-ਦੋਹਾਂ ਸਿਆਸੀ ਧਿਰਾਂ ਵੱਲੋਂ ਨਿਗਮ ਚੋਣਾਂ ਸਬੰਧੀ ਪਲੇਠੀ ਬੰਦ ਕਮਰਾ ਮੀਟਿੰਗ

* ਬਦਲੇ ਹਾਲਾਤ ਤਹਿਤ ਭਾਜਪਾ ਵੱਲੋਂ 52 ਤੇ ਅਕਾਲੀ ਦਲ ਵਲੋਂ 28 ਸੀਟਾਂ 'ਤੇ ਚੋਣ ਲੜਨ ਦਾ ਐਲਾਨ

ਪਰਦੀਪ ਸਿੰਘ ਬਸਰਾ, ਜਲੰਧਰ

ਬਾਹਰ ਭਾਵੇਂ ਅਕਾਲੀ ਦਲ-ਭਾਜਪਾ ਵਾਲੇ ਕੁਝ ਵੀ ਦਾਅਵੇ ਤੇ ਐਲਾਨ ਕਰਦੇ ਰਹਿਣ ਪਰ ਐਤਵਾਰ ਹੋਈ ਦੋਹਾਂ ਧਿਰਾਂ ਦੀਆਂ ਤਾਲਮੇਲ ਕਮੇਟੀਆਂ ਦੇ ਮੈਂਬਰਾਂ ਨੇ ਚੁਪਚਾਪ ਪੁਰਾਣੇ ਪਾਰਟੀ ਪੈਂਤੜੇ 'ਤੇ ਚਲਦੇ ਰਹਿਣ ਦਾ ਮਨ ਬਣਾ ਲਿਆ ਹੈ। ਹਾਲਾਂਕਿ ਇਹ ਸਰਕਟ ਹਾਊਸ ਵਿਚ ਕੀਤੀ ਗਈ ਬੰਦ ਕਮਰਾ ਮੀਟਿੰਗ ਹੀ ਸੀ ਜਿਸ ਵਿਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਸ਼ਾਮਲ ਸਨ, ਨੇ ਫੈਸਲਾ ਕੀਤਾ ਹੈ ਕਿ ਦੋਵੇਂ ਧਿਰਾਂ ਪਹਿਲਾਂ ਵਾਂਗ ਸਾਂਝ ਬਣਾਈ ਰੱਖਣਗੀਆਂ ਤੇ 65:35 ਦੇ ਪੁਰਾਣੇ ਫਾਰਮੂਲੇ ਤਹਿਤ ਹੀ ਨਿਗਮ ਚੋਣਾ ਲੜੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਨਗਰ ਨਿਗਮ ਜਲੰਧਰ ਵਿਚ ਪਹਿਲਾਂ 60 ਵਾਰਡ ਹੁੰਦੇ ਸਨ ਜਿਨ੍ਹਾਂ ਦੀ ਗਿਣਤੀ ਹੁਣ ਵਧਾਕੇ 80 ਕੀਤੀ ਜਾ ਚੁਕੀ ਹੈ। ਇਸ ਤਰ੍ਹਾਂ ਪੁਰਾਣੇ ਫਾਰਮੂਲੇ ਦੇ ਅਧਾਰ 'ਤੇ ਭਾਜਪਾ ਐਤਕੀਂ 52 ਸੀਟਾਂ 'ਤੇ ਚੋਣ ਲੜੇਗੀ ਜਦੋਂ ਕਿ ਅਕਾਲੀ ਦਲ 28 ਸੀਟਾਂ 'ਤੇ ਜ਼ੋਰ ਅਜ਼ਮਾਈ ਕਰੇਗਾ।

ਜ਼ਿਕਰਯੋਗ ਹੈ ਕਿ ਪਹਿਲਾਂ ਨਿਗਮ ਚੋਣ ਵਿਚ ਅਕਾਲੀ ਦਲ 22 ਸੀਟਾਂ 'ਤੇ ਅਤੇ ਭਾਜਪਾ 38 ਸੀਟਾਂ 'ਤੇ ਚੋਣ ਲੜਦੇ ਸਨ। ਦੋਹਾਂ ਸਿਆਸੀ ਧਿਰਾਂ ਦੇ ਅਗੂਆਂ ਵਿਚਾਲੇ ਲਗਪਗ ਇਕ ਘੰਟਾ ਚੱਲੀ ਮੀਟਿੰਗ ਉਪਰੰਤ ਬੀਬੀ ਜਾਗੀਰ ਕੌਰ ਨੇ ਸੰਖੇਪ ਗੱਲਬਾਤ ਦੌਰਾਨ ਦਸਿਆ ਕਿ ਕਿਹੜੀ ਧਿਰ ਕਿਹੜੀ ਸੀਟ ਤੋਂ ਚੋਣ ਲੜੇਗੀ ਉਸ ਬਾਰੇ ਫੈਸਲਾ ਦੋਹਾਂ ਧਿਰਾਂ ਦੀ 30 ਨਵੰਬਰ ਨੂੰ ਹੋ ਰਹੀ ਬੈਠਕ ਵਿਚ ਕੀਤਾ ਜਾਏਗਾ। ਐਤਵਾਰ ਸ਼ਾਮੀਂ ਹੋਈ ਇਸ ਅਹਿਮ ਤੇ ਪਹਿਲੀ ਮੀਟਿੰਗ ਵਿਚ ਦੋਹਾਂ ਸਿਆਸੀ ਧਿਰਾਂ ਨੇ ਆਪੋ ਆਪਣੇ ਸੀਟ-ਹੱਕਾਂ ਵਿਚ ਵਾਧਾ ਕਰਨ ਦੀ ਗੱਲ ਵੀ ਕੀਤੀ। ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਸ਼ਰਮਾ ਦੀ ਦਲੀਲ ਸੀ ਕਿ ਅਸੰਬਲੀ ਅਤੇ ਲੋਕ ਸਭਾਈ ਚੋਣਾ ਦੌਰਾਨ ਅਕਾਲੀ ਦਲ ਭਾਜਪਾ ਨਾਲ 80:20 ਦੀ ਸਾਂਝ ਨਾਲ ਸੀਟਾਂ ਦਾ ਲੈਣ-ਦੇਣ ਕਰਦਾ ਹੈ ਅਜਿਹੀ ਹਾਲਤ ਵਿਚ ਭਾਜਪਾ ਦੇ ਜ਼ਿਆਦਾ ਪ੍ਰਭਾਵ ਨੂੰ ਦੇਖਦੇ ਹੋਏ ਨਗਰ ਨਿਗਮ ਚੋਣਾਂ ਵਿਚ ਵੀ ਇਹੋ ਫਾਰਮੂਲਾ ਅਮਲ ਵਿਚ ਲਿਆਂਦਾ ਜਾਏ। ਪਰ ਇਸ ਸਿਆਸੀ ਪੱਤੇ ਦਾ ਤੋੜ ਦਸਦੇ ਹੋਏ ਅਕਾਲੀ ਦਲ ਦੇ ਵਿਧਾਇਕ ਤੇ ਬੁਲਾਰੇ ਪਵਨ ਕੁਮਾਰ ਟੀਨੂ ਨੇ ਕਿਹਾ ਕਿ ਅਜੋਕੇ ਦੌਰ ਵਿਚ ਕਈ ਅਜਿਹੇ ਇਲਾਕੇ ਹਨ ਜਿਥੇ ਅਕਾਲੀ ਦਲ ਦਾ ਪ੍ਰਭਾਵ ਭਾਰਤੀ ਜਨਤਾ ਪਾਰਟੀ ਤੋਂ ਵਧੇਰੇ ਹੈ। ਵਿਧਾਇਕ ਟੀਨੂ ਨੇ ਇਸ ਆਧਾਰ 'ਤੇ ਜਲੰਧਰ ਨਿਗਮ ਚੋਣਾਂ ਲਈ 35 ਸੀਟਾਂ ਦੀ ਮੰਗ ਕੀਤੀ। ਪਵਨ ਟੀਨੂ ਨੇ ਓਦਾਂ ਇਹ ਦਲੀਲ ਵੀ ਦਿੱਤੀ ਕਿ ਮੇਅਰ ਤਾਂ ਭਾਜਪਾ ਦਾ ਹੀ ਬਣਨਾ ਹੈ ਇਸ ਲਈ ਐਨਡੀਏ ਦੀ ਭਲਾਈ ਤੇ ਮਜ਼ਬੂਤੀ ਲਈ ਇਹ ਸਕੀਮ ਨੂੰ ਮੰਨ ਲਿਆ ਜਾਏ। ਪਰ ਇਹ ਸਭ ਕੁਝ ਰਸਮੀ ਵਿਚਾਰਧਾਰਕ ਕਸਰਤ ਹੀ ਸਾਬਤ ਹੋਇਆ ਕਿਉਂਕਿ ਦੋਹਾਂ ਧਿਰਾਂ ਦੇ ਬਹੁਤੇ ਆਗੂਆਂ ਨੇ ਸੀਟਾਂ ਵਧਾਉਣ ਦੇ ਮਾਮਲੇ 'ਤੇ ਜ਼ੋਰ ਨਹੀਂ ਦਿਤਾ।

ਨਿਗਮ ਚੋਣਾ ਸਬੰਧੀ ਇਸ ਅਹਿਮ ਮੀਟਿੰਗ ਵਿਚ ਭਾਜਪਾ ਵੱਲੋਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੀਪੀਐਸ ਕੇਡੀ ਭੰਡਾਰੀ, ਜ਼ਿਲ੍ਹਾ ਪ੍ਰਧਾਨ ਰਮੇਸ਼ ਸ਼ਰਮਾ, ਸੂਬਾ ਉਪ ਪ੍ਰਧਾਨ ਰਾਕੇਸ਼ ਰਾਠੌਰ, ਸਟੇਟ ਸਕੱਤਰ ਅਨਿਲ ਸੱਚਰ, ਪਾਰਟੀ ਬੁਲਾਰੇ ਅਮਿਤ ਅਰੋੜਾ, ਜ਼ਿਲ੍ਹਾ ਜਨਰਲ ਸਕੱਤਰ ਅਜੇ ਜੋਸ਼ੀ ਤੇ ਰਮਨ ਪੱਬੀ ਸ਼ਾਮਲ ਹੋਏ। ਓਧਰ ਅਕਾਲੀ ਦਲ ਵਲੋਂ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਦੇ ਨਾਲ ਅਜੀਤ ਸਿੰਘ ਕੋਹਾੜ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਐਸਜੀਪੀਸੀ ਮੈਂਬਰ ਕੁਲਵੰਤ ਸਿੰਘ ਮੰਨਣ, ਪਰਮਜੀਤ ਸਿੰਘ ਰਾਏਪੁਰ, ਤੇ ਬਲਜੀਤ ਸਿੰਘ ਨੀਲਾ ਮਹਿਲ ਆਦਿ ਸ਼ਾਮਲ ਸਨ। ਇਸ ਉਪਰੰਤ ਰਾਮੇਸ਼ ਸ਼ਰਮਾ ਨੇ ਦਸਿਆ ਕਿ ਦੋਹਾਂ ਧਿਰਾਂ ਨੇ ਨਿਗਮ ਚੋਣਾ ਲਈ ਸਾਂਝੀ ਰਣਨੀਤੀ ਵੀ ਬਣਾਈ ਹੈ।