ਗਾਜੀਆਬਾਦ : ਆਪਣੀ ਬੇਟੀ ਆਰੁਸ਼ੀ ਅਤੇ ਨੌਕਰ ਹੇਮਰਾਜ ਦੀ ਹੱਤਿਆ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਤਲਵਾੜ ਜੋੜੇ ਨੂੰ ਡਾਸਨਾ ਜੇਲ੍ਹ 'ਚ ਕੰਮ ਮਿਲ ਗਿਆ ਹੈ। ਡਾ. ਰਾਜੇਸ਼ ਤਲਵਾੜ ਜੇਲ੍ਹ ਦੇ ਡਾਕਟਰਾਂ ਦੀ ਮਦਦ ਕਰਨਗੇ ਤਾਂ ਡਾ. ਨੂਪੁਰ ਤਲਵਾੜ ਜੇਲ੍ਹ ਕੰਪਲੈਕਸ ਸਥਿਤ ਸਕੂਲ 'ਚ ਬੱਚਿਆਂ ਅਤੇ ਅੌਰਤਾਂ ਨੂੰ ਪੜਾਏਗੀ। ਦੰਦਾਂ ਦੇ ਡਾਕਟਰ ਦੇ ਰੂਪ 'ਚ ਕਦੇ ਹਜ਼ਾਰਾਂ ਰੁਪਏ ਫੀਸ ਲੈਣ ਵਾਲੇ ਤਲਵਾੜ ਜੋੜੇ ਨੂੰ ਸਿਰਫ 40 ਰੁਪਏ ਹਰ ਰੋਜ਼ ਮਿਹਨਤਾਨਾ ਮਿਲੇਗਾ।

ਹਮੇਸ਼ਾ ਇਕੱਠੇ ਦਿਖਣ ਵਾਲਾ ਤਲਵਾੜ ਜੋੜਾ ਜੇਲ੍ਹ ਦੇ ਪਾਰਕ 'ਚ ਹਫ਼ਤੇ 'ਚ ਸਿਰਫ ਇਕ ਵਾਰੀ ਮਿਲ ਸਕੇਗਾ। ਉਹ ਵੀ ਸਿਰਫ 20 ਮਿੰਟ ਲਈ। ਦੋਨਾਂ ਨੂੰ ਵੱਖ-ਵੱਖ ਬੈਰਕਾਂ 'ਚ ਰੱਖਿਆ ਗਿਆ ਹੈ। ਜੇਲ੍ਹ ਨਿਯਮਾਂ ਮੁਤਾਬਕ, ਹਫ਼ਤੇ 'ਚ ਇਕ ਵਾਰੀ ਛੁੱਟੀ ਦੇ ਦਿਨ ਸ਼ਨਿਚਰਵਾਰ ਨੂੰ ੁਉਨ੍ਹਾਂ ਕੈਦੀਆਂ ਨੂੰ ਆਪਸ 'ਚ ਮਿਲਾਇਆ ਜਾਂਦਾ ਹੈ, ਜਿਨ੍ਹਾਂ ਦੇ ਰਿਸ਼ਤੇਦਾਰ ਉਸੇ ਜੇਲ੍ਹ 'ਚ ਬੰਦ ਹਨ। ਇਸ ਤੋਂ ਇਲਾਵਾ ਦੋਵਾਂ ਨੂੰ ਮਹੀਨੇ 'ਚ ਇੱਛਾ ਮੁਤਾਬਕ ਤਿੰਨ ਹੋਰ ਛੁੱਟੀਆਂ ਵੀ ਮਿਲਣਗੀਆਂ। ਹਾਈ ਪ੍ਰੋਫਾਈਲ ਜ਼ਿੰਦਗੀ ਜੀਣ ਵਾਲੇ ਡਾਕਟਰ ਜੋੜੇ ਨੂੰ ਜੇਲ੍ਹ 'ਚ ਸਾਧਨਾ, ਆਸਥਾ, ਯੋਗ ਅਤੇ ਸਿਹਤ ਸਬੰਧੀ ਚੈਨਲ ਦੇਖਣ ਲਈ ਮਿਲਣਗੇ। ਸ਼ਾਮ ਸੱਤ ਤੋਂ ਸਾਢੇ ਸੱਤ ਵਜੇ ਤਕ ਨਿਊਜ਼ ਚੈਨਲ ਚਲਾਇਆ ਜਾਵੇਗਾ।

ਨਿਯਮਾਂ ਮੁਤਾਬਕ, ਸੱਤ ਸਾਲ ਤੋਂ ਵੱਧ ਸਜ਼ਾ ਵਾਲੇ ਕੈਦੀ ਨੂੰ ਜ਼ਿਲ੍ਹਾ ਜੇਲ੍ਹ ਤੋਂ ਸੈਂਟਰਲ ਜੇਲ ਟਰਾਂਸਫਰ ਕੀਤਾ ਜਾਂਦਾ ਹੈ। ਇਸ ਲਈ ਤਲਵਾੜ ਜੋੜੇ ਨੇ ਜੇਲ੍ਹ ਪ੍ਰਸ਼ਾਸਨ ਨੂੰ ਸੈਂਟਰਲ ਜੇਲ੍ਹ ਨਾ ਭੇਜੇ ਜਾਣ ਦੀ ਬੇਨਤੀ ਕੀਤੀ ਹੈ। ਸਟੇਟ ਬੈਂਕ ਆਫ ਇੰਡੀਆ 'ਚ ਉਨ੍ਹਾਂ ਦਾ ਖ਼ਾਤਾ ਖੁਲਵਾਇਆ ਜਾਵੇਗਾ, ਜਿਸ ਵਿਚ ਉਨ੍ਹਾਂ ਦਾ ਮਿਹਨਤਾਨਾ ਜਮ੍ਹਾ ਹੋਵੇਗਾ। ਜੇਲ੍ਹ ਸੁਪਰਡੈਂਟ ਵੀਰੇਸ਼ ਰਾਜ ਸ਼ਰਮਾ ਨੇ ਕਿਹਾ ਕਿ ਬੁੱਧਵਾਰ ਤੋਂ ਹੀ ਡਾਕਟਰ ਜੋੜਾ ਜੇਲ੍ਹ ਰੂਟੀਨ 'ਚ ਆ ਗਏ ਹਨ। ਉਨ੍ਹਾਂ ਦੀ ਸੁਰੱਖਿਆ 'ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।

ਤਿੰਨੇ ਵੇਲੇ ਖਾਧੀ ਰੋਟੀ : ਮੰਗਲਵਾਰ ਨੂੰ ਡਾ. ਨੂਪੁਰ ਤਲਵਾੜ ਦੀ ਤਬੀਅਤ ਖ਼ਰਾਬ ਹੋਣ ਦੇ ਬਾਅਦ ਰਾਤ ਨੂੰ ਡਾਕਟਰਾਂ ਨੇ ਤਲਵਾੜ ਜੋੜੇ ਨੂੰ ਉਨ੍ਹਾਂ ਦੀਆਂ ਬੈਰਕਾਂ 'ਚ ਜਾ ਕੇ ਸਮਝਾਇਆ ਕਿ ਜੇਕਰ ਉਹ ਪੂਰੀ ਨੀਂਦ ਅਤੇ ਖਾਣਾ ਨਹੀਂ ਲੈਣਗੇ ਤਾਂ ਉਨ੍ਹਾਂ ਦੀ ਤਬੀਅਤ ਹੋਰ ਵਿਗੜ ਜਾਵੇਗੀ। ਜੇਲ੍ਹ ਸੂਤਰਾਂ ਨੇ ਕਿਹਾ ਕਿ ਡਾਕਟਰਾਂ ਨੇ ਜਾਂਚ 'ਚ ਪਾਇਆ ਕਿ ਦੋਵੇਂ ਕਈ ਦਿਨਾਂ ਤੋਂ ਨਹੀਂ ਸੁੱਤੇ। ਉਨ੍ਹਾਂ ਦੀ ਸਲਾਹ ਤੋਂ ਬਾਅਦ ਤਲਵਾੜ ਜੋੜੇ ਨੇ ਬੁੱਧਵਾਰ ਨੂੰ ਤਿੰਨੇ ਵੇਲੇ ਰੋਟੀ ਖਾਧੀ। ਨਾਸ਼ਤੇ 'ਚ ਉਨ੍ਹਾਂ ਨੂੰ ਗੁੜ, ਦਲੀਆ ਅਤੇ ਚਾਹ ਮਿਲੀ। ਦੁਪਹਿਰ ਦੇ ਖਾਣੇ 'ਚ ਮਾਂਹ ਛੋਲਿਆਂ ਦੀ ਦਾਲ, ਆਲੂ-ਬੈਂਗਨ ਦੀ ਸਬਜੀ, ਅੱਠ ਰੋਟੀਆਂ, ਚੌਲ ਮਿਲੇ। ਰਾਤ ਨੂੰ ਮਸਰਾਂ ਦੀ ਦਾਲ, ਮਿਕਸ ਸਬਜ਼ੀ, ਅੱਠ ਰੋਟੀਆਂ ਅਤੇ ਚੌਲ ਦਿੱਤੇ ਗਏ।