ਦੇਰ ਸ਼ਾਮ ਤਕ ਨਹੀਂ ਪਹੁੰਚੀ ਹਾਈ ਕੋਰਟ ਦੇ ਹੁਕਮ ਦੀ ਕਾਪੀ

ਆਰੂਸ਼ੀ-ਹੇਮਰਾਜ ਹੱਤਿਆਕਾਂਡ 'ਚ ਸਜ਼ਾ ਕੱਟ ਰਹੇ ਸਨ ਦੋਨੋਂ

ਸਟਾਫ ਰਿਪੋਰਟਰ, ਗਾਜ਼ੀਆਬਾਦ : ਨੋਇਡਾ 'ਚ ਹੋਏ ਆਰੂਸ਼ੀ-ਹੇਮਰਾਜ ਹੱਤਿਆਕਾਂਡ ਦੇ ਦੋਸ਼ਾਂ ਤੋਂ ਬਰੀ ਹੋਏ ਤਲਵਾੜ ਜੋੜੇ ਦੀ ਰਿਹਾਈ 16 ਅਕਤੂਬਰ ਨੂੰ ਹੀ ਹੋ ਸਕੇਗੀ। ਸ਼ੁੱਕਰਵਾਰ ਦੇਰ ਸ਼ਾਮ ਤਕ ਸੀਬੀਆਈ ਦੇ ਵਿਸ਼ੇਸ਼ ਜੱਜ ਪਵਨ ਕੁਮਾਰ ਤਿਵਾੜੀ ਦੀ ਅਦਾਲਤ 'ਚ ਹਾਈ ਕੋਰਟ ਦੇ ਹੁਕਮ ਦੀ ਤਸਦੀਕਸ਼ੁਦਾ ਕਾਪੀ ਨਹੀਂ ਆ ਸਕੀ ਸੀ। ਮਹੀਨੇ ਦਾ ਦੂਜਾ ਸ਼ਨਿਚਰਵਾਰ ਹੋਣ ਕਾਰਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਕਚਿਹਰੀ 'ਚ ਛੁੱਟੀ ਰਹੇਗੀ। ਇਸ ਲਈ ਹਾਈ ਕੋਰਟ ਤੋਂ ਤਲਵਾੜ ਜੋੜੇ ਨੂੰ ਬਰੀ ਕਰਨ ਦੇ ਹੁਕਮ ਦੀ ਤਸਦੀਕਸ਼ੁਦਾ ਕਾਪੀ ਸੋਮਵਾਰ ਨੂੰ ਮਿਲਣ ਦੇ ਬਾਅਦ ਹੀ ਦੋਨਾਂ ਦੀ ਰਿਹਾਈ ਦਾ ਹੁਕਮ ਜਾਰੀ ਹੋ ਸਕੇਗਾ।

ਦੋਹਰੇ ਹੱਤਿਆਕਾਂਡ 'ਚ ਡਾ. ਰਾਜੇਸ਼ ਤਲਵਾੜ ਅਤੇ ਡਾ. ਨੂਪੁਰ ਤਲਵਾੜ ਨੂੰ ਬਰੀ ਕਰਨ ਦੇ ਹੁਕਮ 'ਚ ਇਲਾਹਾਬਾਦ ਹਾਈ ਕੋਰਟ ਨੇ ਧਾਰਾ 437 (ਏ) ਦੀ ਕਲਾਜ਼ ਲਗਾਈ ਹੈ। ਇਸ ਕਾਰਨ ਤਲਵਾੜ ਜੋੜੇ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਬੇਲ ਬਾਂਡ ਭਰਨਾ ਪਵੇਗਾ। ਦੋਨਾਂ ਨੂੰ ਇਕ-ਇਕ ਲੱਖ ਰੁਪਏ ਦੀਆਂ ਦੋ-ਦੋ ਜ਼ਮਾਨਤਾਂ ਪੇਸ਼ ਕਰਨੀਆਂ ਪੈਣਗੀਆਂ। ਇਸ ਬੇਲ ਬਾਂਡ ਦੀ ਮਿਆਦ ਛੇ ਮਹੀਨੇ ਹੋਵੇਗੀ। ਇਸ ਸਮੇਂ ਦੌਰਾਨ ਉੱਪਰੀ ਅਦਾਲਤ 'ਚ ਇਨ੍ਹਾਂ ਖ਼ਿਲਾਫ਼ ਕੋਈ ਅਪੀਲ ਹੁੰਦੀ ਹੈ ਤਾਂ ਤਲਵਾੜ ਜੋੜੇ ਨੂੰ ਕੋਰਟ ਵਿਚ ਪੇਸ਼ ਹੋਣਾ ਪਵੇਗਾ। ਉੱਥੇ ਜੇਕਰ ਛੇ ਮਹੀਨੇ 'ਚ ਕੋਈ ਅਪੀਲ ਨਹੀਂ ਹੁੰਦੀ ਤਾਂ ਤਲਵਾੜ ਜੋੜਾ ਇਸ ਕੇਸ ਤੋਂ ਪੂਰੀ ਤਰ੍ਹਾਂ ਨਾਲ ਬਰੀ ਹੋ ਜਾਵੇਗਾ। ਕਾਨੂੰਨੀ ਜਾਣਕਾਰਾਂ ਦਾ ਕਹਿਣਾ ਹੈ ਕਿ ਤਲਵਾੜ ਜੋੜੇ ਦੇ ਵਕੀਲਾਂ ਨੂੰ ਹਾਈ ਕੋਰਟ ਦੇ ਹੁਕਮ ਦੀ ਸਰਟੀਫਾਈਡ ਕਾਪੀ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਦੇਣੀ ਪਵੇਗੀ। ਇਸ ਦੇ ਬਾਅਦ ਬੇਲ ਬਾਂਡ ਭਰਵਾਉਣ ਅਤੇ ਜ਼ਮਾਨਤ ਸਬੰਧੀ ਸਾਰੀ ਪ੍ਰਕਿਰਿਆ ਪੂਰੀ ਹੋਣ 'ਤੇ ਹੀ ਅਦਾਲਤ ਤੋਂ ਰਿਹਾਈ ਦਾ ਹੁਕਮ ਜਾਰੀ ਹੋਵੇਗਾ। ਪਹਿਲਾਂ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਸ਼ਾਰਟ ਟਰਮ ਬੇਲ ਦੇ ਸਮੇਂ ਦਿੱਤੇ ਗਏ ਦੋ ਬੇਲ ਬਾਂਡ ਹਾਲੇ ਜਾਇਜ਼ ਹਨ। ਜੇਕਰ ਤਲਵਾੜ ਜੋੜੇ ਦੇ ਵਕੀਲ ਉਸ ਬੇਲ ਬਾਂਡ ਅਤੇ ਉਨ੍ਹਾਂ ਨੂੰ ਜ਼ਮਾਨਤ ਦੇਣ ਲਈ ਅਰਜ਼ੀ ਦਿੰਦੇ ਹਨ ਤਾਂ ਉਨ੍ਹਾਂ ਦਾ ਪਤਾ ਨਾ ਬਦਲਣ ਦੀ ਸਥਿਤੀ 'ਚ ਉਨ੍ਹਾਂ ਨੂੰ ਮੰਨ ਲਿਆ ਜਾਵੇਗਾ।