-ਸ੍ਰੀਲੰਕਾ ਨੂੰ ਪਾਰੀ ਤੇ 239 ਦੌੜਾਂ ਨਾਲ ਦਿੱਤੀ ਮਾਤ, ਭਾਰਤ ਸੀਰੀਜ਼ 'ਚ 1-0 ਨਾਲ ਅੱਗੇ

ਜਾਗਰਣ ਨਿਊਜ਼ ਨੈੱਟਵਰਕ, ਨਾਗਪੁਰ : ਪਹਿਲੀ ਪਾਰੀ 'ਚ ਤਾਸ਼ ਦੇ ਪੱਤਿਆਂ ਦੇ ਮਹਿਲ ਦੀ ਤਰ੍ਹਾਂ ਢੇਰੀ ਹੋਣ ਵਾਲੀ ਸ੍ਰੀਲੰਕਾਈ ਟੀਮ ਦੇ ਬੱਲੇਬਾਜ਼ਾਂ ਤੋਂ ਉਮੀਦ ਸੀ ਕਿ ਭਾਰਤੀਆਂ ਨੂੰ ਦੇਖ ਕੇ ਉਹ ਦੂਜੀ ਪਾਰੀ 'ਚ ਕੁਝ ਚੁਣੌਤੀਪੂਰਨ ਪ੍ਰਦਰਸ਼ਨ ਕਰਨਗੇ। ਪਰ ਦੂਜੇ ਟੈਸਟ ਦੇ ਚੌਥੇ ਦਿਨ ਮਹਿਮਾਨ ਬੱਲੇਬਾਜ਼ ਪਹਿਲੀ ਪਾਰੀ ਤੋਂ ਵੀ ਖ਼ਰਾਬ ਪ੍ਰਦਰਸ਼ਨ ਕਰਦੇ ਹੋਏ ਸਿਰਫ 166 ਦੌੜਾਂ 'ਤੇ ਆਊਟ ਹੋ ਗਏ। ਸ੍ਰੀਲੰਕਾ ਦੀਆਂ ਪਹਿਲੀ ਪਾਰੀ ਦੀਆਂ 205 ਦੌੜਾਂ ਦੇ ਜਵਾਬ 'ਚ ਭਾਰਤ ਨੇ ਪਹਿਲੀ ਪਾਰੀ ਛੇ ਵਿਕਟਾਂ 'ਤੇ 610 ਦੌੜਾਂ 'ਤੇ ਐਲਾਨੀ ਸੀ। ਦੂਜੀ ਪਾਰੀ 'ਚ ਸ੍ਰੀਲੰਕਾ ਦਾ ਆਖ਼ਰੀ ਵਿਕਟ ਹਾਸਿਲ ਕਰਦੇ ਹੋਏ ਰਵੀਚੰਦਨਰ ਅਸ਼ਵਿਨ ਨੇ ਕਰੀਅਰ ਦੇ 54ਵੇਂ ਟੈਸਟ 'ਚ 300 ਵਿਕਟਾਂ ਪੂਰੀਆਂ ਕੀਤੀਆਂ। ਉਨ੍ਹਾਂ ਨੇ ਇਹ ਅੰਕੜਾ ਸਭ ਤੋਂ ਘੱਟ ਮੈਚਾਂ 'ਚ ਛੂਹਿਆ। ਇਸ ਨਾਲ ਹੀ ਭਾਰਤ ਨੇ ਦੂਜਾ ਟੈਸਟ ਪਾਰੀ ਤੇ 239 ਦੌੜਾਂ ਨਾਲ ਜਿੱਤਦੇ ਹੋਏ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ। ਇਹ ਭਾਰਤ ਦੀ ਟੈਸਟ ਇਤਿਹਾਸ 'ਚ ਸੰਯੁਕਤ ਸਭ ਤੋਂ ਵੱਡੀ ਜਿੱਤ ਹੈ ਜਦਕਿ ਸ੍ਰੀਲੰਕਾ ਦੀ ਸਭ ਤੋਂ ਵੱਡੀ ਹਾਰ। ਦੋਹਰਾ ਸੈਂਕੜਾ ਲਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਮੈਨ ਆਫ ਦ ਮੈਚ ਸਨਮਾਨ ਨਾਲ ਨਵਾਜੇ ਗਏ। ਤੀਜਾ ਤੇ ਆਖ਼ਰੀ ਟੈਸਟ ਦਿੱਲੀ 'ਚ ਦੋ ਤੋਂ ਛੇ ਦਸੰਬਰ ਤਕ ਖੇਡਿਆ ਜਾਵੇਗਾ।

ਰਿਕਾਰਡ ਜਿੱਤ ਦੀ ਬਰਾਬਰੀ :

ਭਾਰਤ ਨੇ ਇਸ ਤੋਂ ਪਹਿਲਾਂ 2007 'ਚ ਰਾਹੁਲ ਦ੫ਾਵਿਡ ਦੀ ਕਪਤਾਨੀ 'ਚ ਬੰਗਲਾਦੇਸ਼ ਨੂੰ ਢਾਕਾ 'ਚ ਪਾਰੀ ਤੇ 239 ਦੌੜਾਂ ਨਾਲ ਹਰਾਇਆ ਸੀ ਜੋ ਟੀਮ ਦੀ ਸਭ ਤੋਂ ਵੱਡੀ ਟੈਸਟ ਜਿੱਤ ਸੀ। ਹੁਣ ਕੋਹਲੀ ਦੀ ਟੀਮ ਨੇ ਇਸ ਰਿਕਾਰਡ ਦੀ ਬਰਾਬਰੀ ਕਰ ਲਈ। ਅੱਠ ਸਾਲ ਬਾਅਦ ਸ੍ਰੀਲੰਕਾ ਟੀਮ ਭਾਰਤ 'ਚ ਟੈਸਟ ਖੇਡਣ ਆਈ ਹੈ। ਉਹ ਪਿਛਲੀ ਵਾਰ 2009 'ਚ ਇੱਥੇ ਆਈ ਸੀ ਤਦ ਵਿਰਾਟ ਨੇ ਟੈਸਟ 'ਚ ਸ਼ੁਰੂਆਤ ਵੀ ਨਹੀਂ ਕੀਤੀ ਸੀ। ਉਥੇ ਸ੍ਰੀਲੰਕਾ ਦੀ ਪਿਛਲੀ ਸਭ ਤੋਂ ਵੱਡੀ ਹਾਰ ਪਾਰੀ ਤੇ 229 ਦੌੜਾਂ ਦੀ ਸੀ ਜੋ ਉਸ ਨੂੰ ਦੱਖਣੀ ਅਫਰੀਕਾ ਹੱਥੋਂ ਕੇਪਟਾਊਨ 'ਚ 2001 'ਚ ਮਿਲੀ ਸੀ।

ਉਮੇਸ਼ ਦੀ ਘਰ 'ਚ ਪਹਿਲੀ ਵਿਕਟ :

ਜਾਮਥਾ ਮੌਜੂਦ ਵੀਸੀਏ ਸਟੇਡੀਅਮ 'ਚ ਸੋਮਵਾਰ ਸਵੇਰੇ ਸ੍ਰੀਲੰਕਾ ਨੇ ਦੂਜੀ ਪਾਰੀ ਇਕ ਵਿਕਟ 'ਤੇ 21 ਦੌੜਾਂ ਤੋਂ ਅੱਗੇ ਵਧਾਈ। ਟੀਮ 384 ਦੌੜਾਂ ਪਿੱਛੇ ਸੀ ਜਦਕਿ ਮੈਚ 'ਚ ਦੋ ਦਿਨ ਬਾਕੀ ਸਨ। ਇਸ ਕਾਰਨ ਸਕਾਰਾਤਮਕ ਬੱਲੇਬਾਜ਼ੀ ਦੀ ਲੋੜ ਸੀ ਪਰ ਬੱਲੇਬਾਜ਼ ਗ਼ੈਰ ਜ਼ਿੰਮੇਵਾਰ ਤਰੀਕੇ ਨਾਲ ਵਿਕਟ ਗੁਆਉਂਦੇ ਚਲੇ ਗਏ। ਪਹਿਲਾ ਝਟਕਾ ਦਿਮੁਥ ਕਰੁਨਾਰਤਨੇ (18) ਦੇ ਰੂਪ ਵਿਚ ਦਿਨ ਦੇ ਸੱਤਵੇਂ ਓਵਰ 'ਚ ਲੱਗਾ ਜਿਨ੍ਹਾਂ ਨੂੰ ਰਵਿੰਦਰ ਜਡੇਜਾ (2/28) ਨੇ ਸ਼ਾਰਟ ਲੈੱਗ 'ਤੇ ਮੁਰਲੀ ਵਿਜੇ ਹੱਥੋਂ ਕੈਚ ਕਰਵਾਇਆ। ਇਸ ਤੋਂ ਬਾਅਦ ਲਾਹਿਰੂ ਥਿਰੀਮਾਨੇ (23) ਨੇ ਉਮੇਸ਼ ਯਾਦਵ (2/30) ਦੀ ਬਾਹਰ ਜਾਂਦੀ ਗੇਂਦ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਤੇ ਪੁਆਇੰਟ 'ਤੇ ਜਡੇਜਾ ਨੂੰ ਕੈਚ ਦੇ ਬੈਠੇ। ਸੱਤ ਸਾਲ ਤੋਂ ਅੰਤਰਰਾਸ਼ਟਰੀ ਿਯਕਟ ਖੇਡ ਰਹੇ ਉਮੇਸ਼ ਦਾ ਇਹ ਆਪਣੇ ਘਰ ਵਿਚ ਲਿਆ ਗਿਆ ਪਹਿਲਾ ਅੰਤਰਰਾਸ਼ਟਰੀ ਵਿਕਟ ਸੀ। ਹਾਲਾਂਕਿ ਉਹ ਕਰੀਅਰ 'ਚ ਪਹਿਲੀ ਵਾਰ ਘਰ 'ਚ ਕੋਈ ਅੰਤਰਰਾਸ਼ਟਰੀ ਮੈਚ ਖੇਡ ਰਹੇ ਸਨ।

ਲੰਚ ਦਾ ਸਮਾਂ ਵਧਿਆ :

ਤਜਰਬੇਕਾਰ ਏਂਜੇਲੋ ਮੈਥਿਊਜ਼ (10) ਨੇ ਜਡੇਜਾ ਦੀ ਆਫ ਸਟੰਪ ਤੋਂ ਬਾਹਰ ਦੀ ਗੇਂਦ ਨੂੰ ਅੱਗੇ ਵਧ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮਿਡਆਫ 'ਤੇ ਰੋਹਿਤ ਸ਼ਰਮਾ ਨੂੰ ਸੌਖਾ ਕੈਚ ਦੇ ਬੈਠੇ। ਕੋਲਕਾਤਾ ਟੈਸਟ 'ਚ ਵਿਕਟਾਂ 'ਤੇ ਟਿਕ ਕੇ ਸਮਾਂ ਖ਼ਰਾਬ ਕਰਦੇ ਹੋਏ ਸ੍ਰੀਲੰਕਾ ਨੂੰ ਹਾਰ ਤੋਂ ਬਚਾਉਣ ਵਾਲੇ ਨਿਰੋਸ਼ਨ ਡਿਕਵੇਲਾ (04) ਨੇ ਇਸ਼ਾਂਤ ਸ਼ਰਮਾ (2/43) ਦੀ ਬਾਊਂਸਰ ਨੂੰ ਰੱਖਿਆਤਮਕ ਤਰੀਕੇ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਤੇ ਗੇਂਦ ਬੱਲੇ ਦਾ ਬਾਹਰੀ ਕਿਨਾਰਾ ਲੈਂਦੇ ਹੋਏ ਦੂਜੀ ਸਲਿਪ 'ਚ ਖੜ੍ਹੇ ਕੋਹਲੀ ਵੱਲ ਗਈ। ਭਾਰਤੀ ਕਪਤਾਨ ਨੇ ਦੋ ਕੋਸ਼ਿਸ਼ਾਂ 'ਚ ਕੈਚ ਲੈ ਲਿਆ। ਇਸ ਤੋਂ ਬਾਅਦ ਅਸ਼ਵਿਨ (4/63) ਦੀ ਗੇਂਦ 'ਤੇ ਲੋਕੇਸ਼ ਰਾਹੁਲ ਨੇ ਮਿਡਆਨ ਤੋਂ ਦੌੜਦੇ ਹੋਏ ਦਾਸੁਨ ਸ਼ਨਾਕਾ (17) ਦਾ ਮੁਸ਼ਕਿਲ ਕੈਚ ਫੜਿਆ। ਇਸ ਲਈ ਨਾ ਸਿਰਫ਼ ਰਾਹੁਲ ਨੂੰ ਪਿੱਛੇ ਵੱਲ ਦੌੜਨਾ ਪਿਆ ਬਲਕਿ ਸੂਰਜ ਦੀ ਤੇਜ਼ ਰੋਸ਼ਨੀ ਉਨ੍ਹਾਂ ਦੀਆਂ ਅੱਖਾਂ ਵਿਚ ਪੈ ਰਹੀ ਸੀ। ਸ੍ਰੀਲੰਕਾ ਦਾ ਸਕੋਰ ਅੱਠ ਵਿਕਟਾਂ 'ਤੇ 107 ਦੌੜਾਂ ਹੋ ਗਿਆ। ਨਤੀਜੇ ਦੀ ਉਮੀਦ ਦੇਖ ਲੰਚ ਦਾ ਸਮਾਂ 15 ਮਿੰਟ ਵਧਾ ਦਿੱਤਾ ਗਿਆ ਪਰ ਸ੍ਰੀਲੰਕਾ ਦੀ ਟੀਮ ਆਊਟ ਨਾ ਹੋਈ।

ਰਿਵਿਊ 'ਤੇ ਮਿਲੀ ਆਖ਼ਰੀ ਵਿਕਟ :

ਲੰਚ ਤੋਂ ਬਾਅਦ ਉਮੀਦ ਸੀ ਕਿ ਸ੍ਰੀਲੰਕਾਈ ਘੱਟ ਤੋਂ ਘੱਟ ਆਪਣੀ ਸਭ ਤੋਂ ਵੱਡੀ ਹਾਰ ਦੀ ਸ਼ਰਮਿੰਦਗੀ ਤੋਂ ਬਚਣਾ ਚਾਹੁਣਗੇ ਪਰ ਅਜਿਹਾ ਨਾ ਹੋ ਸਕਿਆ। ਅਸ਼ਵਿਨ ਦੀ ਕੈਰਮ ਬਾਲ ਸ੍ਰੀਲੰਕਾ ਦੇ ਆਖ਼ਰੀ ਬੱਲੇਬਾਜ਼ ਲਾਹਿਰੂ ਗਾਮਾਗੇ (00) ਦੇ ਸਟੰਪ ਨੂੰ ਛੂਹੰਦੀ ਹੋਈ ਨਿਕਲੀ। ਅੰਪਾਇਰ ਨੇ ਨਾਟ ਆਊਟ ਦਿੱਤਾ। ਇਸ ਫ਼ੈਸਲੇ 'ਤੇ ਭਾਰਤ ਨੇ ਰਿਵਿਊ ਮੰਗਿਆ ਤੇ ਫ਼ੈਸਲਾ ਭਾਰਤ ਦੇ ਪੱਖ ਵਿਚ ਗਿਆ ਤੇ ਭਾਰਤ ਨੇ ਮੈਚ ਆਪਣੇ ਨਾਂ ਕਰ ਲਿਆ। ਗਾਮਾਗੇ ਨੂੰ ਅਸ਼ਵਿਨ ਨੇ ਆਪਣੇ ਟੈਸਟ ਕਰੀਅਰ ਦਾ 300ਵਾਂ ਸ਼ਿਕਾਰ ਬਣਾਇਆ।