* ਮੌਸਮ ਵਿਭਾਗ ਅਨੁਸਾਰ ਦੋ ਦਿਨ ਤਕ ਉੱਚ ਪਹਾੜੀ ਇਲਾਕਿਆਂ 'ਚ ਹੋਵੇਗੀ ਬਰਫ਼ਬਾਰੀ

* ਬਰਫ਼ਬਾਰੀ ਨਾਲ ਰੋਹਤਾਂਗ ਦੱਰੇ 'ਚ ਮੁੜ ਆਵਾਜਾਈ ਬੰਦ

ਜੇਐੱਨਐੱਨ, ਸ਼ਿਮਲਾ : ਹਿਮਾਚਲ 'ਚ ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਨਾਲ ਇਕ ਵਾਰ ਮੁੜ ਸੂਬੇ ਦੀਆਂ ਉੱਚੀਆਂ ਚੋਟੀਆਂ 'ਤੇ ਬਰਫ਼ਬਾਰੀ ਹੋਵੇਗੀ। ਇਸ ਨਾਲ ਸੂਬੇ ਦੇ ਮੱਧ ਉੱਚਾਈ ਵਾਲੇ ਇਲਾਕਿਆਂ ਤੇ ਮੈਦਾਨੀ ਖੇਤਰਾਂ 'ਚ ਠੰਢ ਵਧ ਗਈ ਹੈ। ਧਰਮਸ਼ਾਲਾ ਦੇ ਧੌਲਧਾਰ ਸਥਿਤ ਚੋਟੀਆਂ, ਰੋਹਤਾਂਗ ਤੇ ਚੰਬਾ ਜ਼ਿਲ੍ਹੇ ਦੇ ਪਾਂਗੀ 'ਚ ਹਲਕੀ ਬਰਫ਼ਬਾਰੀ ਨਾਲ ਸੂਬੇ 'ਚ ਸੀਤ ਲਹਿਰ ਦਾ ਕਹਿਰ ਵਧ ਗਿਆ ਹੈ। ਦੂਜੇ ਪਾਸੇ ਰੋਹਤਾਂਗ 'ਚ ਬਰਫ਼ ਪੈਣ ਨਾਲ ਹੀ ਲਾਹੌਲ ਘਾਟੀ ਦਾ ਕੁੱਲੂ-ਮਨਾਲੀ ਨਾਲੋਂ ਸੰਪਰਕ ਟੁੱਟ ਗਿਆ ਹੈ। ਦੇਸ਼ ਤੇ ਦੁਨੀਆ ਦੇ ਸੈਲਾਨੀਆਂ ਦੀ ਪਹਿਲੀ ਪਸੰਦ ਰਹਿਣ ਵਾਲੇ ਰੋਹਤਾਂਗ ਦੱਰੇ 'ਚ ਇਕ ਫੁੱਟ ਤੋਂ ਜ਼ਿਆਦਾ ਤਾਜ਼ਾ ਬਰਫ਼ਬਾਰੀ ਹੋਈ ਹੈ। ਇਸ ਨਾਲ ਰੋਹਤਾਂਗ ਦੱਰੇ 'ਚ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ। ਵੀਰਵਾਰ ਨੂੰ 24 ਘੰਟਿਆਂ ਦੌਰਾਨ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਰਾਤ ਦੇ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਵੀਰਵਾਰ ਨੂੰ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਊਨਾ 'ਚ 24.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਘੱਟੋ-ਘੱਟ ਤਾਪਮਾਨ ਕੇਲਾਂਗ 'ਚ ਮਨਫ਼ੀ 4.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

----------------

ਵਾਦੀ 'ਚ ਪਾਰਾ ਮਨਫ਼ੀ 8.6 ਡਿਗਰੀ ਤਕ ਡਿੱਗਾ

ਸ੍ਰੀਨਗਰ : ਵਾਦੀ 'ਚ ਵੀ ਸੀਤ ਲਹਿਰ ਦੀ ਮਾਰ ਸਹਿ ਰਹੇ ਲੋਕਾਂ ਨੂੰ ਰਾਹਤ ਨਹੀਂ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਅੰਦਰ ਵਾਦੀ 'ਚ ਮੌਸਮ ਖ਼ੁਸ਼ਕ ਰਹਿਣ ਤੇ ਠੰਢ ਦਾ ਕਹਿਰ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਪਹਿਲਗਾਮ 'ਚ ਵੀਰਵਾਰ ਨੂੰ ਰਾਤ ਦਾ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਧਰ ਲੇਹ ਖੇਤਰ 'ਚ ਘੱਟੋ-ਘੱਟ ਤਾਪਮਾਨ ਮਨਫ਼ੀ 8.6 ਡਿਗਰੀ ਸੈਲਸੀਅਸ ਜਦਕਿ ਕਾਰਗਿਲ 'ਚ ਮਨਫ਼ੀ 7.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

=========

ਦੇਹਰਾਦੂਨ : ਉੱਤਰਾਖੰਡ 'ਚ ਮੌਸਮ ਇਕ ਵਾਰ ਮੁੜ ਰੰਗ ਬਦਲਣ ਲੱਗਾ ਹੈ। ਬਦਰੀਨਾਥ, ਕੇਦਾਰਨਾਥ, ਗੰਗੋਤਰੀ ਤੇ ਯਮੁਨੋਤਰੀ ਦੇ ਨਾਲ ਹੀ ਜੋਸ਼ੀਮੱਠ ਸਮੇਤ ਉੱਚੀਆਂ ਪਹਾੜੀਆਂ 'ਤੇ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਚਮੋਲੀ 'ਚ ਹੇਠਲੇ ਇਲਾਕਿਆਂ 'ਚ ਬਾਰਸ਼ ਨਾਲ ਕੜਾਕੇ ਦੀ ਠੰਢ ਪੈਣ ਲੱਗੀ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਮੌਸਮ ਸਾਫ਼ ਰਹੇਗਾ। ਮੈਦਾਨੀ ਇਲਾਕਿਆਂ 'ਚ ਸਵੇਰੇ ਤੇ ਸ਼ਾਮ ਧੁੰਦ ਪੈਣ ਦੇ ਆਸਾਰ ਹਨ।

---------------------