* ਵਿਸ਼ਵ ਹਾਕੀ ਕੱਪ

* ਸਪੇਨ ਤੋਂ ਦੋ ਗੋਲ ਤੋਂ ਪਛੜਨ ਮਗਰੋਂ 2-2 ਨਾਲ ਕੀਤੀ ਬਰਾਬਰੀ

* ਅੰਤਿਮ-10 ਮਿੰਟ 'ਚ ਕੀਵੀ ਟੀਮ ਨੇ ਫਿਲੀਪਸ ਤੇ ਰਸੇਲ ਨੇ ਕੀਤੇ ਗੋਲ

ਅਸ਼ੋਕ ਧਿਆਨਚੰਦ

ਵਿਸ਼ਵ ਰੈਂਕਿੰਗ 'ਚ ਨੌਵੇਂ ਥਾਂ 'ਤੇ ਕਾਬਿਜ਼ ਨਿਊਜ਼ੀਲੈਂਡ ਦੀ ਟੀਮ ਨੇ ਭੁਬਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਖੇਡੇ ਜਾ ਰਹੇ ਹਾਕੀ ਵਿਸ਼ਵ ਕੱਪ ਦੇ ਪੂਲ-ਏ ਤੋਂ ਯਾਸਓਵਰ ਮੁਕਾਬਲੇ 'ਚ ਥਾਂ ਪੱਕੀ ਕਰ ਲਈ। ਉਸ ਨੇ ਵੀਰਵਾਰ ਨੂੰ ਅੱਠਵੀਂ ਰੈਂਕਿੰਗ 'ਤੇ ਕਾਬਿਜ਼ ਸਪੇਨ ਤੋਂ ਦੋ ਗੋਲਾਂ ਨਾਲ ਪਛੜਨ ਮਗਰੋਂ ਅੰਤਿਮ 10 ਮਿੰਟ 'ਚ ਰੋਮਾਂਚਕ ਵਾਪਸੀ ਕਰਦੇ ਹੋਏ ਮੈਚ ਨੂੰ 2-2 ਨਾਲ ਡਰਾਅ ਕਰਵਾਇਆ। ਨਿਊਜ਼ੀਲੈਂਡ ਦੀ ਹਾਰ ਕਾਰਨ ਸਟੀਫਨ ਜੇਨਿੰਗਸ ਦਾ ਖ਼ਰਾਬ ਪ੍ਰਦਰਸ਼ਨ ਵੀ ਰਿਹਾ, ਜਿਨ੍ਹਾਂ ਮੈਚ 'ਚ ਗੋਲ ਕਰਨ ਦੇ ਪੰਜ ਮੌਕੇ ਗੁਆਏ। ਸਪੇਨ ਵੱਲੋਂ ਅਲਬਰਟ ਬੇਲਟ੫ਾਨ (ਨੌਵੇਂ ਮਿੰਟ) ਤੇ ਇਗਲੇਸਿਅਸ ਅਲਵਾਰੋ (27ਵੇਂ ਮਿੰਟ) ਨੇ ਗੋਲ ਕੀਤੇ, ਜਦਕਿ ਨਿਊਜ਼ੀਲੈਂਡ ਵੱਲੋਂ ਹੇਡਨ ਫਿਲੀਪਸ (50ਵੇਂ ਮਿੰਟ) ਤੇ ਕੇਨ ਰਸੇਲ (56ਵੇਂ ਮਿੰਟ) ਨੂੰ ਗੋਲ ਕਰਨ 'ਚ ਸਫਲਤਾ ਮਿਲੀ।

ਸਪੇਨ ਦੀ ਯੁਵਾ ਤੇ ਪ੍ਰਤਿਭਾਸ਼ਾਲੀ ਟੀਮ ਨੇ ਵੀ ਮੈਚ 'ਤੇ ਆਪਣੀ ਪਕੜ ਬਣਾਏ ਰੱਖੀ। ਗੇਂਦ 'ਤੇ ਵੀ ਸਪੇਨ ਨੇ ਨਿਊਜ਼ੀਲੈਂਡ ਤੋਂ ਵੱਧ ਕਬਜ਼ਾ ਜਮਾਏ ਰੱਖਿਆ। ਸਪੇਨ ਨੇ 53 ਫ਼ੀਸਦੀ ਗੇਂਦ ਆਪਣੇ ਕਬਜ਼ੇ 'ਚ ਰੱਖੀ, ਜਦਕਿ ਨਿਊਜ਼ੀਲੈਂਡ ਨੇ 47 ਫ਼ੀਸਦੀ ਗੇਂਦ ਆਪਣੇ ਕਬਜ਼ੇ 'ਚ ਰੱਖੀ। ਸਪੇਨ ਨੇ ਹਮਲੇ ਵੀ ਜ਼ਿਆਦਾ ਕੀਤੇ, ਪਰ ਨਿਊਜ਼ੀਲੈਂਡ ਦੇ ਖਿਡਾਰੀ ਜ਼ਿਆਦਾ ਭਾਰੂ ਰਹੇ ਤੇ ਮੈਚ 'ਚ ਨੌ ਵਾਰ ਗੋਲ ਪੋਸਟ 'ਤੇ ਨਿਸ਼ਾਨਾ ਲਗਾਇਆ। ਸਪੇਨ ਦੇ ਗੋਲਕੀਪਰ ਤੇ ਕਪਤਾਨ ਕਵਿਕੋ ਕੋਰਟੇਸ ਦੀ ਤਾਰੀਫ ਕਰਨੀ ਹੋਵੇਗੀ, ਜਿਨ੍ਹਾਂ ਕਈ ਚੰਗੇ ਬਚਾਅ ਕੀਤੇ। ਨਿਊਜ਼ੀਲੈਂਡ ਲਈ ਸ਼ੁਰੂਆਤ ਚੰਗੀ ਹੋਈ ਤੇ ਉਸ ਸ਼ੁਰੂਆਤੀ ਦੋ ਮਿੰਟ ਦੇ ਅੰਦਰ ਹੀ ਬਹੁਤ ਚੰਗਾ ਮੌਕਾ ਮਿਲਿਆ, ਪਰ ਸਟੀਫਨ ਜੇਨਿੰਗਸ ਨੇ ਗੋਲ ਕਰਨ ਦਾ ਮੌਕਾ ਗੁਆ ਦਿੱਤਾ। ਉਧਰ, ਸਪੇਨ ਨੂੰ ਪਹਿਲਾ ਕੁਆਰਟਰ 'ਚ ਵੀ ਨੌਵੇਂ ਮਿੰਟ 'ਚ ਵਾਧਾ ਹਾਸਲ ਹੋ ਗਿਆ। ਹੁਣ ਸਪੇਨ ਦੇ ਸਭ ਤੋਂ ਉਮਰਦਰਾਜ ਖਿਡਾਰੀ ਪਾਊ ਕਿਊਮਾਡਾ ਦੇ ਸੱਜੇ ਪਾਸੇ ਤੋਂ ਦਿੱਤੇ ਗਏ ਕਰਾਸ 'ਤੇ ਅਲਬਰਟ ਬੇਲਟ੫ਾਨ ਨੇ ਬਿਹਤਰੀਨ ਗੋਲ ਕਰ ਦਿੱਤਾ।

ਦੂਜੇ ਕੁਆਰਟਰ 'ਚ ਸਪੇਨ ਨੇ ਫਿਰ ਹਮਲੇ ਕੀਤੇ, ਪਰ ਨਿਊਜ਼ੀਲੈਂਡ ਦੇ ਡਿਫੈਂਸ ਤੇ ਗੋਲਕੀਪਰ ਨੇ ਚੰਗਾ ਬਚਾਅ ਕੀਤਾ। ਸਪੇਨ ਨੂੰ 25ਵੇਂ ਮਿੰਟ 'ਚ ਪਹਿਲਾ ਪੈਨਾਲਟੀ ਕਾਰਨਰ ਮਿਲਿਆ, ਪਰ ਉਹ ਇਸ ਨੂੰ ਗੋਲ 'ਚ ਬਦਲਣ 'ਚ ਨਾਕਾਮ ਰਹੀ। ਸਪੇਨ ਲਈ 27ਵੇਂ ਮਿੰਟ 'ਚ ਇਗਲੇਸਿਅਸ ਅਲਵਾਰੋ ਨੇ ਸ਼ਾਨਦਾਰ ਗੋਲ ਕਰਕੇ ਆਪਣੀ ਟੀਮ ਨੂੰ 2-0 ਨਾਲ ਵਾਧਾ ਦਿਵਾਇਆ। ਅਲਵਾਰੋ ਕੋਲ ਸੱਜੇ ਪਾਸੇ ਤੋਂ ਕਰਾਸ ਆਇਆ ਤੇ ਉਨ੍ਹਾਂ ਗੇਂਦ ਨੂੰ ਸਿੱਧੇ ਨੈੱਟ ਦੇ ਉੱਪਰੀ ਹਿੱਸੇ 'ਚ ਪਹੁੰਚਾ ਕੇ ਬਿਹਤਰੀਨ ਗੋਲ ਕੀਤਾ।

ਤੀਜੇ ਕੁਆਰਟਰ 'ਚ ਦੋਵੇਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਹੋ ਸਕਿਆ। ਅੰਤਿਮ ਕੁਆਰਟਰ 'ਚ ਆਪਣੀ ਹਾਰ ਨੂੰ ਨੇੜੇ ਵੇਖਦੇ ਹੋਏ ਨਿਊਜ਼ੀਲੈਂਡ ਨੇ ਰਣਨੀਤੀ 'ਚ ਬਦਲਾਅ ਕਰਦੇ ਹੋਏ ਗੋਲਕੀਪਰ ਨੂੰ ਹਟਾ ਦਿੱਤਾ। ਉਸ ਦੀ ਇਹ ਰਣਨੀਤੀ ਕੰਮ ਕਰ ਗਈ। ਉਸ ਨੇ ਆਖ਼ਰੀ ਪਲਾਂ 'ਚ ਗੇਂਦ 'ਤੇ ਕਬਜ਼ਾ ਕੀਤਾ। ਅਜਿਹੇ 'ਚ 50ਵੇਂ ਮਿੰਟ 'ਚ ਨਿਊਜ਼ੀਲੈਂਡ ਦੇ ਹੇਡਨ ਫਿਲੀਪਸ ਨੇ ਖੱਬੇ ਪਾਸਿਓ ਬਿਹਤਰੀਨ ਕਰਾਸ ਮਾਰਦੇ ਹੋਏ ਗੋਲ ਕੀਤਾ। 56ਵੇਂ ਮਿੰਟ 'ਚ ਨਿਊਜ਼ੀਲੈਂਡ ਨੂੰ ਪੈਨਾਲਟੀ ਕਾਰਨਰ ਮਿਲਿਆ, ਜਿਸ 'ਤੇ ਕੇਨ ਰਸੇਲ ਨੇ ਗੋਲ ਕਰਦੇ ਹੋਏ ਆਪਣੀ ਟੀਮ ਨੂੰ 2-2 ਦੀ ਬਰਾਬਰੀ ਦਿਵਾ ਦਿੱਤੀ। ਰਸੇਲ ਨੇ ਗੋਲਕੀਪਰ ਦੇ ਖੱਬੇ ਪਾਸਿਓ ਜ਼ਮੀਨ ਨੂੰ ਛੋਹਦੇ ਹੋਏ ਗੇਂਦ ਸੁੱਟੀ, ਜਿਸ 'ਤੇ ਸਪੇਨਿਸ਼ ਗੋਲਕੀਪਰ ਪੂਰੀ ਤਰ੍ਹਾਂ ਨਾਲ ਭੁਲੇਖਾ ਖਾ ਗਏ। ਆਖ਼ਰੀ ਪਲਾਂ 'ਚ ਨਿਊਜ਼ੀਲੈਂਡ ਕੋਲ ਮੈਚ ਜਿੱਤਣ ਦਾ ਚੰਗਾ ਮੌਕਾ ਆਇਆ, ਪਰ ਅਰੁਣ ਪੰਚਿਆ ਕੋਲੋਂ ਜੇਨਿੰਗਸ ਗੋਲ ਕਰਨ ਤੋਂ ਖੁੰਝ ਗਏ।