ਫੋਟੋ-26)-ਗੁਰਜੰਟ ਸਿੰਘ ਦੀ ਫਾਈਲ ਫੋਟੋ।

-------------

=ਖ਼ਤਰੇ ਦੀ ਘੰਟੀ

-ਰਾਜਿੰਦਰਾ ਹਸਪਤਾਲ 'ਚ ਲਿਆ ਆਖ਼ਰੀ ਸਾਹ

-ਪਰਿਵਾਰਕ ਜੀਆਂ ਦੀ ਹੋਈ ਡਾਕਟਰੀ ਜਾਂਚ

--------------

ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਪੰਜਾਬ 'ਚ ਡੇਂਗੂ ਤੋਂ ਬਾਅਦ ਉਸ ਤੋਂ ਵੀ ਖਤਰਨਾਕ ਬਿਮਾਰੀ ਸਵਾਈਨ ਫਲੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਦਿੜ੍ਹਬਾ ਦੇ ਪਿੰਡ ਜਨਾਲ 'ਚ ਇਕ ਮਜ਼ਦੂਰ ਦੀ ਕਈ ਦਿਨਾਂ ਦੇ ਇਲਾਜ ਪਿੱਛੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਮੌਤ ਹੋ ਗਈ ਹੈ। ਬੇਸ਼ੱਕ ਸਰਕਾਰੀ ਡਾਕਟਰ ਅਜੇ ਵੀ ਇਸ ਨੂੰ ਸਵਾਈਨ ਫਲੂ ਦਾ ਸ਼ੱਕੀ ਮਰੀਜ਼ ਦੱਸ ਰਹੇ ਹਨ ਜਦਕਿ ਸਾਰੇ ਇਲਾਕੇ 'ਚ ਇਸ ਗੱਲ ਦੀ ਆਮ ਚਰਚਾ ਹੋ ਰਹੀ ਹੈ। ਸਤਨਾਮ ਸਿੰਘ ਸੱਤੂ ਨੇ ਦੱਸਿਆ ਕਿ ਗੁਰਜੰਟ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਬੁਖ਼ਾਰ ਹੋਣ ਕਰ ਕੇ ਪਹਿਲਾਂ ਸੁਨਾਮ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਹਾਲਤ ਵਿਗੜਦੀ ਵੇਖ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਪਟਿਆਲਾ ਵਿਖੇ ਤਿੰਨ ਦਿਨਾਂ ਤੋਂ ਬਾਅਦ ਗੁਰਜੰਟ ਸਿੰਘ ਦੀ ਮੌਤ ਹੋ ਗਈ। ਡਾਕਟਰਾਂ ਦੀਆਂ ਹਦਾਇਤਾਂ ਅਨੁਸਾਰ ਮਿ੍ਰਤਕ ਦੇ ਸਰੀਰ ਨੂੰ ਘਰ ਵੀ ਨਹੀਂ ਲਿਆਂਦਾ ਗਿਆ ਤੇ ਸਵੇਰੇ-ਸਵੇਰੇ ਸ਼ਮਸ਼ਾਨਘਾਟ ਲਿਆ ਕੇ ਸਸਕਾਰ ਕਰ ਦਿੱਤਾ ਗਿਆ। ਗੁਰਜੰਟ ਇਕ ਕਿਸਾਨ ਦੇ ਘਰ ਨੌਕਰ ਵਜੋਂ ਕੰਮ ਕਰਦਾ ਸੀ। ਬੁੱਧਵਾਰ ਨੂੰ ਦਿੜ੍ਹਬਾ ਦੇ ਸਰਕਾਰੀ ਹਸਪਤਾਲ ਦੀ ਵਿਸ਼ੇਸ਼ ਟੀਮ ਉਨ੍ਹਾਂ ਦੇ ਘਰ ਇਸ ਮਾਮਲੇ ਦਾ ਡਾਕਟਰੀ ਜਾਂਚ ਲਈ ਗਈ ਸੀ ਜਿਸ ਨੇ ਸਾਰੇ ਪਰਿਵਾਰ ਦੇ ਮੈਂਬਰਾਂ ਦੀ ਡਾਕਟਰੀ ਜਾਂਚ ਕੀਤੀ। ਡਾਕਟਰ ਨੀਰਜ ਨੇ ਦੱਸਿਆ ਕਿ ਮਿ੍ਰਤਕ ਸ਼ੱਕੀ ਸਵਾਈਨ ਫਲੂ ਦਾ ਮਰੀਜ਼ ਹੋ ਸਕਦਾ ਹੈ, ਇਸ ਕਰ ਕੇ ਸਾਰੇ ਪਰਿਵਾਰ ਦੀ ਜਾਂਚ ਕੀਤੀ ਗਈ ਹੈ। ਬਾਕੀ ਪਟਿਆਲਾ ਹਸਪਤਾਲ 'ਚ ਲਏ ਗਏ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਰਕਾਰੀ ਤੌਰ 'ਤੇ ਸਵਾਈਨ ਫਲੂ ਬਾਰੇ ਕਿਹਾ ਜਾ ਸਕਦਾ ਹੈ।