ਵਾਸ਼ਿੰਗਟਨ (ਪੀਟੀਆਈ) : ਭਾਰਤ ਨਾਲ ਅਮਰੀਕਾ ਨੇੜਲੇ ਅਤੇ ਮਜ਼ਬੂਤ ਫੌਜੀ ਸਬੰਧ ਚਾਹੁੰਦਾ ਹੈ। ਜਲਦ ਹੀ ਭਾਰਤ ਯਾਤਰਾ 'ਤੇ ਆਉਣ ਦਾ ਸੰਕੇਤ ਦਿੰਦੇ ਹੋਏ ਅਮਰੀਕੀ ਰੱਖਿਆ ਮੰਤਰੀ ਏਸ਼ਟਨ ਕਾਰਟਰ ਨੇ ਮੰਗਲਵਾਰ ਨੂੰ ਇਹ ਗੱਲ ਕਹੀ। ਉਹ ਅਮਰੀਕੀ ਥਿੰਕ ਟੈਂਕ ਸੈਂਟਰ ਫਾਰ ਸਟ੫ੇਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਵਿਚ ਆਪਣੇ ਵਿਚਾਰ ਰੱਖ ਰਹੇ ਸਨ। ਉਨ੍ਹਾਂ ਭਾਰਤ-ਅਮਰੀਕਾ ਵਿਚ ਮਜ਼ਬੂਤ ਸਬੰਧਾਂ ਨੂੰ ਸਿਆਸੀ ਤੇ ਰਣਨੀਤਕ ਰੂਪ ਵਿਚ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਇਸ ਦੇ ਲਈ ਅਮਰੀਕਾ ਦੋ ਵਿਸ਼ੇਸ਼ ਕੰਮ ਕਰ ਰਿਹਾ ਹੈ। ਪਹਿਲਾ ਅਮਰੀਕਾ ਦੀ ਵੇਸਟਵਰਡ (ਪੱਛਮ ਵੱਲ) ਅਤੇ ਭਾਰਤ ਦੀ ਐਕਟ ਈਸਟ ਨੀਤੀ ਵਿਚ ਸੰਤੁਲਨ ਬਣਾਉਣਾ। ਦੂਸਰਾ ਰੱਖਿਆ ਤਕਨੀਕ ਤੇ ਵਪਾਰਕ ਪਹਿਲ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਤਕਨੀਕੀ ਸਮਰੱਥਾ ਸੁਧਾਰਨਾ ਚਾਹੁੰਦਾ ਹੈ। ਨਿਰਮਾਣ ਅਤੇ ਵਿਕਾਸ ਵਿਚ ਭਾਈਵਾਲੀ ਦੇ ਆਧਾਰ 'ਤੇ ਸਬੰਧ ਚਾਹੁੰਦਾ ਹੈ। ਅਸੀਂ ਉਨ੍ਹਾਂ ਦੇ ਨਾਲ ਇਸੇ 'ਤੇ ਕੰਮ ਕਰ ਰਹੇ ਹਾਂ ਅਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਪਹਿਲ ਨਾਲ ਕਾਫੀ ਹੱਦ ਤਕ ਮੇਲ ਖਾਂਦਾ ਹੈ। ਆਪਣੀ ਭਾਰਤ ਯਾਤਰਾ ਦੌਰਾਨ ਕਈ ਵੱਡੇ ਐਲਾਨਾਂ ਦੇ ਸੰਕੇਤ ਵੀ ਉਨ੍ਹਾਂ ਦਿੱਤੇ।