੫chd੭੫੬ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਵਿਕੀਪੀਡੀਆ ਫਾਊਂਡੇਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਮੇਹਰ ਨੂੂੰ ਫੁਲਕਾਰੀ ਨਾਲ ਸਨਮਾਨਿਤ ਕਰਦੇ ਹੋਏ।

ਪੰਜਾਬੀ ਵਿਕੀਪੀਡੀਆ ਦੇ ਪਸਾਰ ਲਈ ਸੀਜੀਸੀ ਲਾਂਡਰਾਂ ਅਤੇ ਵਿਕੀਮੀਡੀਆ ਫਾਊਂਡੇਸ਼ਨ 'ਚ ਹੋਏ ਆਪਸੀ ਸਮਝੌਤੇ ਦੇ ਕਾਗ਼ਜ਼ਾਤ ਵਟਾਉਂਦੇ ਹੋਏ ਵਿਕੀਪੀਡੀਆ ਫਾਊਂਡੇਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਮੇਹਰ ਅਤੇ ਚੇਅਰਮੈਨ ਸਤਨਾਮ ਸਿੰਘ ਸੰਧੂ। ਉਨ੍ਹਾਂ ਦੇ ਨਾਲ ਪ੍ਰੈਜ਼ੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਅਤੇ ਹੋਰ ਅਧਿਕਾਰੀ।

--------------

ਹਰਦੀਪ ਵਿਰਕ ਹੁੰਦਲ, ਮੋਹਾਲੀ: ਵਿਸ਼ਵ ਪੱਧਰ 'ਤੇ ਵਿਲੱਖਣ ਪਹਿਚਾਣ ਬਣਾ ਚੱਕੀ ਅਮਰੀਕਨ ਕੰਪਨੀ ਵਿਕੀਮੀਡੀਆ ਫਾਊਂਡੇਸ਼ਨ ਨੇ ਭਾਰਤ ਦੀਆਂ 20 ਖੇਤਰੀ ਭਾਸ਼ਾਵਾਂ ਰਾਹੀਂ ਡਿਜੀਟਲ ਤਕਨਾਲੌਜੀ ਅਤੇ ਗਿਆਨ ਦੇ ਪਸਾਰ ਦਾ ਬੀੜਾ ਚੁੱਕਿਆ ਹੈ। ਇਸ ਲਈ ਵਿਕੀਪੀਡੀਆ ਵੱਲੋਂ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਰਾਹੀਂ ਮੁਫਤ ਆਨਲਾਈਨ ਗਿਆਨ ਦੇ ਪਾਸਾਰ ਅਤੇ ਵਿਕਾਸ ਲਈ ਇੱਥੋਂ ਦੀਆਂ ਵੱਕਾਰੀ ਵਿੱਦਿਅਕ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਇਹ ਵਿਚਾਰ ਅੱਜ ਇੱਥੇ ਸੀਜੀਸੀ ਲਾਂਡਰਾਂ 'ਚ ਸ਼ੁਰੂ ਹੋਈ ਦੂਜੀ ਤਿੰਨ ਰੋਜ਼ਾ ਕੌਮਾਂਤਰੀ ਵਕੀਪੀਡੀਆ ਕਾਨਫਰੰਸ-2016 ਦੇ ਉਦਘਾਟਨੀ ਸਮਾਗਮ ਦੌਰਾਨ ਅਮਰੀਕਾ ਤੋਂ ਉਚੇਚੇ ਤੌਰ 'ਤੇ ਪੁੱਜੀ ਵਿਕੀਪੀਡੀਆ ਫਾਊਂਡੇਂਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਮੇਹਰ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਪ੍ਰਗਟ ਕੀਤੇ।

ਉਨ੍ਹਾਂ ਦੁਨੀਆਂ ਭਰ 'ਚੋਂ ਇਸ ਅਹਿਮ ਕਾਨਫਰੰਸ 'ਚ ਸ਼ਿਰਕਤ ਕਰਨ ਲਈ ਪੁੱਜੇ 250 ਤੋਂ ਵੱਧ ਡੈਲੀਗੇਟਾਂ ਅਤੇ 20 ਵੱਖ-ਵੱਖ ਭਾਰਤੀ ਭਾਸ਼ਾਵਾਂ ਨਾਲ ਜੁੜੇ ਵਰਗਾਂ ਦੇ ਸੰਪਾਦਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬੀ ਵਿਕੀਪੀਡੀਆ ਕਮਿਊਨਟੀ ਵਿਕੀਪੀਡੀਆ 'ਤੇ ਆਪਣੀ ਭਾਸ਼ਾ 'ਚ ਜਾਣਕਾਰੀਆਂ ਮੁਹੱਈਆ ਕਰਵਾਉਣ ਪੱਖੋਂ ਹਿੰਦੀ ਅਤੇ ਹੋਰਨਾਂ ਖੇਤਰੀ ਭਾਸ਼ਾਵਾਂ ਦੇ ਮੁਕਾਬਲੇ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਵਿਕੀਪੀਡੀਆ 'ਤੇ ਮੌਜੂਦ ਪੰਜਾਬੀ ਲੇਖਾਂ ਦੀ ਗਿਣਤੀ 23 ਹਜ਼ਾਰ ਦੇ ਅੰਕੜੇ ਨੂੰ ਪਾਰ ਚੁੱਕੀ ਹੈ।

ਪੰਜਾਬੀ ਦੇ ਪ੍ਰਸਿੱਧ ਕਵੀ ਪਦਮਸ੫ੀ ਡਾ. ਸੁਰਜੀਤ ਪਾਤਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਨਵੀਂ ਤਕਨਾਲੌਜੀ ਨੇ ਭਾਸ਼ਾਵਾਂ ਨੂੰ ਵਿਕਸਤ ਹੋਣ ਵਾਸਤੇ ਨਵਾਂ ਮੰਚ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਕੀਪੀਡੀਆ ਜਿਹੀਆਂ ਦੁਨੀਆਂ ਦੀਆਂ ਵੱਕਾਰੀ ਕੰਪਨੀਆਂ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਦੇ ਕੌਮਾਂਤਰੀ ਪੱਧਰ 'ਤੇ ਵਿਕਸਤ ਹੋਣ ਦੀਆਂ ਸੰਭਾਵਨਾਵਾਂ ਵਧੀਆਂ ਹਨ।

ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਪੰਜਾਬੀ ਭਾਸ਼ਾ ਰਾਹੀਂ ਡਿਜੀਟਲ ਤਕਨਾਲੌਜੀ ਦੇ ਵਿਕਾਸ ਲਈ ਵਿਕੀਪੀਡੀਆ ਨਾਲ ਇੱਥੇ ਅਹਿਮ ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣ 'ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਕਿਸੇ ਭਾਸ਼ਾ ਦੇ ਵਿਸਤਾਰ 'ਚ ਉਸ ਭਾਸ਼ਾ 'ਚ ਹੋਈਆਂ ਮੌਲਿਕ ਖੋਜਾਂ ਦਾ ਰੋਲ ਬਹੁਤ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਖੋਜ ਦੇ ਖੇਤਰ 'ਚ ਦੁਨੀਆਂ ਦੀ ਅਗਵਾਈ ਕਰੀਏ ਤਾਂ ਦੁਨੀਆਂ ਵੀ ਸਾਡੀ ਭਾਸ਼ਾ ਦੇ ਸ਼ਬਦਾਂ ਨੂੰ ਵੀ ਅਪਣਾਏਗੀ।

ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ 5 ਤੋਂ 7 ਅਗਸਤ ਤੱਕ ਉੱਤਰੀ ਭਾਰਤ 'ਚ ਪਹਿਲੀ ਵਾਰ ਦੁਨੀਆਂ ਦੀ ਸਭ ਤੋਂ ਵੱਡੀ ਇਨਸਾਈਕਲੋਪੀਡੀਆ ਮਲਟੀ ਨੈਸ਼ਨਲ ਕੰਪਨੀ 'ਵਿਕੀਪੀਡੀਆ' ਦੇ ਨਾਲ ਮਿਲ ਕੇ ਆਯੋਜਿਤ ਕੀਤੀ ਜਾ ਰਹੀ ਇਸ ਕੌਮਾਂਤਰੀ ਕਾਨਫਰੰਸ ਦੌਰਾਨ ਵਿਕੀਪੀਡੀਆ ਫਾਊਂਡੇਸ਼ਨ ਦੇ ਬੋਰਡ ਮੈਂਬਰ ਨਤਾਲਿਆ ਤਿਮਕਿਵ, ਸੀਨੀਅਰ ਪ੍ਰੋਗਰਾਮ ਅਫਸਰ ਅਸਵ ਬਾਰਤੋਵ, ਵਿਕੀਮੀਡੀਆ ਦੇ ਅੰਤਰਰਾਸ਼ਟਰੀ ਭਾਸ਼ਾਵਾਂ ਦੀ ਟੀਮ ਦੇ ਮੈਨੇਜਰ ਰੂਨਾ ਭੱਟਾਚਾਰੀਆ, ਪ੍ਰਸਿੱਧ ਪੰਜਾਬੀ ਕਵੀ ਡਾ. ਸੁਰਜੀਤ ਪਾਤਰ, ਵਕੀਪੀਡੀਆ ਐਜੂਕੇਸ਼ਨ ਪ੍ਰੋਗਰਾਮ ਦੇ ਸੀਨੀਅਰ ਮੈਨੇਜਰ ਤਿੱਘੇ ਫਲੈਂਗਾਨ ਅਤੇ ਵਿਕੀਮੀਡੀਆ ਇੰਡੀਆ ਦੇ ਪ੍ਰਧਾਨ ਯੋਹੰਨ ਥਾਮਸ ਨੇ ਆਨਲਾਈਨ ਡਿਜੀਟਲ ਤਕਨਾਲੌਜੀ ਦੇ ਮੁਫ਼ਤ ਵਿਸਤਾਰ ਲਈ ਨਵੇਂ ਤੌਰਤਰੀਕਿਆਂ 'ਤੇ ਵਿਚਾਰ ਚਰਚਾ ਕੀਤੀ।