ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵੱਖ-ਵੱਖ ਪੁਲਿਸ ਕੇਸਾਂ ਨਾਲ ਸਬੰਧਤ ਥਾਣਿਆਂ 'ਚ 30 ਹਜ਼ਾਰ ਤੋਂ ਵੱਧ ਵਾਹਨ ਖੜ੍ਹੇ ਹਨ। ਇਸ ਦਾ ਖ਼ੁਲਾਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਪੁੱਛੇ ਸਵਾਲ ਦੇ ਜਵਾਬ 'ਚ ਕੀਤਾ। ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਪੁਲਿਸ ਥਾਣਿਆਂ 'ਚ ਕੇਸ ਪ੍ਰਾਪਰਟੀ ਵਜੋਂ 30 ਹਜ਼ਾਰ ਤੋਂ ਵੱਧ ਵਾਹਨ ਖੜ੍ਹੇ ਹਨ ਜਿਨ੍ਹਾਂ 'ਚ 21134 ਦੋ ਪਹੀਆ ਵਾਹਨ, 676 ਤਿੰਨ ਪਹੀਆ ਵਾਹਨ ਅਤੇ 10791 ਚਾਰ ਪਹੀਆ ਵਾਹਨ ਸ਼ਾਮਲ ਹਨ। ਮੁੱਖ ਮੰਤਰੀ ਨੇ ਆਖਿਆ ਕਿ ਅਦਾਲਤੀ ਮਾਮਲਿਆਂ ਲਈ ਲੋੜੀਂਦੇ ਵਾਹਨਾਂ ਨੂੰ ਛੱਡ ਕੇ ਮਾਲਖਾਨਿਆਂ 'ਚ ਪਏ ਬਾਕੀ ਸਾਰੇ ਵਾਹਨਾਂ ਦੇ ਨਿਬੇੜੇ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਸਾਰੇ ਜ਼ੋਨਲ ਇੰਸਪੈਕਟਰ ਜਨਰਲਾਂ ਤੇ ਪੁਲਿਸ ਕਮਿਸ਼ਨਰਾਂ ਨੂੰ ਮਹੀਨਾਵਾਰ ਪ੫ਗਤੀ ਰਿਪੋਰਟ ਭੇਜਣ ਦੀਆਂ ਹਦਾਇਤਾਂ ਵੀ ਕੀਤੀਆਂ ਜਾ ਚੁੱਕੀਆਂ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਪੁਲਿਸ ਦੇ ਸਾਰੇ ਜ਼ੋਨਲ ਇੰਸਪੈਕਟਰਾਂ, ਪੁਲਿਸ ਕਮਿਸ਼ਨਰਾਂ, ਸਹਾਇਕ ਇੰਸਪੈਕਟਰ ਜਨਰਲ ਆਫ ਪੁਲਿਸ, ਜੀਆਰਪੀ, ਪੰਜਾਬ, ਪਟਿਆਲਾ ਨੂੰ ਇਸ ਸਬੰਧ 'ਚ ਕਾਨੂੰਨੀ ਪ੍ਰਣਾਲੀ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।