-31ਵੇਂ ਸਥਾਨ 'ਤੇ ਖ਼ਿਸਕੀ ਭਾਰਤੀ ਗੋਲਫਰ ਅਸ਼ੋਕ

ਰੀਓ ਡੀ ਜਨੇਰੀਓ (ਪੀਟੀਆਈ) : ਸ਼ੁਰੂਆਤੀ ਦੋ ਗੇੜ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਨੌਜਵਾਨ ਗੋਲਫਰ ਅਦਿਤੀ ਅਸ਼ੋਕ ਦਾ ਰੀਓ ਓਲੰਪਿਕ 'ਚ ਮਹਿਲਾ ਗੋਲਫ ਦੇ ਤੀਜੇ ਗੇੜ 'ਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਉਹ ਅੱਠ ਓਵਰ 79 ਦੇ ਖ਼ਰਾਬ ਸਕੋਰ ਨਾਲ ਸਾਂਝੇ ਤੌਰ 'ਤੇ 31ਵੇਂ ਸਥਾਨ 'ਤੇ ਖ਼ਿਸਕ ਗਈ। ਉਨ੍ਹਾਂ ਦਾ ਕੁਲ ਸਕੋਰ ਦੋ ਓਵਰ 215 ਹੈ।

ਅਦਿਤੀ ਪਹਿਲੇ ਦੋ ਗੇੜ ਤੋਂ ਬਾਅਦ ਸਾਂਝੇ ਤੌਰ 'ਤੇ 8ਵੇਂ ਸਥਾਨ 'ਤੇ ਚੱਲ ਰਹੀ ਸੀ ਅਤੇ ਉਹ ਮੈਡਲ ਦੀ ਦੌੜ 'ਚ ਬਣੀ ਹੋਈ ਸੀ ਪਰ ਤੀਜੇ ਗੇੜ 'ਚ ਉਹ 23 ਸਥਾਨ ਹੇਠਾਂ ਖ਼ਿਸਕ ਗਈ। ਇਸ ਨਾਲ ਉਹ ਮੈਡਲ ਦੀ ਦੌੜ 'ਚੋਂ ਲਗਪਗ ਬਾਹਰ ਹੋ ਗਈ ਹੈ। ਇਸ 18 ਸਾਲਾ ਖਿਡਾਰੀ ਨੇ 36 ਹੋਲ ਤੋਂ ਬਾਅਦ 3 ਅੰਡਰ 68 ਦਾ ਸਕੋਰ ਬਣਾਇਆ ਸੀ ਪਰ ਤੀਜੇ ਗੇੜ ਦੇ ਆਖ਼ਰੀ 9 ਹੋਲ 'ਚ ਉਨ੍ਹਾਂ ਨੇ ਬਹੁਤ ਖ਼ਰਾਬ ਪ੍ਰਦਰਸ਼ਨ ਕੀਤਾ ਅਤੇ 5 ਬੋਗੀਆਂ ਕੀਤੀਆਂ। ਦੱਖਣੀ ਕੋਰੀਆ ਦੀ ਇਨਬੀ ਪਾਰਕ 11 ਅੰਡਰ 202 ਸਕੋਰ ਨਾਲ ਸਿਖ਼ਰ 'ਤੇ ਚੱਲ ਰਹੀ ਹੈ। ਇਸ ਤੋਂ ਪਹਿਲਾਂ ਉਹ ਲਗਾਤਾਰ ਦੂਜੇ ਗੇੜ ਤਕ ਪੰਜ ਅੰਡਰ 66 ਦੇ ਸਕੋਰ ਨਾਲ ਕੁਲ 10 ਅੰਡਰ 132 ਦੇ ਕੁਲ ਸਕੋਰ ਨਾਲ ਸਿਖ਼ਰ 'ਤੇ ਚੱਲ ਰਹੀ ਸੀ। ਨਿਊਜ਼ੀਲੈਂਡ ਦੀ ਕੋ ਲੀਡੀਆ ਅਤੇ ਅਮਰੀਕਾ ਦੀ ਪਿਲਰ ਗੇਰੀਨਾ ਨੇ ਕੁਲ 9 ਅੰਡਰ 204 ਦੇ ਸਕੋਰ ਨਾਲ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਲ ਕੀਤਾ ਹੈ। ਚੌਥੇ ਸਥਾਨ 'ਤੇ ਚੀਨ ਦੀ ਸ਼ੰਸ਼ਨ ਫੇਂਗ ਅਤੇ ਪੰਜਵੇਂ ਸਥਾਨ 'ਤੇ ਸਾਂਝੇ ਤੌਰ 'ਤੇ ਤਿੰਨ ਖਿਡਾਰੀ ਮੌਜੂਦ ਹਨ।