ਬੀਜਿੰਗ : ਚੀਨ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਭਾਰਤ ਯਾਤਰਾ ਨੇ ਦੋ ਦੇਸ਼ਾਂ ਵਿਚਾਲੇ ਕੁਝ ਹੱਦ ਤਕ ਬੇਭਰੋਸਗੀ ਨੂੰ ਦੂਰ ਕੀਤਾ ਹੈ। ਗੱਲਬਾਤ ਦੌਰਾਨ ਦੋਸਤਾਨਾ ਮਾਹੌਲ ਨਾਲ ਸਰਹੱਦ ਮਸਲੇ ਦਾ ਰਾਜਨੀਤਕ ਹੱਲ ਕੱਢਣ ਲਈ ਮਹੱਤਵਪੂਰਨ ਸਹਿਮਤੀ ਬਣੀ। ਮੀਡੀਆ ਬ੍ਰੀਫਿੰਗ 'ਚ ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੁਆ ਚੁਨਿਯੰਗ ਨੇ ਕਿਹਾ, 'ਅਸੀਂ ਕਹਿ ਸਕਦੇ ਹਾਂ ਕਿ ਰਾਸ਼ਟਰਪਤੀ ਸ਼ੀ ਦੇ ਭਾਰਤ ਦੌਰੇ ਨੇ ਦੋਵੇਂ ਦੇਸ਼ਾਂ ਦੀ ਕੁਝ ਬੇਭਰੋਸਗੀ ਨੂੰ ਦੂਰ ਕੀਤਾ ਹੈ। ਦੋ ਪਾਸੜ ਸਬੰਧਾਂ ਨੂੰ ਇਕ ਨਵੇਂ ਯੁੱਗ 'ਚ ਲੈ ਜਾਣ ਲਈ ਪ੍ਰੇਰਿਤ ਕੀਤਾ ਹੈ।' ਉਨ੍ਹਾਂ ਇਹ ਟਿੱਪਣੀ ਲੱਦਾਖ ਦੇ ਚੁਮਾਰ ਖੇਤਰ 'ਚ ਜਾਰੀ ਸਰਹੱਦ ਨੂੰ ਲੈ ਕੇ ਅੜਿੱਕੇ 'ਤੇ ਪੁੱਛੇ ਗਏ ਇਕ ਸਵਾਲ 'ਤੇ ਕੀਤੀ। ਉਸ ਤੋਂ ਪੁੱਿਛਆ ਗਿਆ ਸੀ ਕਿ ਕੀ ਹਾਲ ਹੀ 'ਚ ਸਮਾਪਤ ਸ਼ੀ ਦੇ ਦੌਰੇ 'ਤੇ ਦੋਵੇਂ ਪੱਖਾਂ ਦੀਆਂ ਫ਼ੌਜਾਂ ਵਿਚਾਲੇ ਜਾਰੀ ਅੜਿੱਕੇ 'ਤੇ ਨਾ ਪੱਖੀ ਅਸਰ ਪੈਣ ਦਾ ਸ਼ੱਕ ਹੈ। ਹੁਆ ਨੇ ਕਿਹਾ, 'ਇਹ ਪੂਰੀ ਤਰ੍ਹਾਂ ਗ਼ੈਰ-ਜ਼ਰੂਰੀ ਸੰਦੇਸ਼ ਹੈ। ਕਿਉਂਕਿ ਦੋਵੇਂ ਨੇਤਾਵਾਂ 'ਚ ਦੋਸਤਾਨਾ ਸਹਿਮਤੀ ਨਾਲ ਸਰਹੱਦ ਦੇ ਮਸਲੇ ਦਾ ਰਾਜਨੀਤਕ ਹੱਲ ਕੱਢਣ 'ਤੇ ਮਹੱਤਵਪੂਰਨ ਸਹਿਮਤੀ ਬਣੀ ਹੈ।' ਉਨ੍ਹਾਂ ਕਿਹਾ, ਸਾਡੇ ਕੋਲ ਸਰਹੱਦ ਦੇ ਮਸਲੇ ਲਈ ਇਕ ਪ੍ਰਭਾਵਸ਼ਾਲੀ ਤੰਤਰ ਵੀ ਹੈ। ਪ੍ਰਭਾਵੀ ਗੱਲਬਾਤ ਦੇ ਮਾਧਿਅਮ ਨਾਲ ਅਸੀਂ ਕੁਝ ਵਿਵਾਦਾਂ ਦਾ ਹੱਲ ਅਤੇ ਕੰਟਰੋਲ ਕਰ ਸਕਦੇ ਹਾਂ।' ਹੁਆ ਨੇ ਦੱਸਿਆ, 'ਇਸ ਲਈ ਸਾਨੂੰ ਭਰੋਸਾ ਹੈ ਕਿ ਸਰਹੱਦ ਖੇਤਰਾਂ 'ਚ ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਚੀਨ ਅਤੇ ਭਾਰਤ ਕੋਲ ਲੋੜੀਂਦੀ ਸਮਰੱਥਾ ਅਤੇ ਹੌਸਲਾ ਹੈ।'