- ਸੋਮਵਾਰ ਨੂੰ ਹਟ ਸਕਦੇ ਨੇ ਡੋਪ ਟੈਸਟ ਦੇ ਬੱਦਲ

- ਨਰਸਿੰਘ ਖੇਮੇ ਨੂੰ ਕਲੀਨ ਚਿੱਟ ਮਿਲਣ ਦੀ ਉਮੀਦ

ਅਭਿਸ਼ੇਕ ਤਿ੫ਪਾਠੀ, ਨਵੀਂ ਦਿੱਲੀ

ਡੋਪ ਟੈਸਟ ਵਿਚ ਫਸੇ ਫ੍ਰੀ ਸਟਾਈਲ ਪਹਿਲਵਾਨ ਨਰਸਿੰਘ ਪੰਚਮ ਯਾਦਵ ਨੂੰ ਕਲੀਨ ਚਿੱਟ ਮਿਲ ਸਕਦੀ ਹੈ। ਹਾਲਾਂਕਿ ਉਨ੍ਹਾਂ 'ਤੇ ਫ਼ੈਸਲੇ ਨੂੰ ਸੋਮਵਾਰ ਤਕ ਟਾਲ਼ ਦਿੱਤਾ ਗਿਆ ਹੈ। ਉੱਚ ਪੱਧਰੀ ਸੂਤਰਾਂ ਮੁਤਾਬਕ ਨਰਸਿੰਘ 'ਤੇ ਵਿਸ਼ੇਸ਼ ਕਿਰਪਾ ਕੀਤੀ ਜਾ ਸਕਦੀ ਹੈ ਤੇ ਉਨ੍ਹਾਂ ਨੂੰ ਕਲੀਨ ਚਿੱਟ ਵੀ ਮਿਲ ਸਕਦੀ ਹੈ। ਇਹੀ ਨਹੀਂ ਜੇਕਰ ਅਜਿਹਾ ਹੋਇਆ ਤਾਂ ਉਨ੍ਹਾਂ ਨੂੰ ਪੰਜ ਅਗਸਤ ਤੋਂ ਸ਼ੁਰੂ ਹੋਣ ਵਾਲੇ ਰੀਓ ਓਲੰਪਿਕ ਵਿਚ ਵੀ ਭੇਜਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ ਰਾਸ਼ਟਰੀ ਡੋਪਿੰਗ ਰੋਧਕ ਏਜੰਸੀ (ਨਾਡਾ) ਦੀ ਅਨੁਸ਼ਾਸਨਾਤਮਿਕ ਕਮੇਟੀ ਇਹ ਕਿਹੜੇ ਆਧਾਰ 'ਤੇ ਕਰੇਗੀ, ਇਹ ਸਾਫ਼ ਹੋਣਾ ਬਾਕੀ ਹੈ। ਇਹੀ ਨਹੀਂ ਇਸ ਫ਼ੈਸਲੇ ਤੋਂ ਬਾਅਦ ਨਾਡਾ ਨੂੰ ਵਿਸ਼ਵ ਡੋਪਿੰਗ ਰੋਧਕ ਏਜੰਸੀ (ਵਾਡਾ) ਦੇ ਗੁੱਸੇ ਦਾ ਵੀ ਸ਼ਿਕਾਰ ਹੋਣਾ ਪੈ ਸਕਦਾ ਹੈ।

ਨਾਡਾ ਦੀ ਕਮੇਟੀ ਨੇ ਸ਼ਨਿਚਰਵਾਰ ਨੂੰ ਭਾਰਤੀ ਕੁਸ਼ਤੀ ਸੰਘ (ਡਬਲਯੂਐੱਫਆਈ) ਦੇ ਪ੍ਰਧਾਨ ਬ੍ਰਜਭੂਸ਼ਣ ਸਿੰਘ ਅਤੇ ਨਰਸਿੰਘ ਨੂੰ ਬੁਲਾਇਆ ਸੀ ਅਤੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਸ਼ਨਿਚਰਵਾਰ ਨੂੰ ਫ਼ੈਸਲਾ ਸੁਣਾਇਆ ਜਾਵੇਗਾ ਪ੍ਰੰਤੂ ਅੱਠ ਘੰਟੇ ਤਕ ਚੱਲੀ ਮੈਰਾਥਨ ਮੀਟਿੰਗ ਤੋਂ ਬਾਅਦ ਇਸ ਨੂੰ ਸੋਮਵਾਰ ਤਕ ਟਾਲ਼ ਦਿੱਤਾ ਗਿਆ। ਡਬਲਯੂਐੱਫਆਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਨਾਡਾ ਵੱਲੋਂ ਕਿਹਾ ਗਿਆ ਸੀ ਕਿ ਸ਼ਾਮ ਨੂੰ ਸਾਢੇ ਛੇ ਵਜੇ ਨਰਸਿੰਘ ਦਾ ਫ਼ੈਸਲਾ ਸੁਣਾਇਆ ਜਾਵੇਗਾ। ਇਸ ਲਈ ਸਕੱਤਰ ਵਿਨੋਦ ਤੋਮਰ ਨੂੰ ਭੇਜਿਆ ਗਿਆ ਸੀ ਪ੍ਰੰਤੂ ਜਦੋਂ ਉੱਥੇ ਪਹੁੰਚੇ ਤਾਂ ਕਿਹਾ ਗਿਆ ਕਿ ਹਾਲੇ ਫ਼ੈਸਲਾ ਟਾਇਪ ਹੋ ਰਿਹਾ ਹੈ। ਉਸ ਵਿਚ ਦੋ ਤੋਂ ਢਾਈ ਘੰਟੇ ਲੱਗਣਗੇ, ਪ੍ਰੰਤੂ ਫਿਰ ਕਹਿ ਦਿੱਤਾ ਗਿਆ ਕਿ ਇਸ 'ਤੇ ਫ਼ੈਸਲਾ ਸੋਮਵਾਰ ਨੂੰ ਆਵੇਗਾ।

ਉੱਥੇ ਇਕ ਉੱਚ ਪੱਧਰੀ ਸੂਤਰ ਨੇ ਦੱਸਿਆ ਕਿ ਨਾਡਾ ਦੀ ਅਨੁਸ਼ਾਸਨਾਤਮਕ ਕਮੇਟੀ ਬੇਹੱਦ ਦਬਾਅ ਵਿਚ ਹੈ ਅਤੇ ਫ਼ੈਸਲਾ ਨਰਸਿੰਘ ਦੇ ਪੱਖ ਵਿਚ ਵੀ ਆ ਸਕਦਾ ਹੈ। ਨਰਸਿੰਘ ਦਾ ਖੇਮਾ ਵੀ ਇਹੀ ਦਾਅਵਾ ਕਰ ਰਿਹਾ ਹੈ। ਸੂਤਰਾਂ ਅਨੁਸਾਰ ਭਾਰਤੀ ਖੇਡ ਅਥਾਰਡੀ (ਸਾਈ) ਦੇ ਸੋਨੀਪਤ ਸੈਂਟਰ ਦੇ ਤਿੰਨ ਲੋਕਾਂ ਨੇ ਨਰਸਿੰਘ ਦੇ ਖਾਣੇ ਵਿਚ ਸ਼ੱਕੀ ਪਦਾਰਥ ਮਿਲਾਉਣ ਵਾਲੇ ਨੂੰ ਪਛਾਣ ਲਿਆ ਹੈ ਅਤੇ ਇਸ ਦੀ ਗਵਾਹੀ ਵੀ ਦੇ ਦਿੱਤੀ ਹੈ।