ਕਾਫੀ ਮਿਹਨਤ ਕਰਨ ਦੀ ਲੋੜ ਸੀ। ਮੈਂ ਖ਼ੁਸ਼ ਹਾਂ ਕਿ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਟੀਮ ਨੇ ਕੀਤਾ ਹੈ। ਅਸੀਂ ਮੈਚ 'ਚ ਸ਼ਾਨਦਾਰ ਵਾਪਸੀ ਕੀਤੀ।'

-ਸਟੀਵ ਸਮਿਥ, ਕਪਤਾਨ ਆਸਟ੫ੇਲੀਆ

---

'ਨਤੀਜਾ ਕਹਾਣੀ ਨਹੀਂ ਦੱਸ ਰਿਹਾ ਹੈ। ਅਸੀਂ ਪਹਿਲੇ ਤਿੰਨ ਦਿਨ ਸ਼ਾਨਦਾਰ ਸੀ ਪਰ ਸਮਿਥ ਨੇ ਸਹੀ ਸਮੇਂ 'ਤੇ ਵਧੀਆ ਪਾਰੀ ਖੇਡੀ। ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਸੀ। ਸਾਨੂੰ ਜਲਦੀ ਅੱਗੇ ਵਧਣਾ ਪਵੇਗਾ ਤੇ ਧਿਆਨ ਰੱਖਣਾ ਪਵੇਗਾ ਕਿ ਐਡੀਲੇਡ 'ਚ ਇਹ ਗ਼ਲਤੀ ਨਾ ਦੁਹਰਾਈ ਜਾਵੇ।'

-ਜੋ ਰੂਟ, ਕਪਤਾਨ ਇੰਗਲੈਂਡ

---

ਐਸ਼ੇਜ਼

-ਵਾਰਨਰ ਤੇ ਬੇਨਯਾਫਟ ਨੇ ਲਾਏ ਅਜੇਤੂ ਅਰਧ ਸੈਂਕੜੇ

-ਸਲਾਮੀ ਭਾਈਵਾਲੀ ਦਾ 87 ਸਾਲਾ ਪੁਰਾਣਾ ਰਿਕਾਰਡ ਤੋੜਿਆ

---

ਬਿ੍ਰਸਬੇਨ (ਏਐੱਫਪੀ) : ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ ਤੇ ਕੈਮਰੋਨ ਬੇਨਯਾਫਟ ਦੇ ਅਰਧ ਸੈਂਕੜਿਆਂ ਦੀ ਬਦੌਲਤ ਐਸ਼ੇਜ਼ ਸੀਰੀਜ਼ ਦੇ ਪਹਿਲੇ ਟੈਸਟ ਮੈਚ 'ਚ ਆਸਟ੫ੇਲੀਆ ਨੇ ਇੰਗਲੈਂਡ ਨੂੰ ਦਸ ਵਿਕਟਾਂ ਨਾਲ ਦਰੜਿਆ। 173 ਦੌੜਾਂ ਦੇ ਟੀਚੇ ਸਾਹਮਣੇ ਮੈਚ ਦੇ ਪੰਜਵੇਂ ਤੇ ਆਖ਼ਰੀ ਦਿਨ ਆਸਟ੫ੇਲੀਆ ਨੂੰ ਜਿੱਤ ਲਈ 53 ਦੌੜਾਂ ਦੀ ਲੋੜ ਸੀ ਜਿਸ ਨੂੰ ਉਸ ਨੇ ਬਿਨਾਂ ਕੋਈ ਵਿਕਟ ਗੁਆਏ ਲੰਚ ਤੋਂ ਪਹਿਲਾਂ ਹੀ ਹਾਸਿਲ ਕਰ ਲਿਆ।

ਵਾਰਨਰ ਨੇ 119 ਗੇਂਦਾਂ 'ਤੇ ਅਜੇਤੂ 87 ਜਦਕਿ ਪਹਿਲਾ ਟੈਸਟ ਖੇਡ ਰਹੇ ਬੇਨਯਾਫਟ ਨੇ 182 ਗੇਂਦਾਂ 'ਤੇ ਅਜੇਤੂ 82 ਦੌੜਾਂ ਦੀ ਪਾਰੀ ਖੇਡੀ। ਇਹ ਵਾਰਨਰ ਦਾ ਟੈਸਟ ਕਰੀਅਰ ਦਾ 25ਵਾਂ ਅਤੇ ਐਸ਼ੇਜ਼ ਦਾ 9ਵਾਂ ਅਰਧ ਸੈਂਕੜਾ ਹੈ। ਉਥੇ ਬੇਨਯਾਫਟ ਨੇ ਆਪਣੇ ਪਹਿਲੇ ਹੀ ਮੈਚ ਦੀ ਦੂਜੀ ਪਾਰੀ 'ਚ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਾਇਆ। ਇਸ ਦੌਰਾਨ ਇਨ੍ਹਾਂ ਦੋਵਾਂ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਸਰਬੋਤਮ ਅਜੇਤੂ ਸਲਾਮੀ ਬੱਲੇਬਾਜ਼ੀ ਦਾ 87 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।

ਸ਼ਨਿਚਰਵਾਰ ਨੂੰ ਕਪਤਾਨ ਸਟੀਵ ਸਮਿਥ ਦੀਆਂ ਅਜੇਤੂ 141 ਦੌੜਾਂ ਨਾਲ ਆਸਟ੫ੇਲੀਆ ਪਹਿਲੀ ਪਾਰੀ 'ਚ 26 ਦੌੜਾਂ ਦੀ ਬੜ੍ਹਤ ਲੈਣ 'ਚ ਕਾਮਯਾਬ ਰਿਹਾ ਸੀ। ਇਸ ਤੋਂ ਬਾਅਦ ਇੰਗਲੈਂਡ ਦੀ ਟੀਮ ਦੂਜੀ ਪਾਰੀ 'ਚ 71.4 ਓਵਰਾਂ 'ਚ 195 ਦੌੜਾਂ 'ਤੇ ਸਿਮਟ ਗਈ। ਇੰਗਲੈਂਡ ਨੇ ਆਪਣੀਆਂ ਆਖ਼ਰੀ ਛੇ ਵਿਕਟਾਂ 82 ਦੌੜਾਂ ਅੰਦਰ ਗੁਆ ਦਿੱਤੀਆਂ ਸਨ। ਪੰਜ ਟੈਸਟ ਮੈਚਾਂ ਦੀ ਐਸ਼ੇਜ਼ ਸੀਰੀਜ਼ ਦਾ ਦੂਜਾ ਟੈਸਟ ਐਡੀਲੇਡ ਓਵਲ 'ਚ ਸ਼ਨਿਚਰਵਾਰ ਤੋਂ ਖੇਡਿਆ ਜਾਵੇਗਾ। ਜੋ ਦੋਵਾਂ ਦੇਸ਼ਾਂ ਵਿਚਾਲੇ ਐਸ਼ੇਜ਼ ਸੀਰੀਜ਼ ਦਾ ਪਹਿਲਾ ਡੇ-ਨਾਈਟ ਟੈਸਟ ਹੋਵੇਗਾ।