- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਰਿਪੋਰਟ 'ਚ ਹੋਇਆ ਖ਼ੁਲਾਸਾ

- ਧਰਤੀ ਹੇਠਲੇ ਪਾਣੀ ਦਾ ਪੱਧਰ ਬਚਾਉਣ ਲਈ ਕੀਤਾ ਸੀ ਅਹਿਮ ਫ਼ੈਸਲਾ

ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਦੀਆਂ ਮੰਡੀਆਂ 'ਚ ਦਸੰਬਰ ਦਾ ਪਹਿਲਾ ਹਫ਼ਤਾ ਖ਼ਤਮ ਹੋਣ ਦੇ ਬਾਵਜੂਦ ਝੋਨਾ ਆ ਰਿਹਾ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਜਦੋਂ ਝੋਨੇ ਦਾ ਸੀਜ਼ਨ ਇੰਨਾ ਲੰਬਾ ਚੱਲਿਆ ਹੋਵੇ। ਹਾਲਾਂਕਿ ਇਸ ਸਾਲ ਕਿਸਾਨਾਂ ਨੂੰ ਝੋਨੇ ਵਿਚ ਨਮੀ ਦੀ ਮਾਤਰਾ ਵੱਧ ਹੋਣ ਦੇ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਸਰਕਾਰ ਦੀ ਇਸ ਗੱਲ ਨੂੰ ਲੈ ਕੇ ਬੇਹੱਦ ਆਲੋਚਨਾ ਹੋਈ ਕਿ ਝੋਨੇ ਦੀ ਲੁਆਈ 20 ਜੂਨ ਤੋਂ ਕਰਨ ਦੇ ਫ਼ੈਸਲੇ ਨੇ ਕਿਸਾਨਾਂ ਦੀ ਇਹ ਮੁਸੀਬਤ ਵਧਾਈ। ਇਹ ਵੀ ਕਿਹਾ ਗਿਆ ਕਿ ਇਸ ਨਾਲ ਮੌਸਮ ਵਿਚ ਠੰਢਕ ਵਧ ਗਈ ਜਿਸ ਕਾਰਨ ਨਮੀ ਦੀ ਮਾਤਰਾ ਵੱਧ ਆਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਗੱਲ 'ਤੇ ਅਸਹਿਮਤੀ ਪ੍ਰਗਟਾਈ ਹੈ। ਯੂਨੀਵਰਿਸਟੀ ਦੇ ਐਗਰੀ ਸਾਇੰਟਿਸਟ ਬੂਟਾ ਸਿੰਘ ਿਢੱਲੋਂ, ਪ੍ਰਭਜੋਤ ਕੌਰ ਅਤੇ ਗੁਰਜੀਤ ਸਿੰਘ ਮਾਂਗਟ ਨੇ ਇਸ 'ਤੇ ਖੋਜ ਕੀਤੀ ਅਤੇ ਡਾਟਾ ਇਕੱਠਾ ਕਰ ਕੇ ਦਾਅਵਾ ਕੀਤਾ ਕਿ ਇਸ ਫ਼ੈਸਲੇ ਨੂੰ ਵਾਪਸ ਲੈਣ ਦਾ ਸੁਝਾਅ ਸਹੀ ਨਹੀਂ ਹੈ। ਪਾਣੀ ਬਚਾਉਣ ਲਈ ਇਹ ਸਹੀ ਫ਼ੈਸਲਾ ਹੈ।

ਰਿਪੋਰਟ ਵਿਚ ਨਮੀ ਦਾ ਕਾਰਨ 22 ਤੋਂ 25 ਤੇ 28 ਸਤੰਬਰ ਨੂੰ ਹੋਈ ਬਾਰਸ਼ ਦੱਸਿਆ ਗਿਆ ਹੈ। ਕਿਹਾ ਗਿਆ ਹੈ ਕਿ ਸਤੰਬਰ ਮਹੀਨੇ ਦੇ ਇਨ੍ਹਾਂ ਦਿਨੀਂ ਵਿਚ ਬਾਰਸ਼ ਨਹੀਂ ਹੁੰਦੀ। ਪਿਛਲੇ ਸਾਲ ਦਾ ਅੰਕੜਾ ਦੇਖਦਿਆਂ ਕਿਹਾ ਗਿਆ ਕਿ ਸਤੰਬਰ ਮਹੀਨੇ 'ਚ ਸਿਰਫ 24.4 ਮਿਲੀਮੀਟਰ ਬਾਰਸ਼ ਹੋਈ ਸੀ ਜਦਕਿ ਇਸ ਸਾਲ ਇਹ 250 ਮਿਲੀਮੀਟਰ ਹੋਈ। ਇਹੀ ਨਹੀਂ, ਪੂਰਾ ਮਹੀਨਾ ਬਾਦਲ ਛਾਏ ਰਹਿਣ ਕਾਰਨ ਦੋ ਤੋਂ ਢਾਈ ਫੀਸਦੀ ਪੈਦਾਵਾਰ 'ਤੇ ਅਸਰ ਦੇਖਣ ਨੂੰ ਜ਼ਰੂਰ ਮਿਲਿਆ।

ਜ਼ਿਕਰਯੋਗ ਹੈ ਕਿ 22 ਤੋਂ 25 ਸਤੰਬਰ ਨੂੰ ਹੋਈ ਤੇਜ਼ ਬਰਸਾਤ ਕਾਰਨ ਜਿੱਥੇ ਪੰਜਾਬ ਵਿਚ ਸਵਾ ਲੱਖ ਏਕੜ ਜ਼ਮੀਨ 'ਤੇ ਖੜ੍ਹੀ ਝੋਨੇ ਦੀ ਫਸਲ ਸੌ ਫੀਸਦੀ ਬਰਬਾਦ ਹੋ ਗਈ, ਉੱਥੇ ਬਹੁਤਾ ਅਜਿਹਾ ਖੇਤਰ ਵੀ ਰਿਹਾ ਜਿੱਥੇ ਕਾਫੀ ਨੁਕਸਾਨ ਹੋਇਆ। ਤਿੰਨ ਦਿਨਾਂ ਦੀ ਬਰਸਾਤ ਕਾਰਨ ਤਾਪਮਾਨ ਚਾਰ ਡਿਗਰੀ ਤਕ ਡਿੱਗ ਗਿਆ ਜਿਸ ਕਾਰਨ ਫਸਲ ਵਿਚ ਨਮੀ ਦੀ ਮਾਤਰਾ ਵਧ ਗਈ।