ਨਵੀਂ ਦਿੱਲੀ : ਡਾ. ਰਾਜੇਸ਼ ਤਲਵਾੜ ਤੇ ਡਾ. ਨੁਪੁਰ ਤਲਵਾੜ ਇਕ ਵਾਰ ਫਿਰ ਅਦਾਲਤ ਦੀ ਸ਼ਰਨ ਵਿਚ ਪਹੁੰਚ ਗਏ ਹਨ। ਤਲਵਾੜ ਜੋੜੀ ਨੇ ਪਟੀਸ਼ਨ ਦਾਖਲ ਕਰਕੇ ਸੀਬੀਆਈ ਦੇ ਬਾਕੀ ਬਚੇ 14 ਗਵਾਹਾਂ ਦੇ ਬਿਆਨ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਗਾਜ਼ੀਆਬਾਦ ਦੀ ਅਦਾਲਤ 'ਚ ਜਾਰੀ ਉਨ੍ਹਾਂ ਦੇ ਧਾਰਾ 313 ਦੇ ਬਿਆਨਾਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਇਸ ਪਟੀਸ਼ਨ 'ਤੇ 28 ਮਈ ਨੂੰ ਸੁਣਵਾਈ ਕਰੇਗਾ। ਆਰੂਸ਼ੀ ਦਾ ਮਈ 2008 ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਤਲਵਾੜ ਜੋੜੇ 'ਤੇ ਆਪਣੀ ਧੀ ਆਰੂਸ਼ੀ ਤੇ ਨੌਕਰ ਹੇਮਰਾਜ ਦੇ ਕਤਲ ਦਾ ਮੁਕੱਦਮਾ ਚੱਲ ਰਿਹਾ ਹੈ। ਗਾਜ਼ੀਆਬਾਦ ਦੀ ਅਦਾਲਤ ਵਿਚ ਟ੍ਰਾਇਲ ਚੱਲ ਰਿਹਾ ਹੈ। ਜਿੱਥੇ ਸੀਬੀਆਈ ਦੀਆਂ ਗਵਾਹੀਆਂ ਪੂਰੀਆਂ ਹੋ ਚੁੱਕੀਆਂ ਹਨ ਤੇ ਅੱਜ-ਕੱਲ੍ਹ ਧਾਰਾ 313 ਤਹਿਤ ਬਿਆਨ ਦਰਜ ਕੀਤੇ ਜਾ ਰਹੇ ਹਨ। ਗਾਜ਼ੀਆਬਾਦ ਦੀ ਅਦਾਲਤ ਤੇ ਇਲਾਹਾਬਾਦ ਹਾਈ ਕੋਰਟ ਨੇ ਸੀਬੀਆਈ ਦੇ 14 ਗਵਾਹਾਂ ਦੇ ਬਿਆਨ ਦਰਜ ਕਰਵਾਉਣ ਵਾਲੀ ਤਲਵਾੜ ਜੋੜੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਤਲਵਾੜ ਦੇ ਵਕੀਲ ਸ਼ਿਵੇਕ ਤ੫ੇਹਨ ਨੇ ਜਸਟਿਸ ਬੀਐਸ ਚੌਹਾਨ ਤੇ ਜਸਟਿਸ ਦੀਪਕ ਮਿਸ਼ਰਾ ਦੀ ਬੈਂਚ ਸਾਹਮਣੇ ਪਟੀਸ਼ਨ ਦਾ ਜ਼ਿਕਰ ਕਰਦੇ ਹੋਏ ਜਲਦੀ ਸੁਣਵਾਈ ਦੀ ਅਪੀਲ ਕੀਤੀ। ਦਾਖਲ ਪਟੀਸ਼ਨ ਵਿਚ ਜੋੜੀ ਨੇ ਇਲਾਹਾਬਾਦ ਬਾਈ ਕੋਰਟ ਦੇ 21 ਮਈ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਸੀਬੀਆਈ ਦੇ 14 ਗਵਾਹਾਂ ਦੇ ਜਾਂ ਤਾਂ ਇਸਤਗਾਸਾ ਪੱਖ ਦੇ ਤੌਰ 'ਤੇ ਜਾਂ ਫਿਰ ਅਦਾਲਤ ਦੇ ਗਵਾਹ ਦੇ ਤੌਰ 'ਤੇ ਬਿਆਨ ਦਰਜ ਕਰਵਾਏ ਜਾਣ।