ਕੋਇੰਬਟੂਰ (ਪੀਟੀਆਈ) : ਕੋਇੰੂਬਟੂਰ 'ਚ ਸ਼ਨਿਚਰਵਾਰ ਨੂੰ ਸੀਪੀਐੱਮ ਦਫ਼ਤਰ 'ਤੇ ਅਣਪਛਾਤੇ ਲੋਕਾਂ ਨੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ।

ਸੀਪੀਐੱਮ ਨੇ ਹਿੰਦੂਵਾਦੀ ਕਾਰਕੁੰਨਾਂ 'ਤੇ ਹਮਲੇ ਦਾ ਦੋਸ਼ ਲਗਾਇਆ ਹੈ। ਸੀਪੀਐੱਮ ਦਾ ਕਹਿਣਾ ਹੈ ਕਿ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ 'ਤੇ ਦਿੱਲੀ 'ਚ ਹੋਏ ਹਮਲੇ ਦੀ ਹੀ ਅਗਲੀ ਕੜੀ ਦੇ ਤੌਰ 'ਤੇ ਇਹ ਹਮਲਾ ਹੋਇਆ ਹੈ। ਸੀਪੀਐੱਮ ਦੇ ਰਾਜ ਸਕੱਤਰ ਜੀ. ਰਾਮਾਕਿਸ਼ਣਨ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਮਲੇ 'ਚ ਇਕ ਕਾਰ ਅਤੇ ਦਫ਼ਤਰ ਦੀਆਂ ਖਿੜਕੀਆਂ ਨੂੰ ਨੁਕਸਾਨ ਪੁੱਜਾ ਹੈ। ਉਨ੍ਹਾਂ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ ਕਿ ਕੁਝ ਲੋਕ ਕੋਇੰਬਟੂਰ 'ਚ ਸੰਪਰਦਾਇਕ ਭਾਈਚਾਰਾ ਅਤੇ ਏਕਤਾ ਨੂੰ ਭੰਗ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਰਾਜ ਸਰਕਾਰ ਤੋਂ ਦੋਸ਼ੀਆਂ ਦੀ ਤੁਰੰਤ ਗਿ੍ਰਫ਼ਤਾਰੀ ਦੀ ਅਪੀਲ ਕੀਤੀ। ਪਾਰਟੀ ਦੇ ਜ਼ਿਲ੍ਹਾ ਸਕੱਤਰ ਵੀ. ਰਾਮਮੂਰਤੀ ਨੇ ਕਿਹਾ ਕਿ ਪਾਰਟੀ ਲਗਾਤਾਰ ਸੰਪਰਦਾਇਕ ਤਾਕਤਾਂ ਖ਼ਿਲਾਫ਼ ਲੜ ਰਹੀ ਹੈ। ਇਸੇ ਕਾਰਨ ਹਮਲਿਆਂ ਰਾਹੀਂ ਸੀਪੀਐੱਮ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ।